ਨਵਜੋਤ ਸਿੱਧੂ ਨੇ ਕੀਤਾ ਟਵੀਟ, ਪੰਜਾਬ ਮਾਡਲ ਤੇ MSP ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
Thursday, Dec 16, 2021 - 06:56 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਪੰਜਾਬ ਮਾਡਲ ਤੇ ਐੱਮ. ਐੱਸ. ਪੀ. ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ। ਸਿੱਧੂ ਨੇ ਕਿਹਾ ਕਿ ਕਿਸਾਨੀ ਰਾਹੀਂ ਹੀ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾ ਕੇ, ਲਾਹੇਵੰਦ ਕੀਮਤਾਂ ਤੇ ਖਰੀਦ ਦਾ ਭਰੋਸਾ ਦੇ ਕੇ ਇਕ ਨਿਮਾਣਾ ਜਿਹਾ ਪੰਜਾਬੀ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਅੰਦੋਲਨ ਨਾਲ ਖੜ੍ਹਾ ਹਾਂ। ਸਿੱਧੂ ਨੇ ਕਿਹਾ ਕਿ ਕੇਂਦਰ ਨੂੰ ਐੱਮ. ਐੱਸ. ਪੀ. ਦੇਣ ’ਤੇ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਹੈ । ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਦਾਲਾਂ ਤੇ ਤੇਲ ਬੀਜਾਂ ਨੂੰ ਐੱਮ. ਐੱਸ. ਪੀ. ਉੱਤੇ ਖਰੀਦਿਆ ਜਾਵੇਗਾ। ਸੂਬਾ ਸਹਿਕਾਰੀ ਸਭਾਵਾਂ ਅਤੇ ਸਰਕਾਰੀ ਨਿਗਮਾਂ ਰਾਹੀਂ ਫ਼ਸਲਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਵੀ ਕਰੇਗਾ।
ਇਹ ਵੀ ਪੜ੍ਹੋ : ਮੀਤ ਹੇਅਰ ਦਾ ਰਾਜਾ ਵੜਿੰਗ 'ਤੇ ਵੱਡਾ ਹਮਲਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਸਰਕਾਰੀ ਬੱਸਾਂ
ਇਸ ਤਹਿਤ ਨਵੇਂ ਕਾਰੋਬਾਰ ਚਲਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਤੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੀਮਤ ਐੱਮ. ਐੱਸ. ਪੀ. ਤੋਂ ਹੇਠਾਂ ਜਾਂਦੀ ਹੈ ਤਾਂ ਸਰਕਾਰ ਬਾਜ਼ਾਰ ’ਚ ਦਖਲ ਦੇਵੇਗੀ ਤੇ ਵਿਕਰੀ ਮੁੱਲ ਅਤੇ ਐੱਮ. ਐੱਸ. ਪੀ. ਵਿਚਲਾ ਖੱਪਾ ਭਰ ਕੇ ਕਿਸਾਨਾਂ ਨੂੰ ਬਣਦੀ ਕੀਮਤ ਅਦਾ ਕਰੇਗੀ। ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਅੱਗੇ ਕਿਹਾ ਕਿ ਭੰਡਾਰਨ ਸਮਰੱਥਾ ਨਾ ਹੋਣ ਕਰਕੇ ਕਿਸਾਨ ਘਾਟਾ ਝੱਲਦੇ ਹਨ, ਜਦਕਿ ਵਪਾਰੀ ਖੁਸ਼ਹਾਲ ਹਨ। ਉਹ ਪੰਜਾਬ ਵੇਅਰਹਾਊਸ ਐਕਟ ’ਚ ਸੋਧਾਂ ਕਰਨਗੇ। ਫਸਲਾਂ ਦੀਆਂ ਕੀਮਤਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ ’ਚ ਕੀਮਤਾਂ ਡਿੱਗ ਪੈਂਦੀਆਂ ਹਨ ਤਾਂ ਜਿਹੜੇ ਕਿਸਾਨ ਘੱਟ ਕੀਮਤ ਉੱਪਰ ਫ਼ਸਲ ਨਹੀਂ ਵੇਚਣਾ ਚਾਹੁੰਦੇ, ਉਨ੍ਹਾਂ ਨੂੰ ਫ਼ਸਲ ਸਟੋਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਉਹ ਇਸ ਦੀ 80 ਫੀਸਦੀ ਕੀਮਤ ਦੇ ਬਰਾਬਰ ਕਰਜ਼ਾ ਲੈ ਸਕਣਗੇ। ਜ਼ਿਕਰਯੋਗ ਹੈ ਕਿ ਅੱਜ ਦਾਣਾ ਮੰਡੀ ਰਾਏਕੋਟ ਵਿਖੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਜਨਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਵੋਟ ਪੰਜਾਬ ਨੂੰ ਪੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਮਾਡਲ’ ਰਾਹੀਂ ਇਕ ਨਵੀਂ ਸਵੇਰ ਵੀ ਪੰਜਾਬ 'ਚ ਲਿਆਂਦੀ ਜਾ ਸਕਦੀ ਹੈ। ਇਸ ਦੌਰਾਨ ਸਿੱਧੂ ‘ਪੰਜਾਬ ਮਾਡਲ’ ਬਾਰੇ ਖੁੱਲ੍ਹ ਕੇ ਬੋਲੇ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ