ਬੇਅਦਬੀ ਘਟਵਾਨਾਂ ਦੇ ਦੋਸ਼ੀਆਂ ਨੂੰ ਸ਼ਖਤ ਸਜ਼ਾਵਾਂ ਦਿਵਾਉਣ ਤੱਕ ਲੜਾਈ ਜਾਰੀ ਰਹੇਗੀ: ਸਿੱਧੂ
Wednesday, Sep 12, 2018 - 05:47 PM (IST)

ਨੌਸ਼ਹਿਰਾ ਮੱਝਾ ਸਿੰਘ /ਗੁਰਦਾਸਪੁਰ, (ਵਿਨੋਦ)— ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਅੱਜ ਗੁਰਦੁਆਰਾ ਸੰਤ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ।
ਸਮਾਗਮ ਉਪਰੰਤ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਪਵਿੱਤਰ ਅਸਥਾਨ ਤੇ ਸੂਬੇ ਅੰਦਰ ਖੁਸ਼ਹਾਲੀ ਤੇ ਅਮਨ ਸ਼ਾਂਤੀ ਬਣਾਏ ਰੱਖਣ ਸਬੰਧੀ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਤੇ ਕੀਰਤਨ ਦਰਬਾਰ 'ਚ ਪੁਹੰਚੇ ਹਨ ਅਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਮਿਲੇ ਤੇ ਪਰਮਾਤਮਾ ਸਾਨੂੰ ਬੱਲ ਬਖਸ਼ਣ।
ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਅੰਦਰ ਅਮਨ ਸ਼ਾਤੀ ਭੰਗ ਤੇ ਸੂਬੇ ਦੇ ਹਾਲਾਤ ਖਰਾਬ ਹੋਣ ਦਾ ਡਰ ਲੋਕਾਂ ਅੰਦਰ ਪੈਦਾ ਕਰਨ ਲਈ ਨਾਕਾਮ ਕੋਸ਼ਿਸ ਕਰ ਰਿਹਾ ਹੈ ਪਰ ਲੋਕ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਦਬੀ ਤੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਵਾਲਿਆਂ ਨੂੰ ਪਛਾਣ ਚੁੱਕੇ ਹਨ ਅਤੇ ਲੋਕਾਂ ਦੀ ਕਚਹਿਰੀ ਤੇ ਲੋਕਾਂ ਦੇ ਮਨਾਂ 'ਚ ਸ਼੍ਰੋਮਣੀ ਅਕਾਲੀ ਦਲ ਢਹਿ ਢੇਰੀ ਹੋ ਚੁੱਕਾ ਹੈ। ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਉਣ ਵਾਲੇ ਅਕਾਲੀ ਦਲ ਕਿਸ ਮੂੰਹ ਨਾਲ ਲੋਕਾਂ 'ਚ ਜਾਣਗੇ, ਇਸ ਲਈ ਉਹ ਵੱਖ-ਵੱਖ ਢੋਂਗ ਰਚਾ ਰਹੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਡੇਰਾ ਪ੍ਰੇਮੀ ਹੈ ਤੇ ਵੋਟਾਂ ਤੇ ਨੋਟਾਂ ਦੀ ਖਾਤਰ ਇਹ ਕਿਸੇ ਵੀ ਹੱਦ ਨੂੰ ਪਾਰ ਕਰ ਸਕਦੇ ਹਨ। ਦਿਖਾਵਾ ਕਰਨ ਵਾਲੇ ਇਹ ਲੋਕ ਗੁਰੂ ਦੇ ਨਾਂ ਤੇ ਲੋਕਾਂ ਨੂੰ ਵਰਗਲਾ ਕੇ ਆਪਣੀ ਸਿਆਸੀ ਰੋਟੀਆਂ ਸੇਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਘਰੇ ਬੁਲਾਉਣਾ, ਡੇਰਾ ਮੁਖੀ ਨੂੰ ਮਾਫੀ ਦੇਣੀ, ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਸਮੇਤ ਕਈ ਗੱਲਾਂ ਬਾਦਲਾਂ ਦਾ ਚਿਹਰਾ ਨੰਗਾ ਕਰਦੀਆਂ ਹਨ। ਉਨ੍ਹਾਂ ਦੁਹਰਾਇਆ ਕਿ ਦੋਸ਼ੀਆਂ ਨੂੰ ਜਿੰਨਾਂ ਚਿਰ ਤਕ ਸਜ਼ਾ ਨਹੀਂ ਮਿਲਦੀ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।
ਇਸ ਮੌਕੇ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਪੋਲ ਖੋਲ ਰੈਲੀਆਂ ਨੇ ਖੁਦ ਉਨ੍ਹਾਂ ਦੀ ਆਪਣੀ ਪੋਲ ਖੋਲ੍ਹ•ਕੇ ਰੱਖ ਦਿੱਤੀ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਸੱਚਾਈ ਕੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਸਿਆਸੀ ਰੋਟੀਆਂ ਤੇ ਆਪਣੇ ਅਸਲ ਕਿਰਦਾਰ ਨੂੰ ਛੁਪਾਉਣ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ ਪਰ ਦੁਨੀਆ ਭਰ 'ਚ ਵੱਸਦੇ ਪੰਜਾਬੀ ਇਨ੍ਹਾਂ ਦੇ ਅਸਲੀ ਚਿਹਰੇ ਤੋਂ ਵਾਕਫ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸ਼ਾਖ ਬਚਾਉਣ ਦੀ ਦੋੜ ਵਿਚ ਹਨ ਪਰ ਲੋਕ ਇਨ੍ਹਾਂ ਦੀ ਅਸਲੀਅਤ ਜਾਣ ਚੁੱਕੇ ਹਨ।