MSP ਤੋਂ ਹੇਠਾਂ ਡਿੱਗੀਆਂ ਫਸਲਾਂ ਦੀਆਂ ਕੀਮਤਾਂ, ਕਿਸਾਨਾਂ ਦੀਆਂ ਨਜ਼ਰਾਂ ਸਰਕਾਰ ਦੀ ਖਰੀਦ ਨੀਤੀ ’ਤੇ ਟਿਕੀਆਂ
Friday, Feb 20, 2026 - 01:46 PM (IST)
ਬਿਜ਼ਨੈੱਸ ਡੈਸਕ - ਭਾਰਤ-ਅਮਰੀਕਾ ਅੰਤ੍ਰਿਮ ਵਪਾਰ ਸਮਝੌਤੇ ਦੇ ਐਲਾਨ ਤੋਂ ਬਾਅਦ ਖੇਤੀਬਾੜੀ ਬਾਜ਼ਾਰ ’ਚ ਉਥਲ-ਪੁਥਲ ਮਚ ਗਈ ਹੈ। ਕਪਾਹ, ਸੋਇਆਬੀਨ ਅਤੇ ਮੱਕੀ ਵਰਗੀਆਂ ਪ੍ਰਮੁੱਖ ਫਸਲਾਂ ਦੀਆਂ ਕੀਮਤਾਂ ਉਨ੍ਹਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਹੇਠਾਂ ਚਲੀਆਂ ਗਈਆਂ ਹਨ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਵਪਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਇਨ੍ਹਾਂ ਖੇਤੀ ਵਸਤਾਂ ਦੀ ਦਰਾਮਦ ’ਚ ਸੰਭਾਵੀ ਵਾਧੇ ਦੇ ਸੰਕੇਤਾਂ ਨੇ ਬਾਜ਼ਾਰ ਨੂੰ ਪਹਿਲਾਂ ਹੀ ਦਬਾਅ ’ਚ ਲਿਆ ਦਿੱਤਾ ਹੈ। ਕੁਲ ਮਿਲਾ ਕੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਖੇਤੀਬਾੜੀ ਬਾਜ਼ਾਰ ’ਚ ਆਈ ਇਹ ਗਿਰਾਵਟ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਗਈ ਹੈ। ਹੁਣ ਕਿਸਾਨਾਂ ਦੀਆਂ ਨਜ਼ਰਾਂ ਸਰਕਾਰ ਦੀ ਖਰੀਦ ਨੀਤੀ ਅਤੇ ਸੰਭਾਵੀ ਰਾਹਤ ਉਪਾਵਾਂ ’ਤੇ ਟਿਕੀਆਂ ਹੋਈਆਂ ਹਨ।
ਸਪਲਾਈ ਵਧਣ ਦੇ ਡਰ ਕਾਰਨ ਬਾਜ਼ਾਰ ’ਚ ਗਿਰਾਵਟ
ਇਕ ਮੀਡੀਆ ਰਿਪੋਰਟ ਮੁਤਾਬਕ ਵਪਾਰ ਸਮਝੌਤੇ ਤੋਂ ਬਾਅਦ ਇਹ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਹਫਤਿਆਂ ’ਚ ਅਮਰੀਕੀ ਖੇਤੀ ਉਤਪਾਦਾਂ ਦੀ ਸਪਲਾਈ ਵਧ ਸਕਦੀ ਹੈ। ਇਸੇ ਖਦਸ਼ੇ ਕਾਰਨ ਕੀਮਤਾਂ ’ਚ ਅਚਾਨਕ ਗਿਰਾਵਟ ਦੇਖੀ ਗਈ ਹੈ। ਇਹ ਗਿਰਾਵਟ ਹਾੜੀ ਦੀਆਂ ਫਸਲਾਂ ਕਣਕ, ਸਰ੍ਹੋਂ ਅਤੇ ਛੋਲਿਆਂ ਦੀਆਂ ਪਹਿਲਾਂ ਤੋਂ ਹੀ ਨਰਮ ਕੀਮਤਾਂ ਨਾਲ ਜੁੜ ਗਈ ਹੈ, ਜਿੱਥੇ ਚੰਗੀ ਪੈਦਾਵਾਰ ਅਤੇ ਉੱਚੇ ਵਪਾਰ ਸਟਾਕ ਬਾਜ਼ਾਰ ’ਤੇ ਦਬਾਅ ਬਣਾ ਰਹੇ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਐੱਮ. ਐੱਸ. ਪੀ. ਤੋਂ 3-9 ਫੀਸਦੀ ਹੇਠਾਂ ਬਾਜ਼ਾਰ ਭਾਅ
ਵਿਸ਼ਲੇਸ਼ਕਾਂ ਮੁਤਾਬਕ ਫਿਲਹਾਲ ਕਈ ਖੇਤੀ ਜਿਣਸਾਂ ਦੀਆਂ ਕੀਮਤਾਂ ਆਪਣੇ ਬੈਂਚਮਾਰਕ ਐੱਮ. ਐੱਸ. ਪੀ. ਤੋਂ 3 ਤੋਂ 9 ਫੀਸਦੀ ਹੇਠਾਂ ਚੱਲ ਰਹੀਆਂ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ’ਤੇ ਉਲਟ ਅਸਰ ਪੈਣ ਦਾ ਖਦਸ਼ਾ ਹੈ, ਖਾਸ ਕਰ ਕੇ ਅਜਿਹੇ ਬਾਜ਼ਾਰ ’ਚ ਜਿੱਥੇ ਵਪਾਰ ਦੀਆਂ ਸ਼ਰਤਾਂ ਅਕਸਰ ਕਿਸਾਨਾਂ ਦੇ ਪੱਖ ’ਚ ਨਹੀਂ ਹੁੰਦੀਆਂ।
ਲੰਬੇ ਰੇਸ਼ੇ ਵਾਲੀ ਕਪਾਹ ਦੀਆਂ ਕੀਮਤਾਂ ਇਸ ਸਮੇਂ ਕਰੀਬ 7,200 ਰੁਪਏ ਪ੍ਰਤੀ ਕੁਇੰਟਲ ਹਨ, ਜਦੋਂਕਿ ਇਸ ਦਾ ਐੱਮ. ਐੱਸ. ਪੀ. 8,110 ਰੁਪਏ ਹੈ। ਵਪਾਰ ਸਮਝੌਤੇ ਦੇ ਐਲਾਨ ਤੋਂ ਤੁਰੰਤ ਬਾਅਦ ਮਹਾਰਾਸ਼ਟਰ ’ਚ ਕਪਾਹ ਦੇ ਭਾਅ 6,700 ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਗਏ ਸਨ, ਹਾਲਾਂਕਿ ਬਾਅਦ ’ਚ ਇਨ੍ਹਾਂ ’ਚ ਮਾਮੂਲੀ ਸੁਧਾਰ ਹੋਇਆ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਸੋਇਆਬੀਨ ’ਚ 500-800 ਰੁਪਏ ਦੀ ਗਿਰਾਵਟ
ਮਹਾਰਾਸ਼ਟਰ ਦੇ ਕਿਸਾਨ ਆਗੂ ਅਤੇ ਸੁਤੰਤਰ ਭਾਰਤ ਪਾਰਟੀ ਦੇ ਪ੍ਰਧਾਨ ਅਨਿਲ ਘਨਵਟ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਮਝੌਤੇ ਤੋਂ ਬਾਅਦ ਸੋਇਆਬੀਨ ਦੀਆਂ ਕੀਮਤਾਂ ’ਚ 500 ਤੋਂ 800 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਡਿਊਟੀ ’ਤੇ ਵੱਡੇ ਪੱਧਰ ’ਤੇ ਦਰਾਮਦ ਦੇ ਖਦਸ਼ੇ ਅਤੇ ਸਮਝੌਤੇ ਦੀਆਂ ਸ਼ਰਤਾਂ ’ਤੇ ਸਪੱਸ਼ਟਤਾ ਦੀ ਘਾਟ ਨੇ ਬਾਜ਼ਾਰ ਨੂੰ ਕਮਜ਼ੋਰ ਕੀਤਾ ਹੈ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਟੈਰਿਫ ਕਟੌਤੀ ਨੇ ਵਧਾਈ ਚਿੰਤਾ
ਭਾਰਤ ਅਤੇ ਅਮਰੀਕਾ ਦੇ ਸਾਂਝੇ ਬਿਆਨ ਅਨੁਸਾਰ ਭਾਰਤ ਨੇ ਕਈ ਅਮਰੀਕੀ ਖੇਤੀ ਉਤਪਾਦਾਂ ਜਿਵੇਂ ਸੋਇਆਬੀਨ ਤੇਲ, ਪਸ਼ੂ ਖੁਰਾਕ ਲਈ ਲਾਲ ਜਵਾਰ, ਟ੍ਰੀ ਨਟਸ, ਫਲ, ਵਾਈਨ ਅਤੇ ਸਪਿਰਿਟ ’ਤੇ ਟੈਰਿਫ ਘੱਟ ਜਾਂ ਖਤਮ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਅਮਰੀਕੀ ਫੈਕਟਸ਼ੀਟ ’ਚ ਕਪਾਹ ਅਤੇ ਕੁਝ ਦਾਲਾਂ ਦਾ ਵੀ ਜ਼ਿਕਰ ਸੀ, ਹਾਲਾਂਕਿ ਬਾਅਦ ’ਚ ਦਾਲਾਂ ਨੂੰ ਸੂਚੀ ’ਚੋਂ ਹਟਾ ਦਿੱਤਾ ਗਿਆ। ਖਰੜੇ ’ਚ ਵਾਧੂ-ਲੰਬੇ ਰੇਸ਼ੇ ਵਾਲੀ ਕਪਾਹ ’ਤੇ ਡਿਊਟੀ ਕਟੌਤੀ ਜਾਂ ਡਿਊਟੀ-ਫ੍ਰੀ ਦਰਾਮਦ ਦਾ ਪ੍ਰਬੰਧ ਦੱਸਿਆ ਗਿਆ ਹੈ।
ਕੋਟਾ ਪ੍ਰਣਾਲੀ ਤਹਿਤ ਮਿਲ ਸਕਦੀ ਹੈ ਰਾਹਤ
ਕਪਾਹ ਵਪਾਰੀਆਂ ਅਤੇ ਤੇਲ ਬੀਜ ਉਤਪਾਦਕਾਂ ਦਾ ਕਹਿਣਾ ਹੈ ਕਿ ਉਹ ਡਿਊਟੀ ਰਿਆਇਤਾਂ ਦੀ ਅਸਲ ਹੱਦ ਅਤੇ ਘੇਰੇ ਬਾਰੇ ਸਪੱਸ਼ਟਤਾ ਦੀ ਉਡੀਕ ਕਰ ਰਹੇ ਹਨ। ਮਾਹਿਰਾਂ ਅਨੁਸਾਰ ਟੈਰਿਫ ਰਿਆਇਤਾਂ ਸੰਭਵ ਤੌਰ ’ਤੇ ਟੈਰਿਫ ਰੇਟ ਕੋਟਾ (ਟੀ. ਆਰ. ਕਿਊ.) ਤਹਿਤ ਦਿੱਤੀਆਂ ਜਾ ਸਕਦੀਆਂ ਹਨ। ਫਿਲਹਾਲ ਭਾਰਤ ਅਮਰੀਕਾ ਤੋਂ ਕਰੀਬ 2 ਲੱਖ ਟਨ ਸੋਇਆਬੀਨ ਤੇਲ ਦਰਾਮਦ ਕਰਦਾ ਹੈ, ਜੋ ਕੁਲ ਦਰਾਮਦ ਦਾ ਲੱਗਭਗ 5 ਫੀਸਦੀ ਹੈ। ਇਸ ’ਤੇ ਅਜੇ 16.5 ਫੀਸਦੀ ਡਿਊਟੀ ਲੱਗਦੀ ਹੈ। ਉੱਥੇ ਹੀ 2025 ’ਚ ਅਮਰੀਕਾ ਤੋਂ ਕਪਾਹ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ ਦੁੱਗਣੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਟੈਰਿਫ ’ਤੇ ਅੱਗੇ ਹੋਰ ਕਟੌਤੀ ਦੀ ਉਮੀਦ
ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਅਮਰੀਕਾ ਇਸ ਹਫਤੇ ਭਾਰਤ ’ਤੇ ਰੈਸੀਪ੍ਰੋਕਲ ਟੈਰਿਫ ਨੂੰ 25 ਤੋਂ ਘਟਾ ਕੇ 18 ਫੀਸਦੀ ਕਰਨ ਦੀ ਉਮੀਦ ਕਰ ਰਿਹਾ ਹੈ। ਭਾਰਤੀ ਅਧਿਕਾਰੀ ਅਗਲੇ ਹਫਤੇ ਅਮਰੀਕਾ ਜਾ ਕੇ ਅੰਤ੍ਰਿਮ ਸਮਝੌਤੇ ਦੇ ਕਾਨੂੰਨੀ ਖਰੜੇ ਨੂੰ ਅੰਤਿਮ ਰੂਪ ਦੇਣਗੇ, ਜਿਸ ਦੇ ਨਾਲ ਹੀ ਭਾਰਤ ਦੀ ਟੈਰਿਫ ਕਟੌਤੀ ਵੀ ਲਾਗੂ ਹੋ ਜਾਵੇਗੀ।
ਤਾਮਿਲਨਾਡੂ ਕਿਸਾਨ ਸੰਘ ਨੇ ਐੱਮ. ਐੱਸ. ਪੀ. ਤੋਂ ਹੇਠਾਂ ਚੱਲ ਰਹੀਆਂ ਮੱਕੀ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਕੇਂਦਰ ਤੋਂ ਖਰੀਦ ਦੀ ਮੰਗ ਕੀਤੀ ਹੈ। ਦੂਜੇ ਪਾਸੇ ਛੋਲਿਆਂ ਦੀਆਂ ਕੀਮਤਾਂ ਸ਼ੁਰੂਆਤੀ ਆਮਦ ਦੇ ਨਾਲ ਹੀ ਐੱਮ. ਐੱਸ. ਪੀ. ਤੋਂ 9 ਫੀਸਦੀ ਹੇਠਾਂ ਚੱਲ ਰਹੀਆਂ ਹਨ। ਭਾਰੀ ਦਰਾਮਦ ਅਤੇ ਬੰਪਰ ਪੈਦਾਵਾਰ ਦੀ ਉਮੀਦ ਨੇ ਬਾਜ਼ਾਰ ਨੂੰ ਕਮਜ਼ੋਰ ਕੀਤਾ ਹੈ।
ਸਰ੍ਹੋਂ ਅਤੇ ਕਣਕ ਵੀ ਐੱਮ. ਐੱਸ. ਪੀ. ਤੋਂ ਹੇਠਾਂ
‘ਇੰਡੀਆ ਪਲਸ ਐਂਡ ਗ੍ਰੇਨਜ਼ ਐਸੋਸੀਏਸ਼ਨ’ ਦੇ ਸਕੱਤਰ ਸਤੀਸ਼ ਉਪਾਧਿਆਏ ਅਨੁਸਾਰ ਜੇਕਰ ਸਰਕਾਰ ਖਰੀਦ ਨਹੀਂ ਵਧਾਉਂਦੀ, ਤਾਂ ਹਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਆਮਦ ਦੇ ਸਿਖਰ ’ਤੇ ਐੱਮ. ਐੱਸ. ਪੀ. ਤੋਂ 10-15 ਫੀਸਦੀ ਹੇਠਾਂ ਰਹਿ ਸਕਦੀਆਂ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਸਰ੍ਹੋਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਪਰ ਕੀਮਤਾਂ 6,200 ਰੁਪਏ ਪ੍ਰਤੀ ਕੁਇੰਟਲ ਦੇ ਐੱਮ. ਐੱਸ. ਪੀ. ਤੋਂ ਹੇਠਾਂ ਚੱਲ ਰਹੀਆਂ ਹਨ। ਕਣਕ ਦੇ ਭਾਅ ਵੀ 2,585 ਰੁਪਏ ਦੇ ਐੱਮ. ਐੱਸ. ਪੀ. ਤੋਂ 100-150 ਰੁਪਏ ਘੱਟ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਬੋਨਸ ਦੇ ਐਲਾਨ ਨਾਲ ਬਾਜ਼ਾਰ ਹੋਰ ਵਿਗੜ ਸਕਦਾ ਹੈ।
ਕਿਹੜੀਆਂ ਫਸਲਾਂ ਦੇ ਭਾਅ ’ਚ ਕਿੰਨੀ ਗਿਰਾਵਟ
ਸੋਇਆਬੀਨ ਐੱਮ. ਐੱਸ. ਪੀ. ਤੋਂ 4 ਫੀਸਦੀ ਘੱਟ
ਮੱਕੀ ਐੱਮ. ਐੱਸ. ਪੀ. ਤੋਂ 4 ਫੀਸਦੀ ਘੱਟ
ਕਪਾਹ ਐੱਮ. ਐੱਸ. ਪੀ. ਤੋਂ 9 ਫੀਸਦੀ ਘੱਟ
ਛੋਲੇ ਐੱਮ. ਐੱਸ. ਪੀ. ਤੋਂ 9 ਫੀਸਦੀ ਘੱਟ
ਕਣਕ ਐੱਮ. ਐੱਸ. ਪੀ. ਤੋਂ 7 ਫੀਸਦੀ ਘੱਟ
ਸਰ੍ਹੋਂ ਐੱਮ. ਐੱਸ. ਪੀ. ਤੋਂ 3 ਫੀਸਦੀ ਘੱਟ
ਨੋਟ : ਔਸਤ ਮੰਡੀ ਭਾਅ 14 ਫਰਵਰੀ ਤੱਕ ਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
