ਕੈਪਟਨ ਵੱਲੋਂ ਰੱਖੇ ਨੀਂਹ ਪੱਥਰਾਂ ’ਤੇ ਸਿੱਧੂ ਦੇ ਇਤਰਾਜ਼ਾਂ ਦਾ ਗ੍ਰਹਿਣ

07/17/2018 3:41:49 AM

ਲੁਧਿਆਣਾ(ਹਿਤੇਸ਼)-ਕੈਪਟਨ ਅਮਰਿੰਦਰ ਸਿੰਘ ਵੱਲੋਂ 11 ਮਾਰਚ ਨੂੰ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਰੱਖੇ ਗਏ ਨੀਂਹ ਪੱਥਰਾਂ ’ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ਾਂ ਦਾ ਗ੍ਰਹਿਣ ਲੱਗ ਰਿਹਾ ਹੈ, ਜਿਸ ਦੇ ਤਹਿਤ ਮਲਹਾਰ ਰੋਡ ਅਤੇ ਸਰਾਭਾ ਨਗਰ ਮਾਰਕੀਟ ਦੀ ਕਾਇਆਕਲਪ ਕਰਨ ਸਬੰਧੀ ਬਣਾਈ ਗਈ ਯੋਜਨਾ ਦੇ ਲਈ ਇਕ ਵਾਰ ਫਿਰ ਸਿੰਗਲ ਟੈਂਡਰ ਆਇਆ ਹੈ ਪਰ ਤੀਜੀ ਵਾਰ ਸਿੰਗਲ ਟੈਂਡਰ ਆਉਣ ਨੂੰ ਲੈ ਕੇ ਸਰਕਾਰ ਦੀਆਂ ਗਾਈਡ ਲਾਈਨਜ਼ ਦੇ ਮੁਤਾਬਕ ਉਸ ਪੇਸ਼ਕਸ਼ ਨੂੰ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਟੈਂਡਰਾਂ ਨੂੰ ਟੈਕਨੀਕਲ ਬਿਡ ’ਤੇ ਫੈਸਲਾ ਲੈਣ ਲਈ ਇਕ ਵਾਰ ਫਿਰ ਸਰਕਾਰ ਕੋਲ ਭੇਜਣਾ ਪਵੇਗਾ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਦੋ ਸਾਲ ਪਹਿਲਾਂ ਮਾਰਕ ਕੀਤੇ ਗਏ ਪ੍ਰਾਜੈਕਟਾਂ ’ਤੇ ਹੁਣ ਤਕ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਆਦਾ ਸਮਾਂ ਤਾਂ ਸਰਵੇ ਕਰਨ ਤੋਂ ਬਾਅਦ ਡੀ. ਪੀ. ਆਰ. ਬਣਾਉਣ ਵਿਚ ਹੀ ਨਿਕਲ ਗਿਆ ਹੈ। ਉਸ ਤੋਂ ਬਾਅਦ ਟੈਂਡਰ ਲਾਉਣ ਤੋਂ ਲੈ ਕੇ ਵਰਕ ਆਰਡਰ ਜਾਰੀ ਕਰਨ ਸਬੰਧੀ ਸਰਕਾਰੀ ਪੱਧਰ ’ਤੇ ਮਨਜ਼ੂਰੀ ਦੇਣ ਦੀ ਲੰਬੀ ਪ੍ਰਕਿਰਿਆ ਹੈ। ਉੱਪਰੋਂ, ਸਿੱਧੂ ਨੇ ਈ-ਟੈਂਡਰਿੰਗ ਦੇ ਬਾਵਜੂਦ ਸਿੰਗਲ ਟੈਂਡਰ ਮਨਜ਼ੂਰ ਨਾ ਕਰਨ ਦੀ ਸ਼ਰਤ ਲਾਈ ਹੋਈ ਹੈ ਜਿਸ ਨਾਲ ਕੈਪਟਨ ਵੱਲੋਂ 5 ਮਹੀਨੇ ਪਹਿਲਾਂ ਮਲਹਾਰ ਰੋਡ ’ਤੇ ਰੱਖੇ ਨੀਂਹ ਪੱਥਰਾਂ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਗ੍ਰਹਿਣ ਲੱਗ ਰਿਹਾ ਹੈ। ਇਨ੍ਹਾਂ ਵਿਚ ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਅਤੇ ਸਰਾਭਾ ਨਗਰ ਮਾਰਕੀਟ ਦੀ ਕਾਇਆਕਲਪ ਦੇ ਪ੍ਰਾਜੈਕਟ ਮੁੱਖ ਰੂਪ ਨਾਲ ਸ਼ਾਮਲ ਹਨ। ਵਿਭਾਗੀ ਸੂਤਰਾਂ ਦੇ ਮੁਤਾਬਕ ਇਨ੍ਹਾਂ ਦੋਵੇਂ ਪ੍ਰਾਜੈਕਟਾਂ ਲਈ ਦੋ ਵਾਰ ਸਿੰਗਲ ਟੈਂਡਰ ਹੀ ਆਏ, ਜਿਸ ਕਾਰਨ ਉਨ੍ਹਾਂ ’ਤੇ ਅੱਗੇ ਦੀ ਕਾਰਵਾਈ ਕਰਨ ਦੀ ਬਜਾਏ ਖੋਲ੍ਹਣ ਤੋਂ ਪਹਿਲਾਂ ਹੀ ਰੱਦ ਕਰ ਦਿੱਤੇ ਗਏ। ਹੁਣ ਤੀਜੀ ਵਾਰ ਟੈਂਡਰ ਲਾਏ ਗਏ ਤਾਂ ਉਨ੍ਹਾਂ ’ਤੇ ਵੀ ਸਿੰਗਲ ਪੇਸ਼ਕਸ਼ ਹੀ ਆਈ ਹੈ, ਜਿਸ ਨੂੰ ਸਰਕਾਰ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਖੋਲ੍ਹ ਲਿਆ ਗਿਆ ਹੈ। ਇਸ ਦੇ ਬਾਵਜੂਦ ਇਨ੍ਹਾਂ ਦੋਵੇਂ ਟੈਂਡਰਾਂ ਦੀ ਟੈਕਨੀਕਲ ਬਿਡ ’ਤੇ ਫੈਸਲਾ ਸਟੇਟ ਪੱਧਰੀ ਟੈਕਨੀਕਲ ਕਮੇਟੀ ਵੱਲੋਂ ਹੀ ਲਿਆ ਜਾਵੇਗਾ, ਜਿਨ੍ਹਾਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਫਾਇਨਾਂਸ਼ੀਅਲ ਬਿਡ ਖੋਲ੍ਹੀ ਜਾਵੇਗੀ, ਜਿਸ ਦੀ ਪੁਸ਼ਟੀ ਕਰਦੇ ਹੋਏ ਐਕਸੀਅਨ ਰਾਹੁਲ ਗਗਨੇਜਾ ਨੇ ਕਿਹਾ ਕਿ ਦਸਤਾਵੇਜ਼ਾਂ ਦੀ ਸਕਰੂਟਨੀ ਕਰ ਕੇ ਇਕ ਹਫਤੇ ਤੱਕ ਰਿਪੋਰਟ ਭੇਜ ਦਿੱਤੀ ਜਾਵੇਗੀ।
 


Related News