ਨਵਜੋਤ ਸਿੰਘ ਸਿੱਧੂ ਦੀ ਵਧ ਸਕਦੀ ਹੈ ਨਾਰਾਜ਼ਗੀ
Saturday, Oct 30, 2021 - 12:34 AM (IST)
ਚੰਡੀਗੜ੍ਹ(ਅਸ਼ਵਨੀ)- ਉਂਝ ਤਾਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਜਦੋਂ ਤੋਂ ਸੰਭਾਲੀ ਹੈ, ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਉਖੜੇ ਹੋਏ ਹਨ ਪਰ ਹੁਣ ਚੰਨੀ ਨੂੰ ਚੋਣਾਵੀ ਰੋਡਮੈਪ ਤਿਆਰ ਕਰਨ ਦੀ ਜ਼ਿੰਮੇਵਾਰੀ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਸਿਖਰ ’ਤੇ ਪੁੱਜਣ ਦੀ ਸ਼ੰਕਾ ਵਧ ਗਈ ਹੈ। ਸਿੱਧੂ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਗਏ ਹਮਲਿਆਂ ਦੀ ਤਰ੍ਹਾਂ ਚੰਨੀ ਸਰਕਾਰ ’ਤੇ ਵੀ ਸੋਸ਼ਲ ਮੀਡੀਆ ਰਾਹੀਂ ਟਿੱਪਣੀਆਂ ਕਰਨ ਦੀ ਰਿਵਾਇਤ ਬਰਕਰਾਰ ਰੱਖੀ ਹੈ। ਮੁੱਖ ਮੰਤਰੀ ਚੰਨੀ ਨੇ ਇਸ ’ਤੇ ਨਾਰਾਜ਼ਗੀ ਵੀ ਜਤਾਈ ਪਰ ਜਦੋਂ ਤੱਕ ਪੰਜਾਬ ਪ੍ਰਦੇਸ਼ ਇੰਚਾਰਜ ਦੀ ਕਮਾਨ ਹਰੀਸ਼ ਰਾਵਤ ਦੇ ਹੱਥ ’ਚ ਸੀ, ਰਾਵਤ ਸਿੱਧੂ ਦੀਆਂ ਗੱਲਾਂ ਨੂੰ ਟਾਲਦੇ ਰਹੇ। ਉਥੇ ਹੀ, ਹੁਣ ਪੰਜਾਬ ਕਾਂਗਰਸ ਇੰਚਾਰਜ ਬਦਲਣ ਤੋਂ ਬਾਅਦ ਮੁੱਖ ਮੰਤਰੀ ਹੁਣ ਸਿੱਧੇ ਰਾਹੁਲ ਗਾਂਧੀ ਦੇ ਸੰਪਰਕ ’ਚ ਹਨ ਅਤੇ ਉਹ ਪੂਰਾ ਰਿਪੋਰਟ ਕਾਰਡ ਰਾਹੁਲ ਗਾਂਧੀ ਨੂੰ ਦੇ ਰਹੇ ਹਨ।
ਇਹ ਵੀ ਪੜ੍ਹੋ - ਮਹਾਰਾਸ਼ਟਰ ਦੇ ਮੰਤਰੀ ਨੂੰ ਨਕਸਲੀਆਂ ਨੇ ਭੇਜੀ ਧਮਕੀ ਭਰੀ ਚਿੱਠੀ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵੀ ਸਿੱਧੂ ਦੇ ਮਿਜਾਜ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਸਿੱਧੂ ਦੇ ਨਾਲ ਹੋਈ ਬੈਠਕ ’ਚ ਸਿੱਧੂ ਦੀਆਂ ਤਮਾਮ ਸ਼ੰਕਾਵਾਂ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਸੀ ਪਰ ਸਿੱਧੂ ਨੇ ਇਸ ਭਰੋਸੇ ਦੀ ਪ੍ਰਵਾਹ ਨਹੀਂ ਕੀਤੀ। ਉਸ ’ਤੇ ਇਕ ਪਾਸੇ 2022 ਦੀਆਂ ਵਿਧਾਨਸਭਾ ਚੋਣਾਂ ’ਚ ਸਮਾਂ ਘੱਟ ਹੁੰਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਨਵਜੋਤ ਸਿੱਧੂ ਨੇ ਹੁਣ ਤੱਕ ਚੋਣਾਂ ਨੂੰ ਲੈ ਕੇ ਕੋਈ ਵੀ ਯੋਜਨਾ ਹਾਈਕਮਾਨ ਜਾਂ ਮੁੱਖ ਮੰਤਰੀ ਚੰਨੀ ਦੇ ਨਾਲ ਡਿਸਕਸ ਨਹੀਂ ਕੀਤੀ ਹੈ। ਅਲਬਤਾ, ਉਹ ਸੋਸ਼ਲ ਮੀਡੀਆ ’ਤੇ ਵੱਖ-ਵੱਖ ਮੁੱਦਿਆਂ ਨੂੰ ਉਠਾ ਕੇ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਲਈ ਹਾਈਕਮਾਨ ਨੇ ਹੁਣ ਸਿੱਧੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਵਿਧਾਨਸਭਾ ਚੋਣਾਂ 2022 ਦੀ ਤਿਆਰੀ ’ਚ ਜੁਟ ਜਾਣ ਲਈ ਹੁਕਮ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਚੋਣਾਵੀ ਰਣਨੀਤੀ ਦੇ ਤਹਿਤ ਹਰ ਇਕ ਕੈਬਨਿਟ ਮੰਤਰੀ ਨੂੰ ਛੇਤੀ ਹੀ ਇਕ-ਇਕ ਕਰ ਕੇ ਮਾਝਾ, ਮਾਲਵਾ ਅਤੇ ਦੁਆਬਾ ’ਚ ਪ੍ਰਚਾਰ ਕਰਨ ਨੂੰ ਕਿਹਾ ਜਾ ਸਕਦਾ ਹੈ। ਇਸ ਕੜੀ ’ਚ ਪੰਜਾਬ ਕਾਂਗਰਸ ਮੈਨੀਫੇਸਟੋ ਦੇ ਜੋ ਵਾਅਦੇ ਪੂਰੇ ਹੋਏ ਹਨ, ਉਨ੍ਹਾਂ ਨੂੰ ਕਾਂਗਰਸ ਦੀ ਉਪਲਬਧੀ ਦੇ ਤੌਰ ’ਤੇ ਕਿਤਾਬ ਦੀ ਸ਼ਕਲ ’ਚ ਪ੍ਰਚਾਰਿਤ ਕਰਨ ’ਤੇ ਵਿਚਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ ਦੇ 57 DSP ਦੇ ਤਬਾਦਲੇ
ਕਾਂਗਰਸੀ ਕਦੋਂ ਤੋਂ ਹੈਲੀਕਾਪਟਰ ਦੇ ਹੱਕਦਾਰ ਹਨ? ਸ਼ੋਮਣੀ ਅਕਾਲੀ ਦਲ
ਮੁੱਖ ਮੰਤਰੀ ਚੰਨੀ ਦੇ ਨਾਲ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਅਤੇ ਸਿੱਧੂ ਦੇ ਕਰੀਬੀ ਮੁਹੰਮਦ ਮੁਸਤਫ਼ਾ ਸ਼ੁੱਕਰਵਾਰ ਨੂੰ ਸਵੇਰੇ ਹੈਲੀਕਾਪਟਰ ਰਾਹੀਂ ਦਿੱਲੀ ਰਵਾਨਾ ਹੋਏ ਸਨ। ਇਸ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੁੱਛਿਆ ਕਿ ਅਖੀਰ ਕਾਂਗਰਸੀ ਕਦੋਂ ਤੋਂ ਹੈਲੀਕਾਪਟਰ ਦੇ ਹੱਕਦਾਰ ਹੋ ਗਏ। ਸ਼੍ਰੋਮਣੀ ਅਕਾਲੀ ਦਲ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਪਾਰਟੀ ਦੀਆਂ ਗਤੀਵਿਧੀਆਂ ਲਈ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਗੈਰ-ਵਾਜਿਬ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਖਾਮਿਆਜਾ ਹੈਲੀਕਾਪਟਰ ਦੀ ਸ਼ਕਲ ’ਚ ਸੂਬੇ ਦੇ ਖਜ਼ਾਨੇ ਨੂੰ ਅਦਾ ਕਰਨਾ ਪੈ ਰਿਹਾ ਹੈ।