ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)

Friday, Apr 10, 2020 - 02:44 PM (IST)

ਲੇਖਕ – ਗੁਰਤੇਜ ਸਿੰਘ ਕੱਟੂ
9815594197

ਨੈਲਸਨ ਨੇ ਵੱਡਾ ਹੋ ਕੇ ਰਾਜੇ ਦਾ ਸਲਾਹਕਾਰ ਬਣਨਾ ਸੀ...ਪਰ

ਪਿਤਾ ਦੀ ਮੌਤ ਤੋਂ ਬਾਅਦ ਨੈਲਸਨ ਨੂੰ ਉਸਦੀ ਮਾਂ ਕੁੰਨੂੰ ਤੋਂ ਦੂਰ ਮਕ੍ਹੇਕੇਜ਼੍ਵੇਨੀ (Mqhekezweni) ਜੋ ਥੇਂਬੂ ਵੱਲ ਦੀ ਆਰਜ਼ੀ ਰਾਜਧਾਨੀ ਸੀ, ’ਚ ‘ਜੋਗਿੰਨਤਬਾ ਦਾਲਨਿਦਾਇਬੋ’ ਦੀ ਸਰਪ੍ਰਸਤੀ ’ਚ ਛੱਡ ਆਈ। ਅਸਲ ’ਚ ਜੋਗਿੰਨਤਬਾ ਮੰਡੇਲਾ ਦੇ ਪਤਾ ਦੀ ਮਦਦ ਸਦਕਾ ਹੀ ਜੋਗਿੰਨਤਬਾ ਮਕ੍ਹਕੇਜ਼੍ਵੇਨੀ ਦਾ ਰਾਜਾ ਬਣ ਸਕਿਆ ਸੀ। ਹੁਣ ਮੰਡੇਲਾ ਨੇ ਇਥੇ ਹੀ ਰਹਿਣਾ ਸੀ, ਰਾਜ-ਸਰਪ੍ਰਸਤ ਦੇ ਮਹਿਲ ’ਚ।

ਮਕ੍ਹਕੇਜ਼੍ਵੇਨੀ ਦੀ ਦੁਨੀਆਂ ਰਾਜ-ਸਰਪ੍ਰਸਤ ਦੇ ਆਲੇ-ਦੁਆਲੇ ਘੁੰਮਦੀ ਅਤੇ ਨੈਲਸਨ ਦਾ ਛੋਟਾ ਜਹਾ ਸੰਸਾਰ ਉਸਦੇ ਦੋਨੋਂ ਬੱਚਿਆਂ, ਇਕਲੌਤਾ ਪੁੱਤਰ ਜਸਟਿਸ ਅਤੇ ਧੀ ਨੌਮਾਫੂ ਦੇ ਆਲੇ ਦੁਆਲੇ। ਜੋਗਿੰਨਤਬਾ ਨੇ ਮੰਡੇਲਾ ਦਾ ਇਕ ਹੋਰ ਨਾਂ ਰੱਖ ਦਿੱਤਾ, ਉਹ ਮੰਡੇਲਾ ਨੂੰ ‘ਟਾਟੋਮਬੁਲੂ’ ਕਹਿੰਦਾ, ਜਿਸ ਦਾ ਮਤਲਬ ਸੀ ‘ਬੁੱਢਾ ਬਾਬਾ’। ਰਾਜ-ਸਰਪ੍ਰਸਤ ਦਾ ਮੰਨਣਾ ਸੀ ਕਿ ਜਦੋਂ ਮੰਡੇਲਾ ਗੰਭੀਰ ਹੁੰਦਾ ਹੈ ਤਾਂ ਉਸਦਾ ਚਿਹਰਾ ਸਿਆਣੇ ਬਜ਼ੁਰਗਾਂ ਵਾਂਗ ਹੋ ਜਾਂਦਾ।

ਇਹ ਨੈਲਸਨ ਦੀ ਜ਼ਿੰਦਗੀ ਦੇ ਮਹੱਤਵਪੂਰਨ ਦੌਰ ਦਾ ਸ਼ੁਰੂਆਤੀ ਸਮਾਂ ਸੀ, ਜਿਸ ਸਦਕਾ ਉਸਦੀ ਸੋਚ ਨੂੰ ਰਾਜਨੀਤਿਕ ਗੁੜਤੀ ਮਿਲ ਰਹੀ ਸੀ। ਇਥੇ ਰਾਜ-ਸਰਪ੍ਰਸਤ ਹਫ਼ਤੇ ’ਚ ਇਕ ਵਾਰ ਕਬਾਇਲੀ ਸੰਮੇਲਨ ਕਰਵਾਉਂਦਾ। ਨੈਲਸਨ ਉਨ੍ਹਾਂ ਸੰਮੇਲਨਾਂ ’ਚ ਹਿੱਸਾ ਲੈਂਦਾ ਅਤੇ ਕਬੀਲਿਆਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲਿਖਦਾ। ਨੈਲਸਨ ਇਸ ਸੰਮੇਲਨ ਪ੍ਰਤੀ ਰੁਝਾਨ ਬਾਰੇ ਖ਼ੁਦ ਕਹਿੰਦਾ ਹੈ ਕਿ “ਇਨ੍ਹਾਂ ਮਸਲਿਆਂ ਬਾਰੇ ਸੁਣਨਾ ਮੈਨੂੰ ਬਹੁਤ ਚੰਗਾ ਲਗਦਾ। ਇਸ ਦਿਨ ਸਾਰਿਆਂ ਲਈ ਸਵਾਦਿਸ਼ਟ ਭੋਜਨ ਤਿਆਰ ਕੀਤਾ ਜਾਂਦਾ ਹੈ। ਮੈਂ ਇਨ੍ਹਾਂ ਦੇ ਵਿਚਾਰਾਂ ਨੂੰ ਸੁਣਦਾ-ਸੁਣਦਾ ਏਨਾ ਲੀਨ ਹੋ ਜਾਂਦਾ ਕਿ ਅਕਸਰ ਭੋਜਨ ਜ਼ਿਆਦਾ ਖਾ ਜਾਂਦਾ ਅਤੇ ਬਾਅਦ ’ਚ ਕਾਫ਼ੀ ਦੇਰ ਢਿੱਡ ਪੀੜ ਹੁੰਦੀ ਰਹਿੰਦੀ”।

ਜਦੋਂ ਨੈਲਸਨ 16 ਸਾਲਾ ਦਾ ਹੋਇਆ ਤਾਂ ਰਾਜ-ਸਰਪ੍ਰਸਤ ਨੇ ਨੈਲਸਨ ਅਤੇ ਆਪਣੇ ਇਕਲੌਤੇ ਪੁੱਤਰ ਜਸਟਿਸ ਦੀ ਸੁੰਨਤ ਕਰਵਾਈ। ਸੁੰਨਤ ਅਫ਼ਰੀਕੀ ਸਭਿਆਚਾਰ ’ਚ ਹਰ ਉਸ ਬੱਚੇ ਲਈ ਇਕ ਜ਼ਰੂਰੀ ਰਸਮ ਹੈ, ਜੋ 16 ਸਾਲ ਦੀ ਉਮਰ ਭੋਗ ਰਿਹਾ ਹੋਵੇ। ਇਸ ਰਸਮ ਸਦਕਾ ਬੱਚੇ ਮਰਦ ਬਣ ਜਾਂਦੇ ਭਾਵ ਉਨ੍ਹਾਂ ਨੂੰ ਆਪਣੇ ਪਿਤਾ ਦੀ ਜਾਇਦਾਦ ਸੰਭਾਲਣ ਦਾ ਹੱਕ ਪ੍ਰਾਪਤ ਹੋ ਜਾਂਦਾ।

ਸੁੰਨਤ ਕਰਵਾਉਣ ਤੋਂ ਕੁਝ ਦਿਨ ਬਾਅਦ ਕਬਾਇਲੀ ਸੰਮੇਲਨ ’ਚ ਇਕ ਬੁਲਾਰਾ ਮੁਖੀਆ ਮੈਲੀਗਕੁਇਲੀ ਨੇ ਭਾਸ਼ਣ ਦਿੰਦੇ ਕਿਹਾ ਕਿ “ਏਥੇ ਸਾਡੇ ਸਾਹਮਣੇ ਸਾਡੇ ਬੱਚੇ ਬੈਠੇ ਹਨ ਜਵਾਨ ਸੁਨੱਖੇ, ਸੁਡੌਲ, ਖ੍ਹੋਸਾ ਕਬੀਲੇ ਦੇ ਫੁੱਲ। ਇਹੀ ਸਾਡੀ ਕੌਮ ਦੀ ਸ਼ਾਨ ਹਨ। ਹੁਣੇ-ਹੁਣੇ ਇਨ੍ਹਾਂ ਦੀ ਸੁੰਨਤ ਦੀ ਰਸਮ ਹੋਈ ਹੈ ਅਤੇ ਇਨ੍ਹਾਂ ਨੇ ਮਰਦਾਨਾ ਜ਼ਿੰਵਾਰੀਆਂ ਨਿਭਾਉਣ ਦੀ ਦਹਿਲੀਜ਼ ’ਤੇ ਕਦਮ ਰੱਖਿਆ ਹੈ ਪਰ ਯਕੀਨ ਮੰਨੋ, ਇਹ ਸਭ ਅਰਥਹੀਨ ਅਤੇ ਖੋਖਲੀਆਂ ਗੱਲਾਂ ਹਨ। ਅਜਿਹੀਆਂ ਗੱਲਾਂ ਨੂੰ ਅਸੀਂ ਹੁਣ ਕਦੇ ਸਾਕਾਰ ਨਹੀਂ ਕਰ ਸਕਾਂਗੇ, ਕਿਉਂਕਿ ਅਸੀਂ ਖ੍ਹੋਸਾ ਲੋਕ ਨਹੀਂ ਸਗੋਂ ਸਾਰੇ ਦੱਖਣੀ ਅਫ਼ਰੀਕਾ ਦੇ ਮੂਲ ਨਵਾਸੀ ਇਕ ਗ਼ੁਲਾਮ ਕੌਮ ਹਾਂ। ਅਸੀਂ ਆਪਣੇ ਹੀ ਦੇਸ਼ ’ਚ  ਗ਼ੁਲਾਮ ਹਾਂ। ਅਸੀਂ ਆਪਣੀਆਂ ਹੀ ਜ਼ਮੀਨਾਂ ’ਤੇ ਮੁਜ਼ਾਰੇ ਬਣੇ ਬੈਠੇ ਹਾਂ। ਇਹ ਗੋਰਿਆਂ ਦੀਆਂ ਡੂੰਘੀਆਂ ਹਨ੍ਹੇਰੀਆਂ ਖਾਨਾਂ ਵਿਚ ਲੱਕ ਤੋੜਵੀਂ ਮਿਹਨਤ ਮਜ਼ਦੂਰੀ ਕਰਦੇ ਹੋਏ ਬੀਮਾਰੀਆਂ ਸਹੇੜਨਗੇ ਤਾਂ ਜੋ ਗੋਰੇ ਲੋਕ ਖ਼ੁਸ਼ਹਾਲ ਜੀਵਨ ਜੀ ਸਕਣ। ਇਨ੍ਹਾਂ ਜਵਾਨ ਮੁੰਡਿਆਂ ’ਚ ਕਈ ਅਜਿਹੇ ਮੁਖੀਏ ਵੀ ਬੈਠੇ ਹਨ, ਜਿਹੜੇ ਕਦੇ ਰਾਜਭਾਗ ਨਹੀਂ ਸੰਭਾਲ ਸਕਣਗੇ, ਕਿਉਂਕਿ ਸਾਡੇ ਕੋਲ ਲੜਨ ਲਈ ਹਥਿਆਰ ਨਹੀਂ ਹਨ। ਕਈ ਵਿਦਵਾਨ ਅਜਿਹੇ ਹਨ, ਜੋ ਸਾਡੇ ਲੋਕਾਂ ’ਚ  ਗਿਆਨ ਨਹੀਂ ਵੰਡ ਸਕਣਗੇ, ਕਿਉਂਕਿ ਅੱਜ ਸਾਡੇ ਕੋਲ ਉਨ੍ਹਾਂ ਦੇ ਅਧਿਐਨ ਕਰਨ ਵਾਸਤੇ ਸੰਸਥਾਵਾਂ ਨਹੀਂ ਹਨ।”

PunjabKesari

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦਾ ਬਚਪਨ

ਉਸ ਸਮੇਂ ਇਹ ਭਾਸ਼ਣ ਨੈਲਸਨ ਨੂੰ ਚੰਗਾ ਨਾ ਲੱਗਾ। ਉਸ ਸਮੇਂ ਉਹ ਅੰਗਰੇਜ਼ ਕੌਮ ਨੂੰ ਚੰਗੀ ਮੰਨਦਾ ਸੀਪਰ ਅਗਲੇ ਕੁਝ ਹਫ਼ਤਿਆਂ ਬਾਅਦ, ਜਦੋਂ ਅੰਗਰੇਜ਼ਾਂ ਨੇ ਕੁੰਨੂੰ ਵਿਖੇ ਝੌਂਪੜੀਆਂ ਨੂੰ ਅੱਗ ਲਾ ਕੇ ਰਾਖ਼ ਦੇ ਢੇਰ ’ਚ ਬਦਲ ਦਿੱਤਾ ਤਾਂ ਇਹ ਵੇਖ ਨੈਲਸਨ ਨੂੰ ਮਹਸੂਸ ਹੋਣ ਲੱਗਾ ਕਿ ਸੱਚਮੁੱਚ ਉਹ ਸੁੰਨਤ ਰਸਮ ਦੇ ਬਾਵਜੂਦ ਇਕ ਜ਼ਿੰਮੇਵਾਰ ਨਹੀਂ ਸੀ ਬਣਿਆ।

ਸਮਾਂ ਪਾ ਕੇ ਨੈਲਸਨ ਨੂੰ ਮੁਖੀਆ ਮੈਲੀਗਕੁਇਲੀ ਦੀਆਂ ਗੱਲਾਂ ਸਮਝ ਆਉਣ ਲੱਗ ਪਈਆਂ ਸਨ। ਉਸਨੇ ਨੈਲਸਨ ਅੰਦਰ ਇਕ ਬੀਜ ਬੋਅ ਦਿੱਤਾ, ਜੋ ਹੁਣ ਪੁੰਗਰਨਾ ਸ਼ੁਰੂ ਹੋ ਗਿਆ ਸੀ।

ਨੈਲਸਨ ਨੇ ਵੱਡਾ ਹੋ ਕੇ ਰਾਜਾ ਸਬਾਟਾ ਦਾ ਸਲਾਹਕਾਰ ਬਣਨਾ ਸੀ। ਇਸ ਲਈ ਨੈਲਸਨ ਨੂੰ ਉੱਚ ਵਿਦਿਆ ਹਾਸਲ ਕਰਨ ਲਈ ਇੰਗਕੋਬੋ ਜ਼ਿਲੇ ਦੇ ਕਲਾਰਕਸਬਰੀ ਸਕੂਲ ’ਚ ਮੁੜ ਪੜ੍ਹਨ ਲਈ ਭੇਜ ਦਿੱਤਾ। ਨੈਲਸਨ ਸੋਚਦਾ ਸੀ ਕਿ ਰਾਜਾ ਨਗੁਬੈਂਗਕੁਕਾ ਦੇ ਖ਼ਾਨਦਾਨ ’ਚੋਂ ਹੋਣ ਕਰਕੇ ਉਸ ਨੂੰ ਕਲਾਰਕਸਬਰੀ ’ਚ ਵੀ ਉਹੋ ਜਿਹਾ ਹੀ ਮਾਨ-ਸਨਮਾਨ ਮਲੇਗਾ, ਜੋ ਮਕ੍ਹੇਕੇਜ਼੍ਵੇਨੀ ’ਚ ਮਲਿਦਾ ਸੀ ਪਰ ਉਸ ਦਾ ਇਹ ਭਰਮ ਜਲਦੀ ਹੀ ਟੁੱਟ ਗਿਆ, ਕਿਉਂਕਿ ਹੋਰ ਬਹੁਤ ਸਾਰੇ ਲੜਕੇ ਉੱਚੇ ਘਰਾਣਿਆਂ ਤੋਂ ਆਏ ਹੋਏ ਸਨ। ਨੈਲਸਨ ਨੂੰ ਏਥੇ ਛੇਤੀ ਹੀ ਅਹਸਾਸ ਹੋ ਗਿਆ ਸੀ ਕਿ ਉਸ ਦਾ ਰੁਤਬਾ ਕਾਬਲੀਅਤ ਦੇ ਆਧਾਰ ’ਤੇ ਬਣੇਗਾ ਨਾ ਕਿ ਪਰਵਾਰਿਕ ਪਿਛੋਕੜ ਦੇ ਆਧਾਰ ’ਤੇ।

ਏਥੇ ਨੈਲਸਨ ਦੇ ਕਾਫ਼ੀ ਸਾਰੇ ਦੋਸਤ ਬਣੇ। ਨੈਲਸਨ ਬੀ.ਏ. ਦੀ ਡਗਿਰੀ ਨੂੰ ਬਹੁਤ ਲੰਮੀ ਅਤੇ ਔਖੀ ਕਤਾਬ ਹੀ ਮੰਨਦਾ ਸੀ। ਨੈਲਸਨ ਸ਼ੁਰੂ-ਸ਼ੁਰੂ ’ਚ ਸਾਧਾਰਣ ਅਤੇ ਢਿੱਲੜ ਵਿਦਿਆਰਥੀ ਸੀ ਪਰ ਜਲਦੀ ਹੀ ਉਹ ਉਥੋਂ ਦੇ ਮਾਹੌਲ ਤੋਂ ਜਾਣੂ ਹੋ ਕੇ ਥੋੜ੍ਹਾ ਤੇਜ਼ ਹੋ ਗਿਆ ਸੀ। ਉਸਨੇ ਆਪਣਾ ਜੂਨੀਅਰ ਸਰਟੀਫਿਕੇਟ ਕੋਰਸ 3 ਸਾਲਾ ਦੀ ਥਾਂ ਦੋ ਸਾਲਾ ’ਚ ਹੀ ਪੂਰਾ ਕਰ ਲਿਆ ਸੀ। ਇਹ ਸਭ ਉਸ ਦੀ ਚੰਗੀ ਯਾਦਸ਼ਕਤੀ ਅਤੇ ਸਖ਼ਤ ਮਿਹਨਤ ਦਾ ਨਤੀਜਾ ਸੀ।

ਏਥੇ ਰਹਿੰਦੇ ਹੋਏ ਨੈਲਸਨ ਨੇ ਕਾਫ਼ੀ ਕੁਝ ਨਵਾਂ ਸਿੱਖਿਆ। ਉਸਦੀ ਸੋਚ ਅਤੇ ਵਿਵਹਾਰ ਬਾਰੇ ਹਾਲੇ ਪੂਰੀ ਤਰ੍ਹਾਂ ਨਰਿਪੱਖ ਤੇ ਪਰਪੱਕ ਤਾਂ ਨਹੀਂ ਸੀ ਹੋਏ ਪਰ ਉਹ ਦੁਨੀਆਂ ਬਾਰੇ ਕੁਝ-ਕੁਝ ਜਾਣਨ ਲੱਗ ਗਿਆ ਸੀ। ਏਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ 1937 ’ਚ ਫੋਰਟ ਬਿਊਫੋਰਟ ਵਿਖੇ ਹੈਅਲਡਟਾਊਨ ਵੈਸਲਿਅਨ ਕਾਲਜ ’ਚ ਦਾਖਲਾ ਲਿਆ। ਹੁਣ ਨੈਲਸਨ 19 ਸਾਲਾ ਦਾ ਹੋ ਗਿਆ ਸੀ। ਏਥੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਕਿ ਅੰਗਰੇਜ਼ ਸਰਕਾਰ ਹੀ ਸਭ ਤੋਂ ਵਧੀਆ ਸਰਕਾਰ ਹੈ ਅਤੇ ਅੰਗਰੇਜ਼ ਸਭ ਤੋਂ ਉੱਤਮ ਵਿਅਕਤੀ ਹਨ।

ਨੈਲਸਨ ’ਤੇ ਇਸ ਕਾਲਜ ’ਚ ਸਭ ਤੋਂ ਜ਼ਿਆਦਾ ਪ੍ਰਭਾਵ ਉਸਦੇ ਸਾਇੰਸ ਦੇ ਅਧਿਆਪਕ ਫਰੈਕ ਲੇਬੈਂਟਲੇਲੇ ਦਾ ਪਿਆ। ਉਸਨੇ ਅੰਤਰ-ਕਬਾਇਲੀ ਵਿਆਹ ਕਰਵਾਇਆ ਹੋਇਆ ਸੀ। ਇਹ ਵੇਖ ਕੇ ਨੈਲਸਨ ਹੈਰਾਨ ਰਹਿ ਗਿਆ ਸੀ, ਕਿਉਂਕਿ ਅੰਤਰ-ਕਬਾਇਲੀ ਵਿਆਹ ਉਸ ਸਮੇਂ ਨਾ ਦੇ ਬਰਾਬਰ ਸੀ। ਇਹ ਸਭ ਦੇਖ ਕੇ ਨੈਲਸਨ ਦੀ ਰੂੜੀਵਾਦੀ ਕਬਾਇਲੀ ਸੋਚ ਦੀ ਪਕੜ ਢਿੱਲੀ ਹੋਣ ਲੱਗੀ। ਹੁਣ ਨੈਲਸਨ ਮਹਿਸੂਸ ਕਰਨ ਲੱਗ ਪਿਆ ਸੀ ਕਿ ਉਸਦੀ ਪਛਾਣ ਅਫ਼ਰੀਕੀ ਹੈ, ਕੇਵਲ ਥੇਂਬੂ ਜਾਂ ਖ਼੍ਹੋਸਾ ਨਹੀਂ।

ਨੈਲਸਨ ਨੂੰ ਲੰਮੀ ਦੌੜ ਦੌੜਨਾ ਬਹੁਤ ਪਸੰਦ ਸੀ। ਉਸਦਾ ਮੰਨਣਾ ਸੀ ਕਿ ਲੰਮੀ ਦੌੜ ਨਾਲ ਵਿਅਕਤੀ ਦਾ ਤਣਾਅ ਘੱਟਦਾ ਹੈ। ਇਸ ਲਈ ਉਹ ਏਥੇ ਹਰ ਰੋਜ਼ ਲੰਮੀ ਦੌੜ ਲਗਾਉਂਦਾ ਅਤੇ ਇਕੱਲਾ ਹੀ ਦੌੜਦਾ ਰਹਿੰਦਾ। ਇਸ ਤੋਂ ਇਲਾਵਾ ਉਸਨੇ ਮੁੱਕੇਬਾਜ਼ੀ ’ਚ ਵੀ ਹਿੱਸਾ ਲੈਣਾ ਚਾਹਿਆ ਪਰ ਸਰੀਰ ਦਾ ਪਤਲਾ ਹੋਣ ਕਰਕੇ ਉਹ ਇਸ ’ਚ ਭਾਗ ਨਾ ਲੈ ਸਕਿਆ। 

ਇਸ ਤੋਂ ਬਾਅਦ ਰਾਜ ਸਰਪ੍ਰਸਤ ਨੇ ਨੈਲਸਨ ਦਾ ਦਾਖਲਾ ਐਲਿਸ ਸ਼ਹਿਰ ’ਚ ਸਥਿਤ ਫੋਰਟ ਹੇਅਰ ਯੂਨੀਵਰਸਟੀ ਕਾਲਜ ’ਚ ਕਰਵਾ ਦਿੱਤਾ। ਹੁਣ ਨੈਲਸਨ 21 ਸਾਲਾ ਦਾ ਹੋ ਗਿਆ ਸੀ। ਉਸਨੂੰ ਏਥੇ ਪੜ੍ਹਨ ਆਉਣ ’ਤੇ ਬਹੁਤ ਖ਼ੁਸ਼ੀ ਹੁੰਦੀ ਸੀ। ਫੋਰਟ ਹੇਅਰ ਵੀ ਕਲਾਰਕਸਬਰੀ ਅਤੇ ਹੈਡਲਟਾਊਨ ਵਾਂਗ ਇਕ ਈਸਾਈ ਮਸ਼ਿਨਰੀ ਸੰਸਥਾ ਸੀ। ਏਥੇ ਵੀ ਪ੍ਰਮਾਤਮਾ ਦੀ ਭਗਤੀ ਤੇ ਰਾਜਨੀਤਿਕ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ।

ਏਥੇ ਨੈਲਸਨ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਦੀਆਂ ਸਲਾਹਾਂ ਮਿਲਦੀਆਂ ਰਹੀਆਂ ਪਰ ਉਹ ਦੁਭਾਸ਼ੀਆ ਜਾਂ ਕਲਰਕ ਬਣਨਾ ਚਾਹੁੰਦਾ ਸੀ। ਉਸ ਸਮੇਂ ’ਚ ਨਾਗਰਿਕ ਅਧਿਕਾਰੀ ਦੀ ਨੌਕਰੀ ਕਿਸੇ ਵੀ ਕਾਲੇ ਅਫ਼ਰੀਕੀ ਵਿਅਕਤੀ ਲਈ ਬਹੁਤ ਖਿੱਚ ਰੱਖਦੀ ਸੀ। ਨੈਲਸਨ ਨੇ ਏਥੇ ਦੁਭਾਸ਼ੀਏ ਦਾ ਕੋਰਸ ਸ਼ੁਰੂ ਕੀਤਾ।

ਫੋਰਟ ਹੇਅਰ ’ਚ ਨੈਲਸਨ ਦੌੜਨ ਦੇ ਨਾਲ-ਨਾਲ ਫੁੱਟਬਾਲ ਦਾ ਖਿਡਾਰੀ ਵੀ ਬਣ ਗਿਆ ਸੀ। ਇਸ ਤੋਂ ਇਲਾਵਾ ਉਹ ਨਾਟਕਮੰਡਲੀ ਦਾ ਰੰਗਕਰਮੀ ਵੀ ਬਣ ਗਿਆ ਸੀ। ਉਸਦੇ ਦੋਸਤ ਨੇ ਇਕ ਵਾਰ ਇਬਾਰਾਹਿਮ ਲਿੰਕਨ ਦੀ ਜ਼ਿੰਦਗੀ ’ਤੇ ਆਧਾਰਿਤ ਨਾਟਕ ਲਿਖਿਆ, ਜਿਸ ਨੂੰ ਬਾਅਦ ’ਚ ਸਟੇਜ ’ਤੇ ਖੇਡਿਆ ਗਿਆ। ਇਸ ’ਚ ਨੈਲਸਨ ਨੇ ਲਿੰਕਨ ਦੇ ਕਾਤਿਲ ਜੌਹਨ ਵਾਇਕਸ ਬੂਥ ਦਾ ਰੋਲ ਬਾਖ਼ੂਬੀ ਨਿਭਾਇਆ ਸੀ। 

ਨੈਲਸਨ ਹੁਣ ਪੂਰਾ ਖ਼ੁਸ਼ ਸੀ ਕਿਉਂਕਿ ਕੁਝ ਸਾਲ ਤੱਕ ਉਸਨੂੰ ਬੀ.ਏ. ਦੀ ਡਿਗਰੀ ਮਿਲ ਜਾਣੀ ਸੀ ਅਤੇ ਉਹ ਸੋਚਦਾ ਸੀ ਕਿ ਇਸ ਤਰ੍ਹਾਂ ਉਹ ਸਮਾਜ ਦੇ ਮੋਹਰੀਆਂ ’ਚ ਸ਼ਾਮਲ ਹੋ ਜਾਵੇਗਾ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਹੋ ਜਾਵੇਗਾ। ਉਸ ਸਮੇਂ ਬੀ.ਏ. ਦੀ ਪੜ੍ਹਾਈ ਦੀ ਬਹੁਤ ਮਹੱਤਤਾ ਸੀ। ਉਹ ਸੋਚਦਾ ਸੀ ਕਿ ਉਹ ਇਕ ਵੱਡਾ ਸਾਰਾ ਘਰ ਪਾਏਗਾ, ਜਿਸ ਉਹ ਆਪਣੀ ਸਾਰੀ ਜ਼ਿੰਦਗੀ ਗੁਜ਼ਾਰੇਗਾ ਪਰ ਇਹ ਸਭ ਕਾਲਪਨਿਕ ਹੀ ਰਹਿ ਜਾਣਾ ਸੀ, ਕਿਉਂਕਿ ਨੈਲਸਨ ਦੀ ਜ਼ਿੰਦਗੀ ’ਚ ਇਕ ਸਮਾਂ ਅਜਿਹਾ ਆਇਆ, ਜਿਸ ਨੇ ਇਹ ਸਭ ਬਦਲ ਕੇ ਰੱਖ ਦਿੱਤਾ।

ਉਸ ਸਾਲ ਫੋਰਟ ਹੇਅਰ ਦੇ ਸਭ ਤੋਂ ਮਹੱਤਵਪੂਰਨ ਵਿਦਿਆਰਥੀ ਸੰਗਠਨ ‘ਵਿਦਿਆਰਥੀ ਨੁਮਾਇੰਦਗੀ ਸਮਤੀ’ (Student Reprehensive 3ouncil) ਦੀ ਚੋਣ ਲੜਨ ਵਾਸਤੇ ਨੈਲਸਨ ਦੇ ਨਾਂ ਦਾ ਨਾਮਕਰਨ ਕਰ ਦਿੱਤਾ। ਵਿਦਿਆਰਥੀ ਮੀਟਿੰਗ ’ਚ ਵਿਚਾਰ ਵਟਾਂਦਰਾ ਹੋਇਆ ਕਿ ਫੋਰਟ ਹੇਅਰ ’ਚ ਮਿਲਣ ਵਾਲਾ ਭੋਜਨ ਚੰਗਾ ਨਹੀਂ ਅਤੇ ਸਮਤੀ ਦੀਆਂ ਸ਼ਕਤੀਆਂ ਵੀ ਵਧਾਈਆਂ ਜਾਣ ਤਾਂ ਕਿ ਉਹ ਪ੍ਰਸ਼ਾਸਨ ਦੀ ਰਬੜ ਦੀ ਮੋਹਰ ਹੀ ਨਾ ਬਣੀ ਰਹੇ। ਨੈਲਸਨ ਇਨ੍ਹਾਂ ਮੰਗਾਂ ਨਾਲ ਸਹਿਮਤ ਸੀ ਅਤੇ ਵਿਦਿਆਰਥੀ ਦੇ ਬਹੁਮਤ ਨੇ ਫੈਸਲਾ ਕੀਤਾ ਕਿ ਉਨ੍ਹੀਂ ਦੇਰ ਚੋਣਾਂ ਦਾ ਬਾਈਕਾਟ ਰਹੇਗਾ, ਜਦੋਂ ਤੱਕ ਅਧਿਕਾਰੀ ਸਾਡੀ ਇਹ ਮੰਗਾਂ ਪੂਰੀਆਂ ਨਹੀਂ ਕਰਦੇ।

ਪਰ ਜਲਦੀ ਕੁਝ ਵਿਦਿਆਰਥੀ ਨੇ ਚੋਣਾਂ ਕਰਵਾਉਣ ਦਾ ਪ੍ਰਬੰਧ ਕਰ ਲਿਆ। ਵਿਦਿਆਰਥੀਆਂ ਦੀ ਬਹੁ ਗਿਣਤੀ ਨੇ ਇਸ ਦਾ ਬਾਈਕਾਟ ਕੀਤਾ ਪਰ ਲਗਭਗ ਛੇਵੇਂ ਹਿੱਸੇ ਨੇ ਹੀ ਵੋਟਾਂ ਪਾਈਆਂ। ਉਸ ਸਮਤੀ ਦੇ ਛੇ ਮੈਂਬਰ ਚੁਣੇ ਜਾਂਦੇ ਜਿਨ੍ਹਾਂ ’ਚੋਂ ਇਕ ਮੈਂਬਰ ਨੈਲਸਨ ਸੀ। ਇਸ ਵਾਰ ਵਿਦਿਆਰਥੀਆਂ ਦੀ ਬਹੁ-ਗਿਣਤੀ ਨਾ ਹੋਣ ਕਾਰਨ ਛੇਆਂ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ। 

ਥੋੜ੍ਹੇ ਸਮੇਂ ਬਾਅਦ ਚੋਣਾਂ ਦੁਬਾਰਾ ਤੋਂ ਕਰਵਾ ਲਈਆਂ। ਪਹਿਲਾਂ ਵਾਂਗ ਇਸ ਵਾਰ ਵੀ ਛੇਵੇਂ ਹਿੱਸੇ ਦੀਆਂ ਵੋਟਾਂ ਪਈਆਂ ਪਰ ਹੁਣ ਨੈਲਸਨ ਤੋਂ ਇਲਾਵਾ ਬਾਕੀ ਦੇ ਪੰਜ ਮੈਂਬਰ ਅਸਤੀਫ਼ਾ ਦੇਣ ਨੂੰ ਤਿਆਰ ਨਹੀਂ ਸਨ। ਨੈਲਸਨ ਬਹੁ-ਗਿਣਤੀ ਦੀ ਮਰਜ਼ੀ ਮੁਤਾਬਕ ਚੋਣਾਂ ਦਾ ਬਾਈਕਾਟ ਕਰਨ ਕਰਕੇ ਦੁਬਾਰਾ ਤੋਂ ਅਸਤੀਫ਼ਾ ਦੇਣਾ ਨੈਤਿਕ ਫ਼ਰਜ਼ ਸਮਝਦਾ ਸੀ। ਇਸ ਲਈ ਇਸ ਵਾਰ ਇਕੱਲੇ ਨੈਲਸਨ ਨੇ ਹੀ ਅਸਤੀਫ਼ਾ ਦੇ ਦਿੱਤਾ। ਅਗਲੇ ਦਿਨ ਪ੍ਰਿੰਸੀਪਲ ਨੇ ਨੈਲਸਨ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਸਨੇ ਅਸਤੀਫ਼ਾ ਵਾਪਸ ਨਾ ਲਿਆ ਤਾਂ ਉਸਨੂੰ ਫੋਰਟ ਹੇਅਰ ’ਚੋਂ ਮਜਬੂਰਨ ਬਰਖ਼ਾਸਤ ਕਰ ਦਿੱਤਾ ਜਾਵੇਗਾ।

ਪ੍ਰਿੰਸੀਪਲ ਦੇ ਸ਼ਬਦਾਂ ਨੇ ਨੈਲਸਨ ਨੂੰ ਸੰਕਟ ਦੀ ਘੜੀ ’ਚ ਸੁੱਟ ਦਿੱਤਾ ਸੀ। ਨੈਲਸਨ ਇਹ ਸੁਣ ਕੇ ਪੂਰੀ ਤਰ੍ਹਾਂ ਹਿੱਲ ਗਿਆ ਅਤੇ ਉਸਨੂੰ ਸਾਰੀ ਰਾਤ ਨੀਂਦ ਨਾ ਆਈ। ਹੁਣ ਤੱਕ ਜ਼ਿੰਦਗੀ ’ਚ ਨੈਲਸਨ ਲਈ ਇਹ ਪਹਿਲੀ ਅਜਿਹੀ ਸਥਿਤੀ ਸੀ, ਜਿਸਦਾ ਉਸਨੂੰ ਪਹਿਲਾਂ ਕਦੇ ਵੀ ਸਾਹਮਣਾ ਨਹੀਂ ਸੀ ਕਰਨਾ ਪਿਆ।

ਨੈਲਸਨ ਸੋਚ ਰਿਹਾ ਕਿ ਉਸ ਦਾ ਫੈਸਲਾ ਨੈਤਿਕ ਤੌਰ ’ਤੇ ਠੀਕ ਸੀ ਪਰ ਜਿਹੜਾ ਰਾਹ ਉਹ ਚੁੱਣ ਰਿਹਾ ਸੀ ਕੀ ਉਹ ਠੀਕ ਸੀ? ਕੀ ਉਹ ਨੈਤਿਕ ਮਸਲੇ ’ਤੇ ਆਪਣਾ ਵਿਦਿਅਕ ਭਵਿੱਖ ਤਾਂ ਨਹੀਂ ਸੀ ਦਾਅ ’ਤੇ ਲਾ ਰਿਹਾ? ਅਜਿਹੇ ਬਹੁਤ ਸਾਰੇ ਸਵਾਲ ਨੈਲਸਨ ਨੂੰ ਘੇਰ ਰਹੇ ਸਨ ਪਰ ਇਕ ਗੱਲ ਨੈਲਸਨ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ ਸੀ ਕਿ ਉਹ ਆਪਣੇ ਸਾਥੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਆਪਣੇ ਫ਼ਰਜ਼ ਨੂੰ ਆਪਣੇ ਜਾਤੀ ਹਿੱਤਾਂ ਲਈ ਕੁਰਬਾਨ ਕਰ ਦੇਵੇ।

ਅਗਲੀ ਸਵੇਰ ਜਦੋਂ ਨੈਲਸਨ ਨੂੰ ਪ੍ਰਿੰਸੀਪਲ ਨੇ ਆਪਣੇ ਦਫ਼ਤਰ ’ਚ ਬੁਲਾਇਆ ਕਿ ਉਸ ਨੇ ਆਖ਼ਰ ’ਚ ਕੀ ਫ਼ੈਸਲਾ ਕੀਤਾ ਤਾਂ ਨੈਲਸਨ ਨੇ ਕਿਹਾ ਕਿ ਉਹ ਆਪਣੀ ਆਤਮਾ ਦੀ ਆਵਾਜ਼ ਦੇ ਵਿਰੁੱਧ ਜਾ ਕੇ ਵਿਦਿਆਰਥੀ ਸੰਮਤੀ ਦੀ ਮੈਂਬਰੀ ਨਹੀਂ ਕਰ ਸਕਦਾ। ਉਸਦਾ ਇਹ ਨਿਡਰ ਫ਼ੈਸਲਾ ਸੀ। ਪ੍ਰਿੰਸੀਪਲ ਇਕ ਵਾਰ ਤਾਂ ਹਿੱਲ ਜਿਹਾ ਦਿਆ ਪਰ ਉਸਨੇ ਨੈਲਸਨ ਨੂੰ ਦੁਬਾਰਾ ਇਸ ਬਾਰੇ ਸੋਚਣ ਲਈ ਕਿਹਾ। ਗਰਮੀ ਦੀਆਂ ਛੁੱਟੀਆਂ ਹੋਣੀਆਂ ਸਨ, ਇਸ ਲਈ ਪ੍ਰਿੰਸੀਪਲ ਨੇ ਉਸਨੂੰ ਇਨ੍ਹਾਂ ਛੁੱਟੀਆਂ ’ਚ ਦੁਬਾਰਾ ਸੋਚਣ ਦਾ ਇਕ ਵਾਰ ਮੌਕਾ ਦੇ ਦਿੱਤਾ। 

ਨੈਲਸਨ ਇਸ ਤਰ੍ਹਾਂ ਦਾ ਫ਼ੈਸਲਾ ਲੈਣ ਬਾਰੇ ਖ਼ੁਦ ਕਹਿੰਦਾ ਹੈ “ਮੈਂ ਆਪਣੇ ਫ਼ੈਸਲੇ ਤੋਂ ਓਨਾ ਹੀ ਹੈਰਾਨ ਸੀ ਜਿੰਨਾ ਪ੍ਰਿੰਸੀਪਲ। ਇਸ ਤਰ੍ਹਾਂ ਪੜ੍ਹਾਈ ਛੱਡਣ ਦਾ ਫ਼ੈਸਲਾ ਮੈਨੂੰ ਵੀ ਚੰਗਾ ਨਹੀਂ ਸੀ ਲੱਗ ਰਿਹਾ ਪਰ ਪਤਾ ਨੀ ਮੇਰੇ ਅੰਦਰ ਕੁਝ ਅਜਿਹਾ ਸੀ, ਜੋ ਮੈਨੂੰ ਹਾਲਾਤ ਨਾਲ ਸਮਝੌਤਾ ਨਹੀਂ ਕਰਨ ਦੇ ਰਿਹਾ ਸੀ।”
 


rajwinder kaur

Content Editor

Related News