10 ਸਾਲ ਕਾਂਗਰਸੀਆਂ ''ਤੇ ਜ਼ੁਲਮ ਕਰਨ ਵਾਲੇ ਹੁਣ ਜਬਰ ਵਿਰੋਧੀ ਰੈਲੀਆਂ ਕਰਨ ਲੱਗੇ : ਸਿੱਧੂ

08/08/2017 4:08:07 PM

ਰਈਆ (ਦਿਨੇਸ਼, ਹਰਜੀਤਪ੍ਰੀਤ,  ਰਾਕੇਸ਼, ਅਠੌਲਾ)-ਰੈਲੀਆਂ ਕਰਵਾਉਣ ਵਿਚ ਮਾਹਿਰ ਮੰਨੇ ਜਾਂਦੇ ਮਾਝੇ ਦੇ ਜਰਨੈਲ ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਇਕ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਬਣੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ ਵਿਸ਼ਾਲ ਕਾਨਫਰੰਸ ਦੌਰਾਨ ਅੱਤ ਦੀ ਗਰਮੀ ਵਿਚ ਵੀ ਇਨ੍ਹਾਂ ਦੇ ਪਿਆਰ ਸਦਕਾ ਲੋਕ ਘੰਟਿਅਬੱਧੀ ਬੈਠੇ ਰਹੇ। 
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਲੋਂ ਵੇਚੇ ਗਏ ਨਸ਼ਿਆਂ ਕਾਰਨ ਅਕਾਲੀ ਦਲ ਸੂਬੇ ਵਿਚੋਂ ਤੀਜੇ ਨੰਬਰ 'ਤੇ ਆਇਆ ਹੈ ਤੇ 'ਰਾਜ ਨਹੀਂ ਸੇਵਾ' ਦਾ ਨਾਅਰਾ ਮਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ 10 ਸਾਲ ਹੋਰ ਤਾਂ ਕਿਸੇ ਦਾ ਪਤਾ ਨਹੀਂ ਪਰ ਕਾਂਗਰਸੀਆਂ ਨੇ ਥਾਣਿਆਂ ਵਿਚ ਪੂਰੀ ਸੇਵਾ ਕੀਤੀ ਹੈ। 
ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿਚ ਜਬਰ ਵਿਰੋਧੀ ਰੈਲੀਆਂ ਕੱਢਣ ਵਾਲੇ ਬਾਦਲਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਅੰਮ੍ਰਿਤਸਰ ਦੀ ਰੱਖਿਆ ਕਰਦੇ ਇਕ ਇੰਸਪੈਕਟਰ ਦਾ ਕਤਲ ਕੀਤਾ, ਬਰਗਾੜੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲੀਆਂ ਚਲਾਈਆਂ, ਮੋਗਾ ਬੱਸ ਕਾਂਡ ਵਿਚ ਲੜਕੀ ਬੱਸ 'ਚੋਂ ਬਾਹਰ ਸੁੱਟ ਕੇ ਮਾਰੀ ਗਈ, ਛਬੀਲ ਦੇ ਨਾਂ 'ਤੇ ਸੰਤਾਂ 'ਤੇ ਜਾਨਲੇਵਾ ਹਮਲਾ ਹੋਣਾ, ਨਾਮਧਾਰੀ ਕੂਕਾ ਬਰਾਦਰੀ ਦੀ ਕੌਮ ਲਈ ਲੜਨ ਵਾਲੀ ਮਾਤਾ ਚੰਦ ਕੌਰ ਦਾ ਕਤਲ ਹੋਣਾ, ਵੱਡੇ ਟਰਾਂਸਪੋਰਟਰਾਂ ਕੋਲੋਂ ਜਬਰੀ ਟਰਾਂਸਪੋਰਟਾਂ ਤੇ ਵੱਡੇ ਕੇਬਲ ਆਪ੍ਰੇਟਰਾਂ ਤੋਂ ਕੇਬਲ ਕਾਰੋਬਾਰ ਖੋਹਣਾ, ਕੀ ਇਹ ਸਭ ਜਬਰ ਨਹੀਂ ਹੋਇਆ। ਕੇਜਰੀਵਾਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਜਾਬ ਦੇ ਚੱਕਰ ਮਾਰਨ ਵਾਲੇ ਕੇਜਰੀਵਾਲ ਨੂੰ ਹੁਣ ਪੰਜਾਬ ਦਾ ਚੇਤਾ ਹੀ ਭੁੱਲ ਗਿਆ।
ਇਸ ਮੌਕੇ ਸਿੱਧੂ ਨੇ ਕਸਬਾ ਰਈਆ ਨੂੰ 1 ਕਰੋੜ ਰੁਪਏ, ਬਾਬਾ ਬਕਾਲਾ ਸਾਹਿਬ ਨੂੰ ਨਗਰ ਪੰਚਾਇਤ ਬਣਾਉਣ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਪਾਲੀਟੈਕਨਿਕ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ। 
ਇਸ ਸਮੇਂ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਬਾਬਾ ਬਕਾਲਾ ਸਾਹਿਬ ਹਲਕੇ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ 10 ਸਾਲਾਂ ਵਿਚ ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਦਾ ਹੀ ਵਿਕਾਸ ਨਹੀਂ ਕਰਵਾ ਸਕੇ। 
ਇਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀਆਂ ਨੂੰ ਕਿਹਾ ਕਿ ਤੁਸੀ ਚਿੰਤਾ ਨਾ ਕਰੋ ਝੂਠੇ ਪਰਚਿਆਂ ਦੀ ਡਿਟੇਲ ਪੰਜਾਬ ਸਰਕਾਰ ਨੇ ਮੰਗਵਾ ਲਈ ਹੈ ਤੇ ਬਹੁਤ ਜਲਦੀ ਅਕਾਲੀਆਂ ਵਲੋਂ ਕਾਂਗਰਸੀਆਂ 'ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣਗੇ ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਹਸਪਤਾਲਾਂ ਵਿਚ ਲੋਕਾਂ ਦੀ ਇੰਨੀ ਲੁੱਟ-ਖਸੁੱਟ ਹੋ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਸਪਤਾਲਾਂ ਵਿਚ ਆਪਣੇ ਹੀ ਮੈਡੀਕਲ ਸਟੋਰ ਬਣਾਏ ਹਨ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਉਥੋਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਨ੍ਹਾਂ ਮਸੰਦਾਂ ਨੂੰ ਬਾਹਰ ਦਾ ਰਸਤਾ ਦਿਖਾਓ। ਆਪਣੇ ਸਿਆਸੀ ਕੈਰੀਅਰ ਦੌਰਾਨ 20ਵਾਂ ਮੇਲਾ ਮਨਾਉਂਦਿਆਂ ਡਿੰਪਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਕਰ ਕੇ ਲੋਕਾਂ ਦਾ ਲੱਕ ਤੋੜ ਦਿੱਤਾ ਸੀ ਤੇ ਹੁਣ ਜੀ. ਐੱਸ. ਟੀ. ਲਾ ਕੇ ਹਰ ਵਪਾਰੀ ਦੇ ਚਿਹਰੇ ਦੀ ਰੌਣਕ ਹੀ ਖੋਹ ਲਈ ਹੈ। 
ਵਿਧਾਇਕ ਭਲਾਈਪੁਰ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨਾ ਆਉਂਦੀ ਤਾਂ ਸਾਡੀਆਂ ਧੀਆਂ ਲਈ ਬਿਨਾਂ ਨਸ਼ੇ ਵਾਲਾ ਲੜਕਾ ਲੱਭਣਾ ਮੁਸ਼ਕਿਲ ਹੋ ਜਾਣਾ ਸੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਥਾਣਿਆਂ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਕੁਰਸੀਆਂ ਦੇਣੀਆਂ ਬੰਦ ਕਰਨ ਤੇ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਆਮ ਜਨਤਾ ਦੇ ਵੀ ਕੰਮ ਕਰਨ। 
 


Related News