ਸਿੱਧੂ ਦਰਸ਼ਨੀ ਘੋੜਾ ਨਹੀਂ, ਉਨ੍ਹਾਂ ਦੀ ਰਗ-ਰਗ ’ਚ ਕਾਂਗਰਸ ਦਾ ਖੂਨ : ਸੁਖਜਿੰਦਰ ਰੰਧਾਵਾ

Tuesday, Feb 08, 2022 - 09:00 AM (IST)

ਜਲੰਧਰ (ਧਵਨ)– ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਸ਼ਨੀ ਘੋੜਾ ਨਹੀਂ ਹੈ ਸਗੋਂ ਉਹ ਤਾਂ ਪਾਰਟੀ ਲਈ ਇਕ ਵੱਡੀ ਜਾਇਦਾਦ ਹਨ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਚਿਹਰਾ ਐਲਾਨ ਦਿੱਤਾ ਹੈ। ਇਸ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਫ਼ੈਸਲੇ ਨਾਲ ਸਿੱਧੂ ’ਚ ਕੋਈ ਨਿਰਾਸ਼ਾ ਨਹੀਂ ਹੈ, ਕਿਉਂਕਿ ਸਿੱਧੂ ਦੀ ਰਗ-ਰਗ ’ਚ ਕਾਂਗਰਸ ਦਾ ਖੂਨ ਵਗ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)

ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਆਜ਼ਾਦੀ ਘੁਲਾਟੀਆ ਸਨ, ਜੋ ਬਾਅਦ ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਸਨ। ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਐੱਸ. ਸੀ. ਅਤੇ ਗਰੀਬ ਪਰਿਵਾਰ ਨਾਲ ਜੁੜੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਚਿਹਰਾ ਬਣਾ ਕੇ ਜਨਤਾ ਦੀ ਇੱਛਾ ਮੁਤਾਬਕ ਫ਼ੈਸਲਾ ਲਿਆ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਚੰਨੀ ਦੀ ਅਗਵਾਈ ’ਚ 111 ਦਿਨਾਂ ’ਚ ਕਮਾਲ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ

ਉਨ੍ਹਾਂ ਨੇ ਕਿਹਾ ਕਿ ਸਿੱਧੂ ਦਾ ਡੀ. ਐੱਨ. ਏ. ਕਾਂਗਰਸ ਦਾ ਹੈ। ਅਜਿਹਾ ਵਿਅਕਤੀ ਕੋਈ ਵੀ ਕੁਰਬਾਨੀ ਦੇ ਸਕਦਾ ਹੈ। ਇਹੀ ਨਹੀਂ ਕਾਂਗਰਸ ਦੇ ਪੁਰਾਣੇ ਨੇਤਾ ਵੀ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ ਹਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਨੂੰ ਛੋਟੀ ਉਮਰ ’ਚ ਚੋਣ ਲੜਨ ਲਈ ਟਿਕਟ ਅਲਾਟ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਦੇ ਪਿਤਾ ਨੇ ਇਹ ਕਹਿ ਕੇ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਤੋਂ ਉਮਰ ’ਚ 10 ਸਾਲ ਵੱਡੇ ਜੋਗਿੰਦਰ ਸਿੰਘ ਲੋਧੀਨੰਗਲ ਨੂੰ ਟਿਕਟ ਅਲਾਟ ਕੀਤੀ ਜਾਵੇ। ਉਨ੍ਹਾਂ ਦੇ ਪਿਤਾ ਸਿਆਸਤ ’ਚ ਰਹੇ ਪਰ ਉਨ੍ਹਾਂ ਨੂੰ ਕਦੀ ਵੀ ਕੁਰਸੀ ਦਾ ਮੋਹ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ, CM ਚੰਨੀ ਤੇ ਜਾਖੜ ਦੀ ਤਾਰੀਫ਼ ਕਰ ਬੋਲੇ ਰਾਹੁਲ ਗਾਂਧੀ, ਕਿਹਾ-ਇਹ ਹਨ ‘ਕਾਂਗਰਸ ਦੇ ਹੀਰੇ’

ਇਕ ਸਵਾਲ ਦੇ ਜਵਾਬ ’ਚ ਰੰਧਾਵਾ ਨੇ ਕਿਹਾ ਕਿ ਸਿੱਧੂ ਦਰਸ਼ਨੀ ਘੋੜਾ ਨਹੀਂ ਹੈ, ਸਗੋਂ ਉਹ ਪਾਰਟੀ ਲਈ ਇਕ ਵੱਡੀ ਜਾਇਦਾਦ ਹਨ। ਉਨ੍ਹਾਂ ਦਾ ਆਪਣੀ ਸ਼ਖਸੀਅਤ ਅਤੇ ਆਕਰਸ਼ਣ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਦੋਂ ਜੰਗ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ’ਚ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਬਾਜਵਾ ਅਤੇ ਸੁਖ ਸਰਕਾਰੀਆ ਸ਼ਾਮਲ ਸਨ। ਬਾਅਦ ’ਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵੀ ਆਪਣੀ ਮੁਹਿੰਮ ’ਚ ਸ਼ਾਮਲ ਕੀਤਾ ਕਿਉਂਕਿ ਕਾਂਗਰਸ ਨੂੰ ਬਚਾਉਣ ਲਈ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਉਤਾਰਨਾ ਲਾਜ਼ਮੀ ਸੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਨੂੰ ਮਾਫ਼ੀਆ ਖ਼ਿਲਾਫ਼ ਲੜਾਈ ਲੜਨ ’ਚ ਉਦੋਂ ਸਫਲਤਾ ਮਿਲ ਸਕਦੀ ਸੀ ਜਦੋਂ ਸੂਬੇ ’ਚ ਸੱਤਾ ਬਦਲਾਅ ਹੁੰਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਕਿਉਂਕਿ ਵਾਰ-ਵਾਰ ਕਹਿਣ ਦੇ ਬਾਵਜੂਦ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਸੀ। ਹੁਣ ਕਾਂਗਰਸ ਫਿਊਡਲ ਨੇਤਾਵਾਂ ਤੋਂ ਮੁਕਤ ਹੋ ਗਈ ਹੈ। ਇਕ ਹੋਰ ਪ੍ਰਸ਼ਨ ਦੇ ਉੱਤਰ ’ਚ ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਕਦੀ ਵੀ ਸ਼ਾਮਲ ਨਹੀਂ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

ਮਜੀਠੀਆ ਨੂੰ ਭਾਰਤ ਅਤੇ ਹਰਿਆਣਾ ਸਰਕਾਰ ਦਾ ਸਮਰਥਨ ਹਾਸਲ ਸੀ
ਰੰਧਾਵਾ ਨੇ ਖੁਲਾਸਾ ਕੀਤਾ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਅਤੇ ਹਰਿਆਣਾ ਸਰਕਾਰ ਦਾ ਖੁੱਲ੍ਹਾ ਸਮਰਥਨ ਪ੍ਰਾਪਤ ਸੀ, ਜਿਸ ਕਾਰਨ ਪੁਲਸ ਉਨ੍ਹਾਂ ਦਾ ਪਤਾ ਲਗਾਉਣ ’ਚ ਅਸਫਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਲਗਾਤਾਰ ਕਹਿੰਦੇ ਸਨ ਕਿ ਮਜੀਠੀਆ ਖ਼ਿਲਾਫ਼ ਕਮਜ਼ੋਰ ਕੇਸ ਦਰਜ ਕੀਤਾ ਗਿਆ ਹੈ। ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਆਪਣੀਆਂ ਟਿੱਪਣੀਆਂ ’ਚ ਸਪੱਸ਼ਟ ਕਹਿ ਦਿੱਤਾ ਹੈ ਕਿ ਕੇਸ ਕਮਜ਼ੋਰ ਨਹੀਂ ਹੈ। ਅਸਲ ’ਚ ਕੇਜਰੀਵਾਲ ਹੀ ਮਜੀਠੀਆ ਨਾਲ ਅੰਦਰਖਾਤੇ ਮਿਲੇ ਹੋਏ ਹਨ। 

ਪੜ੍ਹੋ ਇਹ ਵੀ ਖ਼ਬਰ - ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ : ਮ੍ਰਿਤਕ ਵਿਅਕਤੀ ਨੂੰ ਹੀ ਲਗਾ ਦਿੱਤੀ ਕੋਰੋਨਾ ਵੈਕਸੀਨ!

ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਈ.ਡੀ. ਦੀ ਰਿਪੋਰਟ ਦੇ ਆਧਾਰ ’ਤੇ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜੇ ਈ. ਡੀ. ਚੰਨੀ ਦੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਸਕਦੀ ਹੈ ਤਾਂ ਫਿਰ ਉਸ ਨੂੰ ਹੋਰ ਨੇਤਾਵਾਂ ਖ਼ਿਲਾਫ਼ ਵੀ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ’ਚ ਮਜੀਠੀਆ ਹਾਰੇਗਾ ਅਤੇ ਨਵਜੋਤ ਸਿੰਘ ਸਿੱਧੂ ਦੀ ਜਿੱਤ ਹੋਵੇਗੀ।

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News