ਜ਼ਮੀਨੀ ਵਿਵਾਦ ਦਾ ਖ਼ੂਨੀ ਰੂਪ, ਫਿਰੋਜ਼ਪੁਰ 'ਚ ਭਤੀਜੇ ਨੇ ਚਾਚੇ 'ਤੇ ਕੀਤੀ ਤਾਬੜਤੋੜ ਫਾਇਰਿੰਗ
Tuesday, May 09, 2023 - 06:24 PM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਆਰਫਕੇ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਝੜਪ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਪਿੰਡ ਆਰਫਕੇ ਵਿਖੇ 2 ਕਨਾਲ ਜ਼ਮੀਨ ਨੂੰ ਲੈ ਕੇ ਸਕੇ ਰਿਸ਼ਤੇਦਾਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਭਤੀਜੇ ਨੇ ਆਪਣੇ ਚਾਚੇ ਸੁਰਿੰਦਰ ਸਿੰਘ 'ਤੇ ਫਾਇਰਿੰਗ ਦਿੱਤੀ, ਜਿਸ ਵਿੱਚ ਸੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮੁਕਤਸਰ ਰੈਫਰ ਕਰ ਦਿੱਤਾ, ਜਿੱਥੇ ਉਹ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਦਾ ਦਾਅਵਾ : CM ਮਾਨ ਦੀ ਈਮਾਨਦਾਰੀ ਅਤੇ ਸਰਕਾਰ ਦੇ ਵਿਕਾਸ ਨੂੰ ਵੋਟ ਪਾਉਣਗੇ ਲੋਕ
ਇਸ ਮੌਕੇ ਘਟਨਾ ਸਬੰਧੀ ਗੱਲ ਕਰਦਿਆਂ ਜ਼ਖ਼ਮੀ ਵਿਅਕਤੀ ਦੀ ਨੂੰਹ ਸੁਮਨ ਨੇ ਦੱਸਿਆ ਕਿ 2 ਕਨਾਲ ਜ਼ਮੀਨੀ ਵਿਵਾਦ ਕਾਰਨ ਇਹ ਲੜਾਈ ਹੋਈ ਹੈ। ਉਕਤ ਮੁਲਜ਼ਮ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਸਹੁਰੇ ਨੇ ਉਕਤ ਮੁਲਜ਼ਮ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਕਿ ਸਾਡੀ ਜ਼ਮੀਨ ਸਾਨੂੰ ਵਾਪਸ ਕਰ ਦੇਵੇ ਪਰ ਉਸ ਨੇ ਗੱਲ ਨਹੀਂ ਮੰਨੀ। ਫਿਰ ਉਹ ਬੰਦੂਕ ਲੈ ਕੇ ਉਨ੍ਹਾਂ ਦੇ ਘਰ ਆ ਗਿਆ ਤੇ ਉਨ੍ਹਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ
ਇਸ ਦੌਰਾਨ ਜਦੋਂ ਉਸਦਾ ਸਹੁਰਾ ਘਰੋਂ ਬਾਹਰ ਆਇਆ ਤਾਂ ਮੁਲਜ਼ਮ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਸੁਮਨ ਨੇ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ 'ਚ ਐੱਸ. ਐੱਚ. ਓ. ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਜ਼ੇਰੇ ਇਲਾਜ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।