''ਨਵਜੋਤ ਸਿੱਧੂ ਦੇ ਪੋਸਟਰ ''ਤੇ ਮਲੀ ਕਾਲਖ'' (ਵੀਡੀਓ)

Saturday, Feb 16, 2019 - 06:47 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਪੁਲਵਾਮਾ ਹਮਲੇ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਜਿੱਥੇ ਵੱਖ-ਵੱਖ ਆਗੂਆਂ ਵਲੋਂ ਸਿੱਧੂ ਵਲੋਂ ਦਿੱਤੇ ਬਿਆਨ ਕਰਕੇ ਘੇਰਿਆ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਵਿਚ ਵੀ ਅੱਜ ਭਾਜਪਾ ਵਲੋਂ ਸਿੱਧੂ ਦੇ ਪੋਸਟਰ 'ਤੇ ਕਾਲਖ ਮਲ ਕੇ ਵਿਰੋਧ ਕੀਤਾ ਗਿਆ। ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਨਗਰ ਨਿਗਮ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਸਨ। ਇਸ ਦੌਰਾਨ ਭਾਜਪਾ ਵਰਕਰਾਂ ਨੇ ਨਵਜੋਤ ਸਿੱਧੂ ਦੇ ਪੋਸਟਰ 'ਤੇ ਕਾਲਖ ਲਗਾ ਦਿੱਤੀ ਅਤੇ ਸਿੱਧੂ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਭਾਰਤ ਦੇ 44 ਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਪਾਕਿਸਤਾਨ ਨਾਲ ਸਿੱਧੂ ਯਾਰੀਆਂ ਨਿਭਾਅ ਰਿਹਾ ਹੈ, ਜਦਕਿ ਪਾਕਿਸਤਾਨ ਹਰ ਵਾਰ ਭਾਰਤ ਦੀ ਪਿੱਠ 'ਚ ਛੁਰਾ ਮਾਰਦਾ ਹੈ। ਸਿੱਧੂ ਦੇ ਸਵਾਗਤ ਲਈ ਕਾਲੀਆਂ ਝੰਡੀਆਂ ਲਈ ਬੈਠੇ ਭਾਜਪਾ ਵਰਕਰਾਂ ਨੇ ਕਿਹਾ ਕਿ ਸਿੱਧੂ 'ਤੇ ਵੀ ਕਾਲਖ ਸੁੱਟੀ ਜਾਵੇਗੀ। 
ਦੱਸਣਯੋਗ ਹੈ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਸ ਦੁੱਖਦਾਈ ਘਟਨਾ 'ਤੇ ਗੋਲ-ਮੋਲ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ। ਪਾਕਿਸਤਾਨ ਖਿਲਾਫ ਕੁਝ ਵੀ ਬੋਲਣ ਤੋਂ ਬਚਦੇ ਸਿੱਧੂ ਨੇ ਹਾਲਾਂਕਿ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਜ਼ਰੂਰ ਕੀਤੀ ਸੀ। ਸਿੱਧੂ ਨੇ ਕਿਹਾ ਕਿ ਸੀ ਜਾਨ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ।


author

Gurminder Singh

Content Editor

Related News