ਖੜਗੇ ਦੇ ਸਮਾਗਮ ਦਾ ਸੱਦਾ ਉਡੀਕ ਰਹੇ ਸਿੱਧੂ, ਕਿਹਾ, 'ਟੁੱਚੂ ਬੰਦੇ ਦੇ ਕਹਿਣ 'ਤੇ ਕਿਵੇਂ ਬਾਹਰ ਕਰ ਦੇਣਗੇ'

02/09/2024 7:09:10 PM

ਜਲੰਧਰ (ਵੈੱਬ ਡੈਸਕ)- ਨਵਜੋਤ ਸਿੰਘ ਸਿੱਧੂ ਨੂੰ ਅੱਜਕਲ੍ਹ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਕਿਸੇ ਪਾਸੋਂ ਨਹੀਂ ਕੀਤੀ ਜਾ ਰਹੀ ਹੈ ਕਿ ਸਿੱਧੂ ਕਾਂਗਰਸ ਵਿੱਚੋਂ ਆਊਟ ਹੋਣਗੇ ਜਾਂ ਨਹੀਂ। ਬੀਤੇ ਦਿਨ 'ਜਗ ਬਾਣੀ' ਟੀਵੀ ਨਾਲ ਕੀਤੇ ਗਏ ਵਿਸ਼ੇਸ਼ ਇੰਟਰਵਿਊ ਵਿਚ ਜਦੋਂ ਸਿੱਧੂ ਨੂੰ ਕਾਂਗਰਸ 'ਚੋਂ ਬਾਹਰ ਕੱਢੇ ਜਾਣ ਦਾ ਸਵਾਲ ਕੀਤਾ ਗਿਆ ਤਾਂ ਇਸ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਕਿਸੇ ਟੁੱਚੂ ਬੰਦੇ ਦੇ ਕਹਿਣ 'ਤੇ ਮੈਨੂੰ ਕਿਵੇਂ ਬਾਹਰ ਕਰ ਦੇਣਗੇ। ਉਨ੍ਹਾਂ ਪਾਰਟੀ ਪ੍ਰਧਾਨ ਦਾ ਨਾਂ ਲਏ ਬਿਨਾਂ ਕਈ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਇਹ ਡਰਾ ਕਿਸ ਨੂੰ ਰਹੇ ਹਨ, ਮੇਰਾ ਗੁਨਾਹ ਕੀ ਹੈ। ਮੈਂ ਕਿੱਥੇ ਅਨੁਸ਼ਾਸਨ ਭੰਗ ਕੀਤਾ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਇਕੱਠ ਕਰਨ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਕੀ ਇਹ ਅਨੁਸ਼ਾਸਨਹੀਣਤਾ ਨਹੀਂ ਹੈ? ਕਿਸੇ ਵੱਲੋਂ ਆਪਣਾ ਗਰੁੱਪ ਬਣਾਉਣਾ ਕੀ ਇਹ ਅਨੁਸ਼ਾਸਨਹੀਣਤਾ ਨਹੀਂ?  ਮੈਂ ਅੱਜ ਤੱਕ ਕਿਸੇ ਵਰਕਰ ਖ਼ਿਲਾਫ਼ ਨਹੀਂ ਬੋਲਿਆ। ਜੇ ਮੈਂ ਨਹੀਂ ਬੋਲਿਆ ਤਾਂ ਜਿਹੜੇ ਪਹਿਲ ਕਰਦੇ ਹਨ, ਉਹ ਵੇਖਣ। ਅਨੁਸ਼ਾਸਨ ਜਿਹੜੇ ਭੰਗ ਕਰਦੇ ਹਨ, ਕੀ ਉਨ੍ਹਾਂ ਲਈ ਅਨੁਸ਼ਾਨ ਠੀਕ ਹੈ ? ਜਦੋਂ ਮੈਂ ਪ੍ਰਧਾਨ ਸੀ ਤਾਂ ਮੈਂ ਕਿਸੇ ਨੂੰ ਵੀ ਪਾਰਟੀ ਵਿਚੋਂ ਬਾਹਰ ਨਹੀਂ ਸੀ ਕੱਢਿਆ। 

ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਬਾਰੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਕਾਂਗਰਸੀ ਹਾਂ, ਸਾਨੂੰ ਜਿੱਥੇ ਮਰਜ਼ੀ, ਜੋ ਮਰਜ਼ੀ ਜਦੋਂ ਮਰਜ਼ੀ ਕੱਢ ਦੇਣ ਪਰ ਸਾਡੇ ਅੰਦਰੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਕੋਈ ਨਹੀਂ ਕੱਢ ਸਕਦਾ। ਸਿੱਧੂ ਨੇ ਕਿਹਾ ਕਿ ਪਾਰਟੀ ਦੇ ਨਾਲ ਇਕ ਫ਼ੀਸਦੀ ਵੀ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਚੀਜ਼ਾਂ ਵਿਰੋਧੀਆਂ ਨੂੰ ਸੂਟ ਕਰਦੀਆਂ ਹਨ ਇਸ ਕਰਕੇ ਚਰਚਾਵਾਂ ਛਿੜਦੀਆਂ ਹਨ।

ਇਹ ਵੀ ਪੜ੍ਹੋ: ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ

ਜੇ ਕੋਈ ਬੁਲਾਏਗਾ ਤਾਂ ਮੈਂ ਜ਼ਰੂਰ ਜਾਵਾਂਗਾ  
ਉਥੇ ਹੀ 11 ਫਰਵਰੀ ਨੂੰ ਸਮਰਾਲਾ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਸਿੱਧੂ ਦਾ ਕਹਿਣਾ ਹੈ ਕਿ ਜੇ ਕੋਈ ਬੁਲਾਏਗਾ ਤਾਂ ਉਹ ਜ਼ਰੂਰ ਜਾਣਗੇ। ਉਨ੍ਹਾਂ ਪੁਸ਼ਟੀ ਕੀਤੀ ਕਿ ਹਾਲੇ ਤੱਕ ਕਿਸੇ ਨੇ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਨਹੀਂ ਕਿਹਾ ਹੈ ਪਰ ਨਾਲ ਇਹ ਗੱਲ ਵੀ ਕਹੀ ਕਿ ਮੈਨੂੰ ਕੋਈ ਵੀ ਬੁਲਾਏਗਾ ਤਾਂ ਮੈਂ ਜਰੂਰ ਜਾਵਾਂਗਾ। ਕੋਈ ਇਕ ਵਾਰ ਵੀ ਕਹੇਗਾ ਕਿ ਪ੍ਰਧਾਨ ਸਾਬ੍ਹ ਤੁਸੀਂ ਪਹੁੰਚਣਾ ਹੈ ਤਾਂ ਮੈਂ ਜ਼ਰੂਰ ਸ਼ਾਮਲ ਹੋਵਾਂਗਾ। ਮੇਰੀ ਆਤਮਾ ਖ਼ੜ੍ਹਗੇ ਸਾਬ੍ਹ ਦੇ ਨਾਲ ਹੈ। ਮੈਂ ਉਨ੍ਹਾਂ ਦਾ ਸੁਆਗਤ ਵੀ ਕਰਾਂਗਾ, ਮੈਂ ਕਾਂਗਰਸ ਦਾ ਇਕ ਸਿਪਾਹੀ ਹਾਂ, ਜਿੱਥੇ ਮੇਰੀ ਲੋੜ ਹੋਵੇਗੀ, ਮੈਂ ਉਥੇ ਜ਼ਰੂਰ ਪਹੁੰਚਾਂਗਾ। ਮੈਂ ਕਿਸੇ ਗਿੱਦੜ-ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਪੰਜਾਬ ਦੀ ਖਾਿਤਰ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ ਅਤੇ ਕਾਂਗਰਸ ਦੀ ਵਿਚਾਰ ਧਾਰਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ।  

ਹੁਣ ਮਜੀਠੀਆ ਦੀ ਕੀਤੀ ਤਾਰੀਫ਼ ਤੇ ‘ਜੱਫ਼ੀ’ ’ਤੇ ਦਿੱਤਾ ਸਪੱਸ਼ਟੀਕਰਨ
ਸਿੱਧੂ ਨੇ ਜਿੱਥੇ ਬੀਤੇ ਸਮੇਂ ਆਪਣੇ ਕੱਟਣ ਸਿਆਸੀ ਦੁਸ਼ਮਣ ਬਿਕਰਮ ਮਜੀਠੀਆ ਨੂੰ ਜੱਫੀ ਪਾਈ ਸੀ ਉੱਥੇ ਹੁਣ ਉਹ ਵਿਰੋਧੀ ਬਿਕਰਮ ਸਿੰਘ ਮਜੀਠੀਆ ਦੀ ਤਾਰੀਫ਼ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਬਿਕਰਮ ਵਿਰੋਧੀ ਧਿਰ ਦਾ ਚੰਗਾ ਰੋਲ ਅਦਾ ਕਰ ਰਿਹਾ ਹੈ। ਉਨਾਂ ਮਜੀਠੀਆ ਨੂੰ ਪਾਈ ਜੱਫ਼ੀ ਦਾ ਸਪੱਸ਼ਟੀਕਰਨ ਿਦੰਦਿਆਂ ਕਿਹਾ ਕਿ ਬਿਕਰਮ ਪ੍ਰਤੀ ਉਨ੍ਹਾਂ ਦੇ ਦਿਲ ਵਿਚ ਨਾ ਤਾਂ ਕੋਈ ਬਦਲੇ ਦੀ ਭਾਵਨਾ ਹੈ ਅਤੇ ਨਾ ਹੀ ਕੋਈ ਰੰਝ ਹੈ। ਜੱਫੀ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੈਂ ਜੋ ਵੀ ਕੀਤਾ ਸ਼ਰੇਆਮ ਕੀਤਾ, ਕਿਸੇ ਫਾਰਮ ਹਾਊਸ ’ਤੇ ਜਾ ਕੇ ਨਹੀਂ ਕੀਤਾ ਅਤੇ ਨਾ ਹੀ ਰਾਤਾਂ ਦੇ ਹਨ੍ਹੇਰਿਆਂ ’ਚ ਕੀਤਾ ਹੈ। ਜੇ ਕੋਈ ਗਲਤ ਕਰੇਗਾ ਤਾਂ ਮੈਂ ਅੱਜ ਵੀ ਵਿਰੋਧ ਕਰਾਂਗਾ। 

ਇਹ ਵੀ ਪੜ੍ਹੋ: 'ਆਪ' ਨੂੰ ਭੰਡਣ ਤੇ ਗਠਜੋੜ ਦੀ ਮੰਗ 'ਤੇ ਸੁਣੋ ਨਵਜੋਤ ਸਿੱਧੂ ਦਾ ਸਪੱਸ਼ਟੀਕਰਨ

 

'ਆਪ' ਨੂੰ ਭੰਡਣਾ ਤੇ ਗਠਜੋੜ ਦੋਨੋ ਇਕੱਠੇ ਕਿਵੇਂ ਸੰਭਵ 
ਸਿੱਧੂ ਕੋਲੋਂ ਜਦੋਂ 'ਆਪ' ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ ਅਤੇ ਦੂਜੇ ਪਾਸੇ ਉਨ੍ਹਾਂ ਨਾਲ ਅਲਾਇੰਸ ਦੀ ਹਾਮੀ ਦੇ ਦੋਹਰੇ ਮਾਪਦੰਢ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਸੀ ਕਿ ਮੈਂ ਅਲਾਇੰਸ ਨੂੰ ਸਪੋਰਟ ਨਹੀਂ ਕੀਤੀ, ਜੋ ਹਾਈਕਮਾਂਡ ਕਹੇਗੀ ਮੈਂ ਕਰਾਂਗਾ। ਉਨ੍ਹਾਂ ਿਕਹਾ ਿਕ ਨਾ ਤਾਂ ਸੈਂਟਰ ਵਿਚ 'ਆਪ' ਹੈ ਅਤੇ ਨਾ ਹੀ ਕਾਂਗਰਸ ਹੈ। ਇਹ ਲੜਾਈ ਸਿਰਫ਼ ਸੈਂਟਰ ਦੇ ਪ੍ਰਧਾਨ ਮੰਤਰੀ ਦੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਅਤੇ ਪ੍ਰਧਾਨ ਮੰਤਰੀ ਦੀ ਚੋਣ ਦੋਵੇਂ ਵੱਖ-ਵੱਖ ਚੀਜ਼ਾਂ ਹਨ। ਇਥੇ ਅਸੀਂ ਸਟੇਟ ਦੇ ਫੈਡਰਲ ਸਟਰਕਚਰ ਨੂੰ ਡਿਫੈਂਡ ਕਰਦੇ ਹਾਂ। ਲਾਅ ਸਾਡਾ ਤੇ ਐਗਰੀਕਲਚਰ ਲਾਅ ਸਟੇਟ ਲਿਸਟ ਦਾ ਪਰ ਤੁਸੀਂ ਕਮਰਸ਼ੀਅਲ ਲਾਅ ਕਿਵੇਂ ਬਣਾ ਦਿੱਤਾ। ਕੋਈ ਨਹੀਂ ਬੋਲਿਆ ਇਸ 'ਤੇ?  

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਕੀਤੀ ਮਜੀਠੀਆ ਦੀ ਤਾਰੀਫ਼, ‘ਜੱਫ਼ੀ’ ’ਤੇ ਦਿੱਤਾ ਸਪੱਸ਼ਟੀਕਰਨ

ਭਾਜਪਾ ਪ੍ਰਤੀ ਬਦਲੇ ਸਿੱਧੂ ਦੇ ਸੁਰ
ਹੁਣ ਤੱਕ ਸਿੱਧੂ ਭਾਜਪਾ ਪ੍ਰਤੀ ਜਿਆਦਾ ਤਿੱਖਾ ਨਹੀਂ ਬੋਲ ਰਹੇ ਸਨ, ਜਿਸ ਤੋਂ ਅੰਦਾਜ਼ੇ ਲੱਗ ਰਹੇ ਸਨ ਕਿ ਸ਼ਾਇਦ ਘਰ ਵਾਪਸੀ ਹੋ ਸਕਦੀ ਹੈ ਪਰ ਇਸ ਇੰਟਰਵਿਊ ਦੌਰਾਨ ਸਿੱਧੂ ਦੇ ਭਾਜਪਾ ਪ੍ਰਤੀ ਤਿੱਖੇ ਤੇਵਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਤੱਕ ਡਟੇ ਰਹੇ। ਇਹ ਕਹਿੰਦੇ ਸੀ ਕਿਸਾਨਾਂ ਦੀ ਇਨਕਮ ਡਬਲ ਕਰ ਦਿਆਂਗੇ। ਕਿਹੜੀ ਇਨਕਮ ਡਬਲ ਕੀਤੀ। ਚੰਡੀਗੜ੍ਹ ਨੂੰ ਲੈ ਕੇ ਇਹ ਕਹਿੰਦੇ ਸਨ ਕਿ 10 ਸਾਲ ਬਾਅਦ ਹਰਿਆਣੇ ਨੂੰ ਨਵੀਂ ਥਾਂ ਦੇ ਦਿਆਂਗੇ, 60-40 ਦੀ ਰੇਸ਼ੋ ਹੋਵੇਗੀ। ਪਰ ਹਾਲੇ ਤੱਕ ਕੁਝ ਨੀ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਰਾਮ ਮੰਦਰ ਦੇ ਮਸਲੇ 'ਤੇ ਬੋਲਦਿਆਂ ਕਿਹਾ ਕਿ ਰਾਮ ਮੰਦਰ ਬਣਾਉਣ ਨਾਲ ਕੁਝ ਨਹੀਂ ਹੋਣਾ ਪਰ ਰਾਮ ਭਗਵਾਨ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਉਸ ਤੋਂ ਵੀ ਵੱਡੀ ਗੱਲ ਹੈ। ਸਿੱਧੂ ਨੇ ਕਿਹਾ ਜੇਕਰ ਉਹ ਠੀਕ ਹਨ ਤਾਂ ਦੱਸਣ ਕਿ ਪੈਟਰੋਲ ਦੀਆਂ ਕੀਮਤਾ ਵੱਧ ਗਈਆਂ ਪਰ ਕੰਮ ਕਰਨ ਵਾਲਿਆਂ ਦੀ ਤਨਖ਼ਾਹ ਕਿੰਨੀ ਵਧੀ ਹੈ? ਉਨ੍ਹਾਂ ਕਿਹਾ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ ਪਰ ਉਸ 'ਤੇ ਖੜ੍ਹਨਾ ਔਖਾ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਆਪਣੇ ਵਿਆਹ ਦਾ ਕਾਰਡ ਦੇਣ ਆਏ ਟ੍ਰੈਵਲ ਏਜੰਟ ਨੇ ਔਰਤ ਨਾਲ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News