ਪੰਜਾਬ ਸਰਕਾਰ ਵੱਲੋਂ ਮਿਲੇ ਰੋਜ਼ਗਾਰ ਨੇ ਬਦਲੀ ਪਰਿਵਾਰਾਂ ਦੀ ਕਿਸਮਤ
Saturday, Oct 12, 2024 - 01:41 PM (IST)
ਜਲੰਧਰ: ਲੋਕਾਂ ਨੂੰ ਹਰ ਚੀਜ਼ ਲਈ ਕਿਸੇ 'ਤੇ ਨਿਰਭਰ ਬਣਾਉਣ ਨਾਲੋਂ ਕਿਤੇ ਬਿਹਤਰ ਹੈ ਕਿ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਇਆ ਜਾਵੇ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਆਪਣੇ ਦਮ 'ਤੇ ਕਰ ਸਕਣ। ਰੋਜ਼ਗਾਰ ਮਿਲਣ ਨਾਲ ਨਾ ਸਿਰਫ਼ ਉਮੀਦਵਾਰ ਤੇ ਉਸ ਦੇ ਪਰਿਵਾਰ ਨੂੰ ਫ਼ਾਇਦਾ ਹੁੰਦਾ ਹੈ, ਨਾਲ ਹੀ ਸੂਬੇ ਅਤੇ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਦਾ ਹੈ। ਇਸੇ ਸੋਚ 'ਤੇ ਪਹਿਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਪੰਜਾਬ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਵਿਚ ਹੀ 45,708 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਹੈ।
ਇਸ ਸਬੰਧੀ ਲੁਧਿਆਣਾ ਤੋਂ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਸਿਹਤ ਵਿਭਾਗ ਵਿਚ ਫਾਰਮਿੰਗ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਮੈਨੂੰ ਇਹ ਨੌਕਰੀ ਪੂਰੀ ਤਰ੍ਹਾਂ ਮੈਰਿਟ ਦੇ ਅਧਾਰ 'ਤੇ ਦਿੱਤੀ ਗਈ ਹੈ। ਇਸ ਨੌਕਰੀ ਲਈ ਮੈਨੂੰ ਕੋਈ ਸਿਫਾਰਿਸ਼ ਪਵਾਉਣ ਦੀ ਲੋੜ ਨਹੀਂ ਪਈ। ਮੇਰੀ ਖੁਸ਼ੀ ਉਸ ਵੇਲੇ ਦੋਗੁਣੀ ਹੋ ਗਈ ਕਿਉਂਕਿ ਮੇਰੇ ਭਰਾ ਨੂੰ ਵੀ ਇਸੇ ਅਹੁਦੇ 'ਤੇ ਨੌਕਰੀ ਮਿਲਣ ਜਾ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਕਿ ਉਹ ਲੋਕਾਂ ਦੀ ਭਲਾਈ ਲਈ ਇੰਨਾ ਵਧੀਆ ਕੰਮ ਕਰ ਰਹੇ ਹਨ। ਅਸੀਂ ਵੀ ਵਾਅਦਾ ਕਰਦੇ ਹਾਂ ਕਿ ਅਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰਾਂਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਪਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਹੱਥ ਅਜਿਹੇ ਪੈੱਨ ਫੜਾਉਣੇ ਸੀ ਜਿਨ੍ਹਾਂ ਨਾਲ ਲੋਕਾਂ ਨੂੰ ਨੌਕਰੀਆਂ ਮਿਲਣ ਤੇ ਉਨ੍ਹਾਂ ਦੇ ਘਰਾਂ ਵਿਚ ਖੁਸ਼ੀਆਂ ਦੇ ਦੀਵੇ ਜਗਣ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਕਦੀ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਉਮੀਦ 'ਤੇ ਦੁਨੀਆਂ ਕਾਇਮ ਹੈ। ਤੁਸੀਂ ਮਿਹਨਤ ਕਰ ਕੇ ਇੱਥੇ ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹੋ, ਤੁਹਾਨੂੰ ਰੋਜ਼ਗਾਰ ਲਈ ਵਿਦੇਸ਼ ਜਾਣ ਦੀ ਲੋੜ ਨਹੀਂ ਹੈ।