ਕੋਰੋਨਾ ਵਾਇਰਸ : ਜਵਾਹਰਪੁਰ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਨਵਾਂਗਰਾਓਂ 'ਤੇ

04/22/2020 3:55:52 PM

ਮੋਹਾਲੀ (ਪਰਦੀਪ) : ਭਾਵੇਂ ਕਿ ਬੀਤੇ ਕੱਲ ਜ਼ਿਲ੍ਹਾ ਮੋਹਾਲੀ 'ਚ 62 ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਤੇ ਬਰੇਕ ਲੱਗ ਗਈ ਸੀ। ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਨਵਾਂ ਗਰਾਓਂ ਦੇ ਪਾਜ਼ੇਟਿਵ ਆ ਚੁੱਕੇ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲੇ 26 ਜਣਿਆਂ ਦੇ ਸੈਂਪਲ ਡਾ. ਕੁਲਜੀਤ ਕੌਰ ਐੱਸ. ਐੱਮ. ਓ. ਘੜੂੰਆਂ, ਡਾ. ਸੀ. ਪੀ. ਸਿੰਘ, ਇਸ਼ਾਂਤ ਸ਼ਰਮਾ, ਜਸਪਾਲ ਸਿੰਘ ਅਤੇ ਬਹਾਦਰ ਸਿੰਘ ਦੀ ਟੀਮ ਵਲੋਂ ਸੈਂਪਲ ਲੈਣ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਨੂੰ ਭੇਜ ਦਿੱਤੇ।

4 ਅਪ੍ਰੈਲ ਨੂੰ ਪਿੰਡ ਜਵਾਹਰਪੁਰ ਤੋਂ ਮਲਕੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 14 ਅਪ੍ਰੈਲ ਤੱਕ ਇਸ ਗਿਣਤੀ ਦਾ ਅੰਕੜਾ 38 ਤੱਕ ਪੁੱਜ ਗਿਆ ਸੀ। ਜ਼ਿਲ੍ਹੇ ਮੋਹਾਲੀ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਮੋਹਾਲੀ ਜ਼ਿਲ੍ਹਾ ਪੰਜਾਬ ਦੇ ਚਾਰ ਹਾਟਸਪਾਟ ਐਲਾਨੇ ਗਏ ਜ਼ਿਲਿਆਂ 'ਚ ਪੁੱਜ ਗਿਆ। ਹੁਣ ਕਈ ਦਿਨਾਂ ਤੋਂ ਪਿੰਡ ਜਵਾਹਰਪੁਰ ਸਮੇਤ ਇਲਾਕੇ ਦੇ ਪਿੰਡ ਮੁਕੰਦਪੁਰ, ਦੇਵੀਪੁਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ। ਹੁਣ ਨਵਾਂ ਗਰਾਓਂ ਵਿਖੇ ਇਕ ਨਵਾਂ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਨਵਾਂ ਗਰਾਓਂ ਵਿਖੇ ਫਿਰ 40 ਕਮਰਿਆਂ ਵਾਲੀ ਬਿਲਡਿੰਗ ਦਾ ਦੌਰਾ ਕੀਤਾ ਗਿਆ।

ਇਹ ਵੀ ਪੜ੍ਹੋ ► ਸਰਕਾਰ ਤੋਂ ਆਸ ਨਹੀਂ, ਇਸ ਸੁਸਾਇਟੀ ਨੇ 90 ਲੋਕ ਇੰਦੌਰ ਤੋਂ ਪੰਜਾਬ ਪਹੁੰਚਾਏ    

6 ਪਾਜ਼ੇਟਿਵ ਮਰੀਜ਼ਾਂ ਨੂੰ ਮਿਲੀ ਛੁੱਟੀ
ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਦਾਖਲ 6 ਪਾਜ਼ੇਟਿਵ ਵਿਅਕਤੀ ਜਿਹੜੇ ਕਿ 61, 43, 43, 47, 39, 12 ਉਮਰ ਵਰਗ ਨਾਲ ਸਬੰਧਤ ਸਨ, ਨੂੰ ਛੁੱਟੀ ਮਿਲ ਗਈ ਹੈ। ਇਨ੍ਹਾਂ 'ਚੋਂ 5 ਮਰੀਜ਼ ਪਿੰਡ ਜਵਾਹਰਪੁਰ ਦੇ ਹਨ ਜਦਕਿ ਛੇਵਾਂ ਮਰੀਜ਼ ਮੌਲੀ ਬੈਦਵਾਣ ਨਾਲ ਸਬੰਧਤ ਹੈ।

ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖਬਰ, 14 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
ਜ਼ਿਲ੍ਹਾ ਮੋਹਾਲੀ ਤੋਂ ਛੇ ਹੋਰ ਮਰੀਜ਼ ਮੰਗਲਵਾਰ ਨੂੰ ਬਿਲਕੁਲ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲੇ 'ਚ ਹੁਣ ਤੱਕ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ ਛੇ ਮਰੀਜ਼ਾਂ 'ਚੋਂ 5 ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਿੱਥੇ ਜ਼ਿਲੇ 'ਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ 'ਚ ਕਮਲਜੀਤ ਕੌਰ (ਉਮਰ 39 ਸਾਲ), ਹਰਵਿੰਦਰ ਸਿੰਘ (43), ਬਲਵਿੰਦਰ ਕੌਰ (61), ਗੁਰਵਿੰਦਰ ਸਿੰਘ (42) ਅਰਸ਼ਦੀਪ ਸਿੰਘ (12) ਅਤੇ ਅਬਦੁਲ ਰਜ਼ਾਕ (42) ਸ਼ਾਮਲ ਹਨ, ਜਿਨਾਂ 'ਚੋਂ ਪਹਿਲੇ ਪੰਜ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਜਦੋਂ ਕਿ ਅਬਦੁਲ ਰਜ਼ਾਕ ਪਿੰਡ ਮੌਲੀ ਬੈਦਵਾਨ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ ► ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖਬਰ, 14 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ     

ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਫ਼ਿਲਹਾਲ ਇਨ੍ਹਾਂ ਨੂੰ ਘਰ ਨਹੀਂ ਭੇਜਿਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 'ਚ ਬਣਾਏ ਗਏ ਜ਼ਿਲਾ ਪੱਧਰੀ 'ਇਕਾਂਤਵਾਸ ਕੇਂਦਰ' 'ਚ ਰੱਖਿਆ ਜਾਵੇਗਾ। 14 ਦਿਨਾਂ ਦਾ ਸਮਾਂ ਮੁਕੰਮਲ ਹੋਣ ਮਗਰੋਂ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

ਸੂਬੇ ਭਰ 'ਚ 51 ਮਰੀਜ਼ ਠੀਕ ਹੋ ਕੇ ਘਰ ਪਰਤੇ
ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 500 ਬਿਸਤਰੇ ਵਾਲਿਆਂ ਗਿਆਨ ਸਾਗਰ ਇੰਸਟੀਚਿਊਟ ਬਨੂੰੜ ਤੋਂ 8 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਇਨ੍ਹਾਂ ਸਮੇਤ ਕੁੱਲ 13 ਮਰੀਜ਼ ਠੀਕ ਹੋ ਗਏ ਹਨ, ਜਦਕਿ ਸੂਬੇ ਭਰ 'ਚ 51 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸੇ ਤਰ੍ਹਾਂ 184 ਮਰੀਜ਼ਾਂ ਨੂੰ ਵੱਖ-ਵੱਖ ਸਰਕਾਰੀ ਕੇਂਦਰਾਂ ਵਿਚ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਸਿਰਫ ਇਕ ਮਰੀਜ਼ ਨੂੰ ਆਕਸੀਜਨ ਸਪੋਰਟ ਅਤੇ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਐਬੂਲੈਂਸ ਸੇਵਾ ਤੋਂ ਲੈ ਕੇ ਟੈਸਟ, ਇਲਾਜ, ਪੋਸ਼ਟਿਕ ਖਾਣਾ-ਪੀਣਾ ਸਮੇਤ ਸਾਰੀਆਂ ਸਿਹਤ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਅਤੇ ਮਰੀਜ਼ਾਂ ਦਾ ਆਤਮ ਵਿਸ਼ਵਾਸ਼ ਕਾਇਮ ਰੱਖਣ ਲਈ ਉਨ੍ਹਾਂ ਦੀ ਕੌਂਸਲਿੰਗ ਵੀ ਕੀਤੀ ਜਾਂਦੀ ਹੈ।


Anuradha

Content Editor

Related News