ਬਟਾਲਾ ’ਚ ਗੁਆਂਢੀ ਨੇ ਪੁਰਾਣੀ ਰੰਜਿਸ਼ ਦਾ 6 ਸਾਲਾ ਮਾਸੂਮ ਨਾਲ ਕੱਢਿਆ ਵੈਰ, ਚਾਕੂ ਨਾਲ ਵੱਢ ਸੁੱਟੀ ਗਰਦਨ

Wednesday, Dec 21, 2022 - 04:36 PM (IST)

ਬਟਾਲਾ (ਜ. ਬ., ਯੋਗੀ, ਅਸ਼ਵਨੀ) : ਪੁਰਾਣੀ ਰੰਜਿਸ਼ ਤਹਿਤ ਸ਼ਾਹ ਰੱਗ ਕੱਟ ਕੇ ਇਕ ਗੁਆਂਢੀ ਵੱਲੋਂ 6 ਸਾਲਾ ਮਾਸੂਮ ਬੱਚੇ ਨੂੰ ਕੋਠੇ ਤੋਂ ਹੇਠਾਂ ਸੁੱਟਣ ਕਰ ਕੇ ਬੱਚੇ ਦੀ ਹਾਲਤ ਨਾਜ਼ੁਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੰਭੀਰ ਜ਼ਖ਼ਮੀ ਬੱਚੇ ਦੀ ਦਾਦੀ ਪੂਰੋ ਵਾਸੀ ਨਵੀਂ ਆਬਾਦੀ ਉਮਰਪੁਰਾ ਨੇ ਦੱਸਿਆ ਕਿ ਸਾਡਾ ਗੁਆਂਢੀਆਂ ਨਾਲ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਵਿਚ ਰਾਜ਼ੀਨਾਮਾ ਹੋ ਗਿਆ ਪਰ ਬੀਤੀ ਰਾਤ ਉਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਡਾ ਗੁਆਂਢੀ ਅੱਧੀ ਰਾਤ ਤੋਂ ਬਾਅਦ 2 ਵਜੇ ਦੇ ਕਰੀਬ ਪਿਛਲੇ ਪਾਸਿਓਂ ਕੰਧ ਟੱਪ ਕੇ ਘਰ ਆ ਵੜਿਆ ਅਤੇ ਮੇਰੀ ਨੂੰਹ ਰਜਨੀ ਬਾਲਾ ਨੂੰ ਕੋਈ ਚੀਜ਼ ਸੁੰਘਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਮੇਰੇ ਯੂ. ਕੇ. ਜੀ. ਵਿਚ ਪੜ੍ਹਦੇ 6 ਸਾਲਾ ਪੋਤਰੇ ਪੂਰਵ ਪੁੱਤਰ ਹਰਪਾਲ ਨੂੰ ਚੁੱਕ ਕੇ ਕੋਠੇ ’ਤੇ ਲੈ ਗਿਆ। ਜਿੱਥੇ ਉਸਨੇ ਮਾਰ ਦੇਣ ਦੀ ਨੀਅਤ ਨਾਲ ਪੂਰਵ ਦੀ ਧੌਣ ’ਤੇ ਚਾਕੂ ਚਲਾ ਕੇ ਕੋਠੇ ਤੋਂ ਹੇਠਾਂ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਪੁਰਾਣੀ ਰੰਜਿਸ਼ ਦਾ ਖ਼ੌਫਨਾਕ ਅੰਤ, ਨਵਵਿਆਹੇ ਮੁੰਡੇ ਦਾ ਗੋਲ਼ੀ ਮਾਰ ਕੇ ਕਤਲ

ਪੂਰੋ ਨੇ ਦੱਸਿਆ ਕਿ ਜਦੋਂ ਮੇਰੇ ਪੋਤਰੇ ਦੇ ਰੌਣ ਦੀ ਆਵਾਜ਼ ਗੁਆਂਢੀ ਸੰਦੀਪ ਕੁਮਾਰ ਨੇ ਸੁਣੀ ਤਾਂ ਉਸਨੇ ਦੇਖਿਆ ਕਿ ਬੱਚਾ ਲਹੂ-ਲੁਹਾਨ ਹੋਇਆ ਪਿਆ ਸੀ, ਜਿਸ ’ਤੇ ਸੰਦੀਪ ਨੇ ਸਾਨੂੰ ਆ ਕੇ ਜਗਾਇਆ। ਜਿਸ ਤੋਂ ਬਾਅਦ ਅਸੀਂ ਤੁਰੰਤ ਆਪਣੇ ਪੋਤਰੇ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਉਕਤ ਔਰਤ ਨੇ ਦੱਸਿਆ ਕਿ ਉਸਦਾ ਮੁੰਡਾ ਹਰਪਾਲ ਦਿੱਲੀ ਵਿਖੇ ਕੰਮ ਕਰਦਾ ਹੈ ਅਤੇ ਘਰ ਮੈਂ, ਮੇਰੀ ਨੂੰਹ ਤੇ ਬੱਚੇ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ- ਫਿਰੋਜ਼ਪੁਰ CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਸਮੇਤ 3 ਮੈਂਬਰ ਗ੍ਰਿਫ਼ਤਾਰ

ਓਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੇ ਐੱਸ. ਆਈ. ਮਨੋਹਰ ਸਿੰਘ, ਪੁਲਸ ਚੌਕੀ ਇੰਚਾਰਜ ਅਰਬਨ ਅਸਟੇਟ ਏ. ਐੱਸ. ਆਈ. ਰਣਜੀਤ ਸਿੰਘ, ਏ. ਐੱਸ. ਆਈ. ਜਸਬੀਰ ਸਿੰਘ, ਏ. ਐੱਸ. ਆਈ. ਰਾਜ ਕੁਮਾਰ ਤੇ ਏ. ਐੱਸ. ਆਈ. ਮਲਕੀਤ ਸਿੰਘ ਆਦਿ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਚਾਕੂ ਕਬਜ਼ੇ ਵਿਚ ਲੈਣ ਉਪਰੰਤ ਸਬੰਧਤ ਗੁਆਂਢੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉੱਥੇ ਹੀ ਜਦੋਂ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਮਾਰ ਦੇਣ ਦੀ ਨੀਅਤ ਨਾਲ ਧੌਣ ’ਤੇ ਚਾਕੂ ਨਾਲ ਵਾਰ ਕਰਨ ਵਾਲੇ ਗੁਆਂਢੀ ਰਣਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ ਅਤੇ ਇਸ ਕੋਲੋਂ ਹੋਰ ਪੁੱਛਗਿਛ ਜਾਰੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News