ਨਾਜਾਇਜ਼ ਕਾਲੋਨੀਆਂ ਬਾਰੇ ਨਵੀਂ ਪਾਲਿਸੀ ਤੋਂ ਸਿੱਧੂ ਨਾਖੁਸ਼

Tuesday, Jul 31, 2018 - 05:53 AM (IST)

ਨਾਜਾਇਜ਼ ਕਾਲੋਨੀਆਂ ਬਾਰੇ ਨਵੀਂ ਪਾਲਿਸੀ ਤੋਂ ਸਿੱਧੂ ਨਾਖੁਸ਼

ਚੰਡੀਗੜ੍ਹ(ਭੁੱਲਰ)- ਪੰਜਾਬ ਮੰਤਰੀ ਮੰਡਲ 'ਚ ਅੱਜ ਪ੍ਰਵਾਨ ਕੀਤੀਆਂ ਗਈਆਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਨਵੀਂ ਪਾਲਿਸੀ ਨੂੰ ਲੈ ਕੇ ਭਾਵੇਂ ਸਮੁੱਚੇ ਮੈਂਬਰਾਂ ਵਿਚ ਸਹਿਮਤੀ ਦਾ ਦਾਅਵਾ ਕੀਤਾ ਗਿਆ ਹੈ ਪਰ ਅੱਜ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਾਲਿਸੀ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਖੁਸ਼ ਹਨ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਆਖਰੀ ਦਮ ਤੱਕ ਇਸ ਪਾਲਿਸੀ 'ਚ ਆਪਣੇ ਕਈ ਸੁਝਾਅ ਸ਼ਾਮਲ ਕਰਵਾਉਣ ਦਾ ਯਤਨ ਕੀਤਾ ਪਰ ਇਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ, ਕਿਉਕਿ ਹੋਰਨਾਂ ਮੈਂਬਰਾਂ ਦਾ ਸਿੱਧੂ ਨੂੰ ਸਾਥ ਨਹੀਂ ਮਿਲਿਆ। ਅੱਜ ਵੀ ਮੀਟਿੰਗ ਦੌਰਾਨ ਪਾਲਿਸੀ ਪ੍ਰਵਾਨ ਹੋਣ ਤੋਂ ਪਹਿਲਾਂ ਸਿੱਧੂ ਨੇ ਕੁੱਝ ਸੁਝਾਅ ਸ਼ਾਮਲ ਕਰਵਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। 
ਪਤਾ ਲੱਗਾ ਹੈ ਕਿ ਸਿੱਧੂ ਦਾ ਵਿਚਾਰ ਸੀ ਕਿ ਇਸ ਪਾਲਿਸੀ ਨਾਲ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਏਗਾ। ਭਾਵੇਂ ਪਿਛਲੀ ਮੀਟਿੰਗ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਲਿਸੀ ਨੂੰ ਲੈ ਕੇ ਸਿੱਧੂ ਦੀ ਸੁਰ ਨਾਲ ਸੁਰ ਮਿਲਾਉਣ ਦਾ ਯਤਨ ਕੀਤਾ ਸੀ ਪਰ ਅੱਜ ਖੁਦ ਹੀ ਚੰਨੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਹਾਜ਼ਰ ਨਹੀਂ ਸਨ। ਮੀਟਿੰਗ ਖਤਮ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਜਦੋਂ ਸਕੱਤਰੇਤ ਤੋਂ ਬਾਹਰ ਆਉਣ ਸਮੇਂ ਪੱਤਰਕਾਰਾਂ ਨੇ ਪਾਲਿਸੀ ਬਾਰੇ ਪੁੱਛਿਆ ਤਾਂ ਉਸ ਸਮੇਂ ਵੀ ਉਨ੍ਹਾਂ ਦੇ ਚਿਹਰੇ 'ਤੇ ਤਲਖੀ ਸਾਫ਼ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਸਪੱਸ਼ਟ ਉਤਰ ਦੇਣ ਦੀ ਥਾਂ ਇੰਨਾ ਹੀ ਕਿਹਾ ਕਿ ਜਦ ਮੁੱਖ ਮੰਤਰੀ ਤੇ ਹੋਰ ਮੰਤਰੀ ਹੀ ਸਹਿਮਤ ਹਨ ਤਾਂ ਉਹ ਹੁਣ ਕੀ ਕਹਿ ਸਕਦੇ ਹਨ। ਇਸ ਪਾਲਿਸੀ ਨੂੰ ਪ੍ਰਵਾਨ ਕਰਵਾਉਣ 'ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਹੀ ਹੱਥ ਪੂਰੀ ਤਰ੍ਹਾਂ ਉਪਰ ਰਿਹਾ ਹੈ, ਜਿਨ੍ਹਾਂ ਨੂੰ ਕੈਬਨਿਟ ਸਬ ਕਮੇਟੀ ਵਿਚ ਸ਼ਾਮਲ ਸਿੱਧੂ ਨੂੰ ਛੱਡ ਕੇ ਹੋਰਨਾਂ ਸਾਰੇ ਮੈਂਬਰਾਂ ਦਾ ਸਮਰਥਨ ਮਿਲਿਆ। ਕਮੇਟੀ ਵਿਚ ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ਤੇ ਵਿਜੇ ਇੰਦਰ ਸਿੰਗਲਾ ਵੀ ਮੈਂਬਰ ਸਨ। ਬਾਜਵਾ ਨੇ ਭਾਵੇਂ ਦਾਅਵਾ ਕੀਤਾ ਕਿ ਪਾਲਿਸੀ ਸਭ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਵਾਨ ਹੋਈ ਹੈ ਪਰ ਨਵਜੋਤ ਸਿੱਧੂ ਦੇ ਸਕੱਤਰੇਤ ਵਿਚ ਉਸ ਸਮੇਂ ਮੌਜੂਦ ਹੋਣ ਦੇ ਬਾਵਜੂਦ ਇਨ੍ਹਾਂ ਮੈਂਬਰਾਂ ਨਾਲ ਨਾ ਆਉਣ ਦਾ ਕਾਰਨ ਵੀ ਉਨ੍ਹਾਂ ਦੀ ਅੰਦਰਖਾਤੇ ਨਾਰਾਜ਼ਗੀ ਦੱਸਿਆ ਜਾ ਰਿਹਾ ਹੈ। ਅੱਜ ਪ੍ਰਵਾਨ ਹੋਈ ਪਾਲਿਸੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਮਤਭੇਦ ਖੁੱਲ੍ਹ ਕੇ ਸਾਹਮਣੇ ਆਉਣ ਦੀ ਸੰਭਾਵਨਾ ਹੈ।


Related News