ਗੁਰੂ ਦਾ ਇਕ ਹੋਰ ਧਮਾਕਾ, ਪੰਜਾਬ ਦੇ 3 ਈ. ਓਜ਼ ਸਣੇ 6 ਮੁਅੱਤਲ

09/16/2017 3:48:50 AM

ਬਠਿੰਡਾ(ਬਲਵਿੰਦਰ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ 'ਗੁਰੂ' ਦਾ ਇਕ ਹੋਰ ਧਮਾਕਾ ਸਨਸਨੀਖੇਜ਼ ਬਣ ਗਿਆ ਹੈ ਕਿਉਂਕਿ ਪੰਜਾਬ ਦੇ 3 ਈ. ਓਜ਼ ਸਣੇ ਨਗਰ ਸੁਧਾਰ ਟਰੱਸਟ ਦੇ 6 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਿਨ੍ਹਾਂ 'ਤੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ 'ਚ 58 ਕਰੋੜ ਰੁਪਏ ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ। ਇਨ੍ਹਾਂ 'ਚ ਨਗਰ ਸੁਧਾਰ ਟਰੱਸਟ ਬਠਿੰਡਾ ਦਾ ਈ. ਓ. ਪਰਮਜੀਤ ਸਿੰਘ ਜੱਸਲ ਵੀ ਸ਼ਾਮਲ ਹੈ। 
ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸੁਭਾਸ਼ ਚੰਦਰਾ ਵਲੋਂ ਜਾਰੀ ਹੁਕਮਨਾਮੇ ਅਨੁਸਾਰ
ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਖੇ ਬਿਨਾਂ ਆਡਿਟ ਕਰਵਾਏ ਕੀਤੀਆਂ ਗਈਆਂ ਅਦਾਇਗੀਆਂ 'ਚ ਵਰਤੀਆਂ ਗਈਆਂ ਵਿੱਤੀ ਬੇਨਿਯਮੀਆਂ ਕਾਰਨ ਟਰੱਸਟ ਨੂੰ ਪਹੁੰਚਾਏ ਵਿੱਤੀ ਨੁਕਸਾਨ, ਡਿਊਟੀ ਵਿਚ ਵਰਤੀ ਗਈ ਅਣਗਹਿਲੀ ਅਤੇ ਲਾਪ੍ਰਵਾਹੀ ਕਰਨ ਦੇ ਦੋਸ਼ਾਂ ਤਹਿਤ ਦਿਆਲ ਚੰਦ ਗਰਗ ਈ. ਓ., ਅਰਵਿੰਦ ਸ਼ਰਮਾ ਈ. ਓ., ਪਰਮਜੀਤ ਸਿੰਘ ਜੱਸਲ ਈ. ਓ., ਦਮਨ ਭੱਲਾ ਲੇਖਾਕਾਰ, ਟੀਨਾ ਵੋਹਰਾ ਲੇਖਾਕਾਰ ਅਤੇ ਸਤਨਾਮ ਸਿੰਘ ਕਲਰਕ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਸਾਰਿਆਂ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਚੰਡੀਗੜ੍ਹ ਹੋਵੇਗਾ। ਉਕਤ ਅਧਿਕਾਰੀਆਂ ਦੀ ਜਗ੍ਹਾ ਹੋਰ ਈ. ਓਜ਼ ਨੂੰ ਸੰਬੰਧਤ ਨਗਰ ਸੁਧਾਰ ਟਰੱਸਟਾਂ ਦੇ ਵਾਧੂ ਚਾਰਜ ਦੇਣ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ, ਜਿਵੇਂ ਕਿ ਪਰਮਜੀਤ ਸਿੰਘ ਜੱਸਲ ਬਠਿੰਡਾ ਈ. ਓ. ਦੀ ਥਾਂ ਰਵਿੰਦਰ ਕੁਮਾਰ ਈ. ਓ. ਬਰਨਾਲਾ, ਅਰਵਿੰਦ ਸ਼ਰਮਾ ਈ. ਓ. ਬਟਾਲਾ ਦੀ ਥਾਂ ਜਤਿੰਦਰ ਸਿੰਘ ਈ. ਓ. ਜਲੰਧਰ ਅਤੇ ਦਿਆਲ ਚੰਦ ਗਰਗ ਈ. ਓ. ਅੰਮ੍ਰਿਤਸਰ ਦੀ ਥਾਂ ਯਾਦਵਿੰਦਰ ਸ਼ਰਮਾ ਚਾਰਜ ਸੰਭਾਲਣਗੇ। ਸੂਤਰਾਂ ਦੀ ਮੰਨੀਏ ਤਾਂ ਉਕਤ ਏ. ਓਜ਼ ਵਿਰੁੱਧ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਪੁਲਸ ਕੇਸ ਵੀ ਦਰਜ ਹੋ ਚੁੱਕਾ ਹੈ, ਜਿਸ ਵਿਚ ਕੁੱਲ ਰਕਮ 58 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਜ਼ਿਕਰਯੋਗ ਹੈ ਕਿ ਦਿਆਲ ਚੰਦ ਗਰਗ ਦਾ ਨਾਂ ਸਿਟੀ ਸੈਂਟਰ ਲੁਧਿਆਣਾ ਮਾਮਲੇ ਵਿਚ ਵੀ ਸ਼ਾਮਲ ਹੈ।


Related News