ਸਿੱਧੂ ਵਰਗਿਆਂ ਨੂੰ ਵਿਧਾਨ ਸਭਾ ਦਾ ਅਨੁਸ਼ਾਸਨੀ ਪਾਠ ਪੜ੍ਹਾਉਣ ਕੈਪਟਨ : ਯੂਥ ਅਕਾਲੀ ਦਲ

03/30/2017 6:00:49 PM

ਬੁਢਲਾਡਾ (ਮਨਜੀਤ) : ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਬਹਿਸ ਦੌਰਾਨ ਬਨਾਰਸ ਦਾ ਠੱਗ ਕਹੇ ਜਾਣ ''ਤੇ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਨਵਜੋਤ ਸਿੱਧੂ ਨੂੰ ਮਰਿਆਦਾ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਯੂਥ ਅਕਾਲੀ ਦਲ ਮਾਲਵਾ ਜ਼ੋਨ-1 ਦੇ ਜਰਨਲ ਸਕੱਤਰ ਰਘੁਵੀਰ ਸਿੰਘ ਮਾਨਸਾ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਵਿਧਾਨ ਸਭਾ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਇਸ ਸਮੇਂ ਪੰਜਾਬ ਸਰਕਾਰ ਵਿਚ ਅਹਿਮ ਸਥਾਨ ਰੱਖਦੇ ਹਨ ਕਿਉਂਕਿ ਸਦਨ ਦੀ ਕਾਰਵਾਈ ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਦੇਖਦੇ ਹਨ। ਆਗੂਆਂ ਨੇ ਨਾਲ ਹੀ ਸਿੱਧੂ ਨੂੰ ਕਿਹਾ ਕਿ ਇਸ ਗੱਲ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਹੁਣ ਤੱਕ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋ.ਅ.ਦ. ਵੱਲੋਂ ਦਿੱਤੇ ਅਹੁਦਿਆਂ ਦਾ ਨਿੱਘ ਵੀ ਮਾਣਿਆ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਸਿੱਧੂ ਵਰਗੇ ਪਹਿਲੀ ਵਾਰ ਪੰਜਾਬ ਸਰਕਾਰ ਦੇ ਬਣੇ ਕੈਬਨਿਟ ਮੰਤਰੀ ਨੂੰ ਵਿਧਾਨ ਸਭਾ ਦਾ ਅਨੁਸ਼ਾਸਨੀ ਪਾਠ ਪੜ੍ਹਾਉਣ ਤਾਂ ਕਿ ਸਦਨ ਦੀ ਪਵਿੱਤਰਤਾ ਭੰਗ ਨਾ ਹੋਵੇ। ਆਗੂਆਂ ਨੇ ਅਖੀਰ ਵਿਚ ਕਿਹਾ ਕਿ ਸਿੱਧੂ ਨੇ ਜੇ ਆਪਣੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੰਦ ਨਾ ਕੀਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਕੁਝ ਸੋਚਣ ਲਈ ਮਜਬੂਰ ਹੋਵੇਗਾ।


Gurminder Singh

Content Editor

Related News