ਆਤਮ-ਸਮਰਪਣ ਸਮੇਂ ਕਾਂਗਰਸ ਦੇ ਵੱਡੇ ਆਗੂਆਂ ਨੇ ਸਿੱਧੂ ਤੋਂ ਬਣਾਈ ਦੂਰੀ, ਡਾ. ਗਾਂਧੀ ਨੇ ਨਿਭਾਈ ਯਾਰੀ

Saturday, May 21, 2022 - 03:39 PM (IST)

ਪਟਿਆਲਾ (ਬਲਜਿੰਦਰ) : ਮਾਣਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਣਾਈ ਇਕ ਸਾਲ ਦੀ ਸਜ਼ਾ ਸਬੰਧੀ ਜਦੋਂ ਸਿੱਧੂ ਮਾਣਯੋਗ ਅਦਾਲਤ ’ਚ ਆਤਮ-ਸਮਰਪਣ ਕਰਨ ਗਏ ਤਾਂ ਪੰਜਾਬ ਦੇ ਵੱਡੇ ਕਾਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਤੋਂ ਦੂਰੀ ਬਣਾ ਲਈ। ਅੱਜ ਅਸ਼ਵਨੀ ਸ਼ੇਖੜੀ ਤੇ ਸੁਰਜੀਤ ਧੀਮਾਨ ਨੂੰ ਛੱਡ ਕੇ ਕੋਈ ਵੱਡਾ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਮਿਲਣ ਵੀ ਨਹੀਂ ਪਹੁੰਚਿਆ। ਇਥੇ ਤੱਕ ਜਿਹੜੇ ਵੀਰਵਾਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਸਿੱਧੂ ਨਾਲ ਤਸਵੀਰਾਂ ਖਿੱਚਵਾ ਰਹੇ ਸਨ, ਉਹ ਵੀ ਅੱਜ ਨਜ਼ਰ ਨਹੀਂ ਆਏ। ਸਥਾਨਕ ਆਗੂਆਂ ’ਚ ਪੰਜਾਬ ਕਾਂਗਰਸ ਦੇ ਬੁਲਾਰੇ ਗੌਰਵ ਸੰਧੂ, ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਅਤੇ ਸ਼ੈਰੀ ਰਿਆੜ ਤੋਂ ਇਲਾਵਾ ਕੋਈ ਵੱਡਾ ਚਿਹਰਾ ਦਿਖਾਈ ਨਹੀਂ ਦਿੱਤਾ। ਹਾਲਾਂਕਿ ਜਦੋਂ ਤੋਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਤੋਂ ਉਤਾਰਿਆ ਉਸ ਤੋਂ ਬਾਅਦ ਹੀ ਕਾਂਗਰਸੀ ਆਗੂਆਂ ਵੱਲੋਂ ਦੂਰੀ ਬਣਾਉਣੀ ਸ਼ੁਰੂ ਹੋ ਗਈ ਸੀ ਪਰ ਅੱਜ ਤਾਂ ਲਗਭਗ ਇਕ ਤਰ੍ਹਾਂ ਨਾਲ ਕਿਨਾਰਾ ਹੀ ਕਰ ਲਿਆ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਕੀਤਾ ਆਤਮ ਸਮਰਪਣ

ਨਵਜੋਤ ਸਿੱਧੂ ਨੇ ਰਾਜਨੀਤੀ ’ਚ ਲਗਭਗ ਪਿਛਲਾ ਇਕ ਸਾਲ ਵੱਡੇ ਉਤਾਰ-ਚੜਾਅ ਵਾਲਾ ਰਿਹਾ। ਸਿੱਧੂ ਹਾਲਾਂਕਿ ਸਾਲ 2004 ਤੋਂ ਸਰਗਰਮ ਰਾਜਨੀਤੀ ’ਚ ਭਾਗ ਲੈ ਰਹੇ ਹਨ। ਤਿੰਨ ਵਾਰ ਮੈਂਬਰ ਪਾਰਲੀਮੈਂਟ ਅਤੇ ਇਕ ਵਾਰ ਵਿਧਾਇਕ ਅਤੇ ਲਗਭਗ 2 ਸਾਲ ਤੱਕ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਵੀ ਰਹਿ ਚੁਕੇ ਹਨ ਪਰ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਨਵਜੋਤ ਸਿੱਧੂ ਪੰਜਾਬ ਦੀ ਰਾਜਨੀਤੀ ਦਾ ਸਿਤਾਰਾ ਉਦੋਂ ਬਣਨ ਲੱਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਕਾਂਗਰਸ ਦੇ ਕੁਝ ਆਗੂਆਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਗਾ ਕੇ ਹਾਈਕਮਾਂਨ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਸਿੱਧੂ ’ਤੇ ਸ਼ਨੀ ਦੀ ਕਰੋਪੀ ਭਰੀ ਨਜ਼ਰ, ਵੱਡੇ ਵਾਸਤੂ ਤੇ ਦੇਵਦੋਸ਼ ਨੇ ਪਹਿਲਾਂ ਚੋਣਾਂ ’ਚ ਹਾਰ ਦਿੱਤੀ, ਹੁਣ ਜੇਲ ਪਹੁੰਚਾਇਆ

ਦੇਖਦੇ ਹੀ ਦੇਖਦੇ ਹਾਲਾਤ ਬਦਲੇ ਅਤੇ ਕਾਂਗਰਸ ਦੀ ਹਾਈਕਮਾਂਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੱਡਾ ਦਾਅ ਖੇਡਦਿਆਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ। ਨਵਜੋਤ ਸਿੱਧੂ ਦੀ ਸਰਕਾਰ ਅਤੇ ਪਾਰਟੀ ਦੋਵਾਂ ਪਾਸੇ ਤੂਤੀ ਬੋਲਣ ਲੱਗ ਪਈ। ਉਹ ਸਿਖਰ ’ਤੇ ਉਦੋਂ ਪਹੁੰਚ ਗਏ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਸ ਕਸ਼ਮਕਸ਼ ’ਚ ਕਈ ਚਿਹਰਿਆਂ ਨੂੰ ਨਦਾਰਦ ਕੀਤਾ ਗਿਆ ਪਰ ਨਵਜੋਤ ਸਿੰਘ ਸਿੱਧੂ ਕੁਝ ਦਿਨ ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰਦੇ ਨਜ਼ਰ ਆਏ ਅਤੇ ਚਾਰੇ ਪਾਸੇ ਉਨ੍ਹਾਂ ਦੀ ਤੂਤੀ ਬੋਲਣ ਲੱਗ ਪਈ ਪਰ ਇਹ ਜ਼ਿਆਦਾ ਦੇਰ ਤੱਕ ਬਰਕਰਾਰ ਨਾ ਰਹਿ ਸਕੀ ਅਤੇ ਉਨ੍ਹਾਂ ਦੇ ਚਰਨਜੀਤ ਸਿੰਘ ਚੰਨੀ ਨਾਲ ਮਨ-ਮੁਟਾਅ ਜਨਤਕ ਹੋ ਗਏ।

ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ

ਚੰਨੀ ਨੂੰ ਜਦੋਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦਾ ਅਧਿਕਾਰਿਤ ਤੌਰ ’ਤੇ ਚਿਹਰਾ ਐਲਾਨ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਲਈ ਮੁਸ਼ਕਿਲ ਸ਼ਮਾਂ ਸ਼ੁਰੂ ਹੋ ਗਿਆ। ਇਸੇ ਦੌਰਾਨ ਉਹ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਚੋਣ ਵੀ ਹਾਰ ਗਏ ਅਤੇ ਕਾਂਗਰਸ ਦੀ ਹਾਈਕਮਾਂਨ ਨੇ ਨਵਜੋਤ ਸਿੱਧੂ ਨੂੰ ਉਤਾਰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ। ਨਵਜੋਤ ਸਿੰਘ ਸਿੱਧੂ ਇਨ੍ਹਾਂ ਹਾਲਾਤ ਤੋਂ ਉਭਰਨ ਦੀ ਕੋਸ਼ਿਸ਼ ਕਰ ਹੀ ਰਹੇ ਸਨ ਕਿ ਮਾਣਯੋਗ ਸੁਪਰੀਮ ਕੋਰਟ ਨੇ 34 ਸਾਲਾ ਪੁਰਾਣੇ ਇਕ ਕੇਸ ’ਚ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ। ਅੱਜ ਸ਼ੁੱਕਰਵਾਰ ਨੂੰ ਉਹ ਕੇਂਦਰੀ ਜੇਲ ’ਚ ਇਕ ਕੈਦੀ ਦੇ ਰੂਪ ’ਚ ਬੰਦ ਹਨ।

ਇਹ ਵੀ ਪੜ੍ਹੋ : ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ

ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਨਿਭਾਈ ਯਾਰੀ
ਜਿਥੇ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸੀ ਆਗੂਆਂ ਨੇ ਦੂਰੀ ਬਣਾਈ ਉਥੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਯਾਰੀ ਨਿਭਾਉਂਦੇ ਹੋਏ ਕੋਰਟ ’ਚ ਸਰੰਡਰ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚ ਗਏ। ਹਾਲਾਂਕਿ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਪਰ ਕਾਫੀ ਦੇਰ ਤੱਕ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਰਹੇ। ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ’ਚ ਡਾ. ਧਰਮਵੀਰ ਗਾਂਧੀ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰ ਚੁਕੇ ਹਨ।

ਇਹ ਵੀ ਪੜ੍ਹੋ : ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਇਕ ਹੋਰ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News