ਆਈ. ਟੀ. ਆਈ. ''ਚ ''ਪਹਿਲਾਂ ਆਓ, ਪਹਿਲਾਂ ਪਾਓ'' ਸਕੀਮ ਨੇ ਪਾਇਆ ਪਵਾੜਾ!
Saturday, Aug 12, 2017 - 12:00 AM (IST)

ਨਵਾਂਸ਼ਹਿਰ, (ਮਨੋਰੰਜਨ)- ਸਰਕਾਰੀ ਆਈ. ਟੀ. ਆਈ. ਨਵਾਂਸ਼ਹਿਰ 'ਚ ਖਾਲੀ ਪਈਆਂ ਅਲੱਗ-ਅਲੱਗ ਟ੍ਰੇਡਸ ਦੀਆਂ 71 ਸੀਟਾਂ ਲਈ ਸ਼ੁੱਕਰਵਾਰ ਨੂੰ ਚੌਥੀ ਤੇ ਅੰਤਿਮ ਕੌਂਸਲਿੰਗ ਸੀ। ਆਈ. ਟੀ. ਆਈ. ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਤਿੰਨ ਕੌਂਸਲਿੰਗਸ ਤੋਂ ਬਾਅਦ ਇਹ ਕਿਹਾ ਗਿਆ ਕਿ ਸ਼ੁੱਕਰਵਾਰ ਚੌਥੀ ਕੌਂਸਲਿੰਗ 'ਤੇ ਜੋ ਵਿਦਿਆਰਥੀ ਪਹਿਲਾਂ ਆਵੇਗਾ, ਉਸ ਨੂੰ ਸਰਕਾਰ ਦੀ 'ਪਹਿਲਾਂ ਆਓ, ਪਹਿਲਾਂ ਪਾਓ' ਸਕੀਮ ਤਹਿਤ ਐਡਮਿਸ਼ਨ ਦੇ ਦਿੱਤੀ ਜਾਵੇਗੀ। ਆਪਣਾ ਭਵਿੱਖ ਬਣਾਉਣ ਲਈ ਇਕ ਵਿਦਿਆਰਥੀ ਵੀਰਵਾਰ ਰਾਤ ਦਸ ਵਜੇ ਤੇ ਕੁਝ ਵਿਦਿਆਰਥੀ ਸ਼ੁੱਕਰਵਾਰ ਸਵੇਰੇ ਚਾਰ ਵਜੇ ਆਈ. ਟੀ. ਆਈ. ਦੇ ਗੇਟ 'ਤੇ ਡਟ ਗਏ।
ਚੌਕੀਦਾਰ ਨੇ ਵੀ ਰਜਿਸਟਰ 'ਤੇ ਵਿਦਿਆਰਥੀਆਂ ਦੀ ਐਂਟਰੀ ਕਰ ਕੇ ਉਨ੍ਹਾਂ ਦੀ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ। ਸਵੇਰੇ 8.30 ਵਜੇ ਜਿਵੇਂ ਹੀ ਆਈ. ਟੀ. ਆਈ. ਦਾ ਸਟਾਫ ਆਇਆ ਤਾਂ ਉਸ ਵਿਚ ਸਿਲੈਕਸ਼ਨ ਕਮੇਟੀ ਦੇ ਇਕ ਮੈਂਬਰ ਨੇ ਵਿਦਿਆਰਥੀਆਂ ਨੂੰ ਟੋਕਨ ਵੰਡਣੇ ਸ਼ੁਰੂ ਕਰ ਦਿੱਤੇ, ਜਿਸ ਦੇ ਆਧਾਰ 'ਤੇ ਰਜਿਸਟਰ ਵਿਚ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ ਗਈ। ਇਸ 'ਤੇ ਪਹਿਲਾਂ ਆਏ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ, ਜਿਸ ਮਗਰੋਂ ਸਥਿਤੀ ਤਣਾਅਪੂਰਨ ਹੋ ਗਈ। ਰਾਤ ਦਸ ਵਜੇ ਬਲਾਚੌਰ ਤੋਂ ਆਏ ਵਿਦਿਆਰਥੀ ਰਮਨਦੀਪ ਸਿੰਘ ਬੈਂਸ ਤੇ ਸਵੇਰੇ 4 ਵਜੇ ਨਵਾਂਸ਼ਹਿਰ ਤੋਂ ਆਏ ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਹ ਦੋਵੇਂ ਸਭ ਤੋਂ ਪਹਿਲਾਂ ਆਏ ਹਨ, ਜਦੋਂਕਿ ਰਜਿਸਟਰ 'ਤੇ ਉਨ੍ਹਾਂ ਤੋਂ ਅੱਗੇ ਤਿੰਨ ਹੋਰ ਵਿਦਿਆਰਥੀਆਂ ਦੇ ਨਾਂ ਲਿਖ ਲਏ ਗਏ ਹਨ। ਇਸ ਕਰਕੇ ਹੋਰ ਵਿਦਿਆਰਥੀ ਵੀ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਇਤਰਾਜ਼ ਪ੍ਰਗਟਾਇਆ। ਵਿਦਿਆਰਥੀਆਂ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਦੱਸਿਆ, ਜਿਨ੍ਹਾਂ ਇਸ ਮਾਮਲੇ ਦੀ ਜਾਂਚ ਸਿਲੈਕਸ਼ਨ ਕਮੇਟੀ ਨੂੰ ਕਰਨ ਲਈ ਕਿਹਾ।
ਬਾਅਦ ਦੁਪਹਿਰ ਸਿਲੈਕਸ਼ਨ ਕਮੇਟੀ ਨੇ ਜਾਂਚ ਕਰਨ ਤੋਂ ਬਾਅਦ ਉਕਤ ਦੋਵੇਂ ਵਿਦਿਆਰਥੀਆਂ ਨੂੰ ਸਹੀ ਪਾਉਂਦੇ ਹੋਏ ਉਨ੍ਹਾਂ ਨੂੰ ਪਹਿਲੇ ਤੇ ਦੂਜੇ ਨੰਬਰ 'ਤੇ ਲੈ ਲਿਆ। ਇਸ ਸਬੰਧ 'ਚ ਵਿਦਿਆਰਥੀਆਂ ਰਮਨ ਸਿੰਘ ਬੈਂਸ ਤੇ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਦੋਵੇਂ ਇਲੈਕਟ੍ਰੀਸ਼ੀਅਨ ਟਰੇਡ ਵਿਚ ਦਾਖਲਾ ਲੈਣਾ ਚਾਹੁੰਦੇ ਸੀ, ਜਿਸ ਦੀਆਂ ਸਿਰਫ ਦੋ ਸੀਟਾਂ ਹੀ ਸਨ, ਇਸ ਲਈ ਉਹ ਦੇਰ ਰਾਤ ਤੇ ਸਵੇਰੇ ਜਲਦੀ ਗੇਟ 'ਤੇ ਡਟੇ ਰਹੇ, ਜਦੋਂਕਿ ਹੋਰ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਰਕਾਰ ਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਸਕੀਮ ਦੀ ਜਗ੍ਹਾ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਚੋਣ ਕਰਨੀ ਚਾਹੀਦੀ ਸੀ।