ਬਿਨਾਂ ਕਾਰਵਾਈ ਦੇ ਮਿਲੇ ਨਾਜਾਇਜ਼ ਨਿਰਮਾਣ ਤਾਂ ਮੌਕੇ ''ਤੇ ਸਸਪੈਂਡ ਹੋਣਗੇ ਅਫਸਰ : ਸਿੱਧੂ

Sunday, Jun 10, 2018 - 05:54 AM (IST)

ਲੁਧਿਆਣਾ(ਹਿਤੇਸ਼)-ਅੰਮ੍ਰਿਤਸਰ 'ਚ ਲੱਗੀਆਂ ਨਾਜਾਇਜ਼ ਬਿਲਡਿੰਗਾਂ ਦੀ ਭਰਮਾਰ ਖਿਲਾਫ ਕਾਰਵਾਈ ਨਾ ਕਰਨ ਵਾਲੇ 5 ਏ. ਟੀ. ਪੀਜ਼ ਨੂੰ ਸਸਪੈਂਡ ਕਰਨ ਦੇ ਬਾਅਦ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਬਾਕੀ ਜ਼ਿਲਿਆਂ ਦਾ ਰੁਖ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਸੰਕੇਤ ਸਿੱਧੂ ਨੇ ਬੁੱਧਵਾਰ ਨੂੰ ਚੰਡੀਗੜ੍ਹ 'ਚ ਬੁਲਾਈਆਂ ਰਾਜ ਭਰ ਦੀਆਂ ਨਗਰ ਨਿਗਮਾਂ ਦੇ ਮੇਅਰਾਂ ਤੇ ਕਮਿਸ਼ਨਰਾਂ ਦੀ ਮੀਟਿੰਗ ਦੌਰਾਨ ਦਿੱਤੇ। ਜਿਥੇ ਸਿੱਧੂ ਨੇ ਸਾਫ਼ ਕਰ ਦਿੱਤਾ ਕਿ ਉਹ ਜਲਦੀ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਸ਼ੁਰੂ ਕਰਨਗੇ ਤੇ ਇਸ ਦੌਰਾਨ ਕੋਈ ਵੀ ਨਾਜਾਇਜ਼ ਨਿਰਮਾਣ ਬਿਨਾਂ ਕਾਰਵਾਈ ਦੇ ਮਿਲਣ 'ਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸਿੱਧੂ ਨੇ ਵੈਸੇ ਤਾਂ ਇਹ ਮੀਟਿੰਗ ਨਗਰ ਨਿਗਮਾਂ ਦੀ ਖਸਤਾ ਆਰਥਕ ਹਾਲਤ 'ਚ ਸੁਧਾਰ ਕਰਨ ਲਈ ਰੈਵੇਨਿਊ ਕੁਲੈਕਸ਼ਨ ਵਧਾਉਣ ਦੇ ਮੁੱਦੇ 'ਤੇ ਬੁਲਾਈ ਸੀ, ਜਿਥੇ ਨਗਰ ਨਿਗਮਾਂ ਵੱਲੋਂ ਬਜਟ 'ਚ ਰੈਵੇਨਿਊ ਵਸੂਲੀ ਲਈ ਰੱਖੇ ਗਏ ਟੀਚੇ ਨੂੰ ਪੂਰਾ ਹੋਣ ਨੂੰ ਲੈ ਕੇ ਰੀਵਿਊ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਖਾਲੀ ਖ਼ਜ਼ਾਨੇ ਨੂੰ ਭਰਨ ਲਈ ਨਗਰ ਨਿਗਮਾਂ 'ਚ ਕੁਝ ਖਾਸ ਨਹੀਂ ਹੋ ਰਿਹਾ ਬਲਕਿ ਕਈ ਜਗ੍ਹਾ ਤਾਂ ਹਾਲਾਤ ਪਿਛਲੇ ਸਾਲ ਨਾਲੋਂ ਵੀ ਖਰਾਬ ਚੱਲ ਰਹੇ ਹਨ। ਇਸ ਦੌਰਾਨ ਬਿਲਡਿੰਗ ਬਰਾਂਚ ਤੋਂ ਹੋਣ ਵਾਲੀ ਰੈਵੇਨਿਊ ਕੁਲੈਕਸ਼ਨ ਦਾ ਅੰਕੜਾ ਕਾਫੀ ਹੇਠਾਂ ਹੋਣ ਦਾ ਪਹਿਲੂ ਸਾਹਮਣੇ ਆਉਂਦਿਆਂ ਹੀ ਸਿੱਧੂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਹਾਲਾਤ ਨਾਜਾਇਜ਼ ਨਿਰਮਾਣਾਂ ਦਾ ਨਤੀਜਾ ਹੈ ਜਿਨ੍ਹਾਂ ਤੋਂ ਜੁਰਮਾਨਾ ਨਹੀਂ ਵਸੂਲ ਕੀਤਾ ਜਾ ਰਿਹਾ, ਉਪਰੋਂ ਇਸ ਧਾਂਦਲੀ ਦੀ ਚੈਕਿੰਗ ਲਈ ਬਿਲਡਿੰਗ ਬਰਾਂਚ ਲਈ ਵੱਖਰੇ ਤੌਰ 'ਤੇ ਨੋਡਲ ਅਫਸਰ ਲਾਉਣ ਦੇ ਹੁਕਮ 'ਤੇ ਵੀ ਨਗਰ ਨਿਗਮਾਂ ਦੇ ਅਧਿਕਾਰੀਆਂ ਵੱਲੋਂ ਅਮਲ ਨਹੀਂ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਉਪਰੋਕਤ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਲਦੀ ਹੀ ਵੱਖ-ਵੱਖ ਨਗਰ ਨਿਗਮਾਂ ਅਧੀਨ ਆਉਂਦੇ ਇਲਾਕਿਆਂ ਦੀ ਅਚਾਨਕ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਬਿਨਾਂ ਕਾਰਵਾਈ ਦੇ ਨਾਜਾਇਜ਼ ਨਿਰਮਾਣ ਹੋਣ ਦਾ ਮਾਮਲਾ ਸਾਹਮਣੇ ਆਉਣ 'ਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਮਿਲੀਭੁਗਤ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਜਾਵੇਗਾ।
ਸਖਤੀ ਦੇ ਡਰੋਂ ਚਲਾਨ ਪਾਉਣ ਲਈ ਫੀਲਡ 'ਚ ਉਤਰਿਆ ਸਟਾਫ
ਮੇਅਰ ਬਲਕਾਰ ਸੰਧੂ ਨੇ ਪਹਿਲਾਂ ਹੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਸਾਫ ਕਰ ਦਿੱਤਾ ਹੈ ਕਿ ਕੋਈ ਵੀ ਨਿਰਮਾਣ ਨਕਸ਼ਾ ਪਾਸ ਕਰਵਾਏ ਜਾਂ ਚਲਾਨ ਪਾਏ ਬਿਨਾਂ ਨਹੀਂ ਹੋਣਾ ਚਾਹੀਦਾ। ਇਸ ਬਾਰੇ ਕ੍ਰਾਸ ਚੈਕਿੰਗ ਲਈ ਸਫਾਈ ਕਰਮਚਾਰੀਆਂ ਦੀ ਮਦਦ ਨਾਲ ਬਿਲਡਿੰਗਾਂ ਦਾ ਡਾਟਾ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਇਲਾਵਾ ਸਿੱਧੂ ਨੇ ਅੰਮ੍ਰਿਤਸਰ 'ਚ ਹੋ ਰਹੇ ਨਾਜਾਇਜ਼ ਨਿਰਮਾਣਾਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਇਕੋ ਸਮੇਂ 5 ਏ. ਟੀ. ਪੀਜ਼ ਨੂੰ ਸਸਪੈਂਡ ਕਰ ਕੇ ਸਨਸਨੀ ਫੈਲਾ ਦਿੱਤੀ ਹੈ, ਇਸ ਦੇ ਨਾਲ ਹੀ ਸਿੱਧੂ ਨੇ ਖੁਦ ਚੈਕਿੰਗ ਕਰ ਕੇ ਨਾਜਾਇਜ਼ ਤਰੀਕੇ ਨਾਲ ਹੋ ਰਹੇ ਨਿਰਮਾਣ ਕਾਰਜਾਂ ਦੇ ਜ਼ਿੰਮੇਵਾਰ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਵਾਰਨਿੰਗ ਦੇ ਦਿੱਤੀ ਹੈ, ਜਿਸ ਦੇ ਤੁਰੰਤ ਬਾਅਦ ਬਿਲਡਿੰਗ ਬਰਾਂਚ ਦਾ ਸਟਾਫ ਫੀਲਡ 'ਚ ਉਤਰ ਗਿਆ ਹੈ ਜਿਨ੍ਹਾਂ ਵੱਲੋਂ ਬਿਨਾਂ ਮਨਜ਼ੂਰੀ ਬਣ ਰਹੀਆਂ ਬਿਲਡਿੰਗਾਂ ਦੇ ਚਲਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਸਮੇਂ ਬਣ ਰਹੀਆਂ ਨਾਨ-ਕੰਪਿਊਡੇਬਲ ਬਿਲਡਿੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।


Related News