ਨੇਪਾਲ ਦੇ 15 ਮੈਂਬਰੀ ਵਫਦ ਵਲੋਂ ''ਪੰਜਾਬ ਵਿਧਾਨ ਸਭਾ'' ਦਾ ਦੌਰਾ
Tuesday, Dec 10, 2019 - 08:51 AM (IST)
ਚੰਡੀਗੜ੍ਹ : ਨੇਪਾਲ ਦੇ ਇਕ 15 ਮੈਂਬਰੀ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਹ ਵਫਦ ਨੇਪਾਲ 'ਚ ਬਣਾਏ ਨਵੇਂ 7 ਸੂਬਿਆਂ 'ਚੋਂ ਇਕ ਸੂਬੇ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਕਿ ਸੂਬਾ ਨੰਬਰ 5 ਵੱਜੋਂ ਜਾਣਿਆਂ ਜਾਂਦਾ ਹੈ। ਇਸ ਵਫਦ ਦੇ ਮੁਖੀ ਦੀਪੇਂਦਰ ਕੁਮਾਰ ਪਨ ਮਗਰ ਨੇ ਦੱਸਿਆ ਕਿ ਨੇਪਾਲ 'ਚ ਨਵੇਂ ਸੰਵਿਧਾਨ ਦੇ ਹੋਂਦ 'ਚ ਆਉਣ ਤੋਂ ਬਾਅਦ ਦੇਸ਼ 'ਚ 7 ਨਵੇਂ ਸੂਬੇ ਬਣਾਏ ਗਏ ਹਨ। ਇਨ੍ਹਾਂ ਸੂਬਿਆਂ ਦੇ ਹਾਲੇ ਨਾਂ ਰੱਖੇ ਜਾਣੇ ਹਨ ਅਤੇ ਸਥਾਈ ਰਾਜਧਾਨੀਆਂ ਵੀ ਬਣਾਈਆਂ ਜਾਣੀਆਂ ਹਨ। ਹਾਲ ਦੀ ਘੜੀ ਸੂਬਾ ਨੰਬਰ-5 ਦੀ ਅਸਥਾਈ ਰਾਜਧਾਨੀ ਬੁਟਵਾਲ ਬਣਾਈ ਗਈ ਹੈ। ਸੂਬਾਈ ਵਿਧਾਨ ਸਭਾ ਦੀ ਕਾਰਜਵਿਧੀ ਸਮਝਣ ਲਈ ਸੂਬਾ ਨੰਬਰ 5 ਦੇ ਇਸ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਬਾਰੇ ਸੰਖੇਪ ਵਿਚ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤੀ ਸੰਵਿਧਾਨ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਲਿਖਤੀ ਸੰਵਿਧਾਨ 'ਚ ਸਭ ਤੋਂ ਲੰਬਾ ਸੰਵਿਧਾਨ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਸੰਵਿਧਾਨ 'ਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਵਿਸ਼ੇਸ਼ਤਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਲਈ ਇਹ ਇਕ ਵਿਲੱਖਣ ਦਸਤਾਵੇਜ਼ ਹੈ ਅਤੇ ਭਾਰਤ ਵਿਚ ਕਾਨੂੰਨ ਤੋਂ ਉੱਪਰ ਕੋਈ ਨਹੀਂ। ਉਨ੍ਹਾਂ ਨੇਪਾਲ ਦੇ ਸੂਬਾ ਨੰਬਰ 5 ਦੇ ਵਫਦ ਮੈਂਬਰਾਂ ਨੂੰ ਪੰਜਾਬ ਵਿਧਾਨ ਸਭਾ ਦੀ ਨਿਯਮਾਂਵਲੀ ਪ੍ਰਦਾਨ ਕੀਤੀ ਅਤੇ ਵਿਧਾਨ ਸਭਾ ਦੀ ਕਾਰਜਵਿਧੀ ਤੋਂ ਵੀ ਜਾਣੂੰ ਕਰਵਾਇਆ।