ਹੁਣ ਜ਼ਿਲ੍ਹੇ ਬਣਾਉਣ ਦੀ ਨਹੀਂ, ਸਗੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਹੈ ਲੋੜ : ਬੀਬੀ ਜਗੀਰ ਕੌਰ

Monday, May 17, 2021 - 12:45 AM (IST)

ਹੁਣ ਜ਼ਿਲ੍ਹੇ ਬਣਾਉਣ ਦੀ ਨਹੀਂ, ਸਗੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਹੈ ਲੋੜ : ਬੀਬੀ ਜਗੀਰ ਕੌਰ

ਬੇਗੋਵਾਲ, (ਰਜਿੰਦਰ)- ਪਹਿਲੇ ਜ਼ਿਲ੍ਹਿਆਂ ਵਿਚ ਤਾਂ ਪੂਰੇ ਡਾਕਟਰ ਨਹੀਂ ਹਨ ਅਤੇ ਸਿਹਤ ਸੇਵਾਵਾਂ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਦਾ ਧਿਆਨ ਨਵੇਂ ਜ਼ਿਲ੍ਹੇ ਬਣਾਉਣ ਵੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਲੋੜ ਜ਼ਿਲ੍ਹੇ ਬਣਾਉਣ ਦੀ ਨਹੀਂ ਸੀ ਸਗੋਂ ਲੋੜ ਤਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਸੀ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਸੰਕਟ ਦੇ ਦੌਰ ਵਿਚੋਂ ਅਸੀਂ ਲੰਘ ਰਹੇ ਹਾਂ ਜੇਕਰ ਉਸ ਵੱਲ ਧਿਆਨ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰੇਕ ਜ਼ਿਲ੍ਹੇ ਵਿਚ 50 ਬੈੱਡ ਤਿਆਰ ਕਰ ਕੇ ਉੱਥੇ ਵੈਂਟੀਲੇਟਰ ਲਗਵਾ ਦਿੰਦੇ ਤਾਂ ਇਹ ਪੰਜਾਬ ਲਈ ਸਭ ਤੋਂ ਵੱਡੀ ਦੇਣ ਹੋਣੀ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਦੀ ਲੋੜ ਹੈ, ਉਸ ਨੂੰ ਛੱਡ ਕੇ ਚੋਣ ਸਟੰਟ ਖੇਡੇ ਜਾ ਰਹੇ ਹਨ ਪਰ ਸਰਕਾਰ ਨੂੰ ਕੋਰੋਨਾ ਦੇ ਪ੍ਰਬੰਧਾਂ ਲਈ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ।

ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਦੇ ਕੀਤੇ ਵਿਰੋਧ ਬਾਰੇ ਪੁੱਛੇ ਜਾਣ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸੇ ਦਾ ਸਨਮਾਨ ਕਰਨਾ ਵੱਖਰੀ ਗੱਲ ਹੈ ਪਰ ਹੁਣ ਜ਼ਿਲੇ ਦੀ ਲੋੜ ਨਹੀਂ ਸੀ, ਸਗੋਂ ਮੁੱਢਲੀ ਲੋੜ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਹੈ, ਕਿਉਂਕਿ ਕੋਰੋਨਾ ਨਾਲ ਲੋਕ ਮਰ ਰਹੇ ਹਨ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਕੋਵਿਡ ਕੇਅਰ ਸੈਂਟਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ 10 ਵੀਂ ਆਲਮਗੀਰ ਲੁਧਿਆਣਾ , ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਭੁਲੱਥ ਦੇ ਰਾਇਲ ਪੈਲੇਸ ਵਿਖੇ ਚੱਲ ਰਹੇ ਹਨ। ਜਿਥੇ ਮਰੀਜ਼ਾਂ ਨੂੰ ਆਕਸੀਜਨ ਦੇਣ ਲਈ ਵਿਦੇਸ਼ੀ ਆਕਸੀਜਨ ਕੰਸਨਟਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਹੁਣ ਚਾਰ ਨਵੇਂ ਕੋਵਿਡ ਕੇਅਰ ਸੈਂਟਰ ਜ਼ਿਲਾ ਜਲੰਧਰ ਦੇ ਆਦਮਪੁਰ ਵਿਖੇ, ਜ਼ਿਲਾ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ, ਜ਼ਿਲਾ ਫਿਰੋਜ਼ਪੁਰ ਦੇ ਗੁਰਦੁਆਰਾ ਵਜ਼ੀਰਪੁਰ ਸਾਹਿਬ ਵਿਖੇ ਅਤੇ ਜ਼ਿਲਾ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਰੇਕ ਜ਼ਿਲੇ ਵਿਚ ਕੋਵਿਡ ਕੇਅਰ ਸੈਂਟਰ ਖੋਲ੍ਹਣੇ ਹੋਣ ਤਾਂ ਸਾਡੇ ਕੋਲ ਡਾਕਟਰਾਂ ਦੀ ਕਮੀ ਆਵੇਗੀ ਅਤੇ ਜੇਕਰ ਆਈ. ਐੱਮ. ਏ. ਐਸੋਸੀਏਸ਼ਨ ਸਾਡਾ ਸਹਿਯੋਗ ਕਰੇ ਤਾਂ ਅਸੀਂ ਪੰਜਾਬ ਦੇ ਹਰੇਕ ਜ਼ਿਲੇ ਵਿਚ ਕੋਵਿਡ ਕੇਅਰ ਸੈਂਟਰ ਖੋਲ੍ਹ ਸਕਾਂਗੇ।


author

Bharat Thapa

Content Editor

Related News