ਰੰਜਿਸ਼ ਦੇ ਚੱਲਦੇ ਕੀਤਾ ਸੀ ਗੁਆਂਢੀ ਦਾ ਕਤਲ, ਹੁਣ ਮਿਲੀ ਸਖ਼ਤ ਸਜ਼ਾ

Friday, Apr 22, 2022 - 01:41 PM (IST)

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹੇ ਸੈਸ਼ਨ ਜੱਜ ਮਨਦੀਪ ਪੰਨੂੰ ਦੀ ਅਦਾਲਤ ਨੇ ਇਕ ਸਾਲ ਪਹਿਲਾਂ ਥਾਣਾ ਮਹਿਣਾ ਪੁਲਸ ਵੱਲੋਂ ਗਲਤਫਹਿਮੀ ਅਤੇ ਰੰਜਿਸ਼ ਦੇ ਚੱਲਦੇ ਗੁਆਂਢੀ ਬਜ਼ੁਰਗ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਸ਼ਾਮਲ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਨੂੰ 12 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ 6 ਮਹੀਨਿਆਂ ਦੀ ਹੋਰ ਕੈਦ ਕੱਟਣ ਦਾ ਵੀ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਰੌਲੀ ਨੇ 17 ਅਪ੍ਰੈਲ 2021 ਨੂੰ ਥਾਣਾ ਮਹਿਣਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਗੁਆਂਢ ਵਿਚ ਰਹਿਣ ਵਾਲੇ ਪ੍ਰੇਮ ਸਿੰਘ ਉਰਫ ਪ੍ਰੇਮੂ ਪੁੱਤਰ ਗੁਰਮੇਲ ਸਿੰਘ ਦਾ ਆਪਣੀ ਧਰਮ ਪਤਨੀ ਨਾਲ ਘਰੇਲੂ ਵਿਵਾਦ ਰਹਿੰਦਾ ਸੀ, ਜਿਸ ਦੇ ਚੱਲਦੇ ਉਸਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ ਪਰ ਪ੍ਰੇਮ ਸਿੰਘ ਨੂੰ ਸ਼ੱਕ ਅਤੇ ਗਲਤਫਹਿਮੀ ਸੀ ਕਿ ਉਸਦੀ ਪਤਨੀ ਸੁਖਜੀਤ ਸਿੰਘ ਦੀ ਬਜ਼ੁਰਗ ਮਾਤਾ ਕਰਨੈਲ ਕੌਰ, ਮਨਜੀਤ ਕੌਰ ਦੇ ਬਹਿਕਾਵੇ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਹੈ ਅਤੇ ਘਰ ਤੋਂ ਚਲੀ ਗਈ ਹੈ।

ਇਸ ਰੰਜਿਸ਼ ਦੇ ਚੱਲਦੇ ਜਦ 17 ਅਪ੍ਰੈਲ 2021 ਦੀ ਰਾਤ ਨੂੰ ਸੁਖਜੀਤ ਸਿੰਘ ਆਪਣੇ ਕਮਰੇ ਵਿਚ ਅਰਾਮ ਕਰ ਰਿਹਾ ਸੀ ਤਾਂ ਗੁਆਂਢੀ ਪ੍ਰੇਮ ਸਿੰਘ ਨੇ ਆ ਕੇ ਪਹਿਲਾਂ ਉਸਦੀ ਬਜ਼ੁਰਗ ਮਾਤਾ ਕਰਨੈਲ ਕੌਰ ਨੂੰ ਲਲਕਾਰ ਕੇ ਉਸਦੀ ਪਤਨੀ ਨੂੰ ਭੜਕਾਉਣ ਦਾ ਦੋਸ਼ ਲਗਾਇਆ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸਦੀ ਮਾਂ ’ਤੇ ਹਮਲਾ ਕਰ ਦਿੱਤਾ, ਜਦੋਂ ਹੀ ਉਹ ਆਪਣੀ ਮਾਂ ਦੀ ਸਹਾਇਤਾ ਲਈ ਆਇਆ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ ਗਿਆ। ਜਦ ਉਸਨੇ ਰੋਲਾ ਪਾਇਆ ਤਾਂ ਪ੍ਰੇਮ ਸਿੰਘ ਮੌਕੇ ’ਤੋਂ ਭੱਜ ਗਿਆ ਅਤੇ ਆਂਢ-ਗੁਆਂਢ ਇਕੱਠਾ ਹੋ ਗਿਆ। ਉਸਦੀ ਮਾਂ ਖੂਨ ਨਾਲ ਲਥਪਥ ਜ਼ਮੀਨ ’ਤੇ ਡਿੱਗ ਪਈ, ਜਿਸ ’ਤੇ ਉਨ੍ਹਾਂ ਮੋਗਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਿਸ ’ਤੇ ਪੁਲਸ ਵੱਲੋਂ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪ੍ਰੇਮ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ।


Gurminder Singh

Content Editor

Related News