ਅਹਿਮ ਖ਼ਬਰ : ''ਸਿੱਧੂ'' ਨੇ ਆਪਣੇ ਭਾਸ਼ਣ ''ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ
Saturday, Jul 24, 2021 - 09:27 AM (IST)
ਪਟਿਆਲਾ (ਪੰਜੌਲਾ) : ਕਾਂਗਰਸ ਹਾਈਕਮਾਨ ਵੱਲੋਂ ਸਾਲ 2022 'ਚ ਪੰਜਾਬ 'ਚ ਕਾਂਗਰਸ ਸਰਕਾਰ ਰਿਪੀਟ ਕਰਨ ਦੀ ਮਨਸ਼ਾ ਨਾਲ ਪੰਜਾਬ ਕਾਂਗਰਸ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਤਾਜਪੋਸ਼ੀ ਸਮਾਗਮ ਦੌਰਾਨ ਧੂੰਆਂਧਾਰ ਭਾਸ਼ਣ ਦਿੱਤਾ। ਇਸ ਨਾਲ ਜਿੱਥੇ ਉਨ੍ਹਾਂ ਦੇ ਭਾਸ਼ਣ ਨੇ ਕਾਂਗਰਸੀ ਵਰਕਰਾਂ 'ਚ ਜਾਨ ਫੂਕ ਦਿੱਤੀ, ਉੱਥੇ ਹੀ ਉਨ੍ਹਾਂ ਆਪਣਾ ਭਵਿੱਖ ਦਾ ਏਜੰਡਾ ਸਪੱਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਅਧਿਕਾਰੀਆਂ ਦਾ ਕਾਰਨਾਮਾ, 9 ਮਹੀਨੇ ਦੇ ਬੱਚੇ ਨੇ 5ਵੀਂ ਜਮਾਤ ਦੀ ਪ੍ਰੀਖਿਆ ਕੀਤੀ ਪਾਸ!
ਸਿੱਧੂ ਨੇ ਇਸ ਤਰ੍ਹਾਂ ਦਾ ਭਾਸ਼ਣ ਦਿੱਤਾ, ਜਿਵੇਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਨਾ ਹੋਵੇ ਅਤੇ ਉਹ 2022 'ਚ ਕਾਂਗਰਸ ਸਰਕਾਰ ਬਣਨ 'ਤੇ ਆਪਣਾ ਏਜੰਡਾ ਲਾਗੂ ਕਰਨ ਦੀ ਗੱਲ ਕਰ ਰਹੇ ਹੋਣ। ਬੇਬਾਕ ਭਾਸ਼ਣ ਦਿੰਦੇ ਹੋਏ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ, ਪੰਜਾਬ ਦੇ ਕਿਸਾਨਾਂ, ਬੇਰੁਜ਼ਗਾਰਾਂ, ਈ. ਟੀ. ਟੀ. ਅਧਿਆਪਕਾਂ, ਨਰਸਾਂ ਅਤੇ ਧਰਨੇ ਦੇਣ ਵਾਲੇ ਲੋਕਾਂ ਲਈ ਹੈ। ਉਨ੍ਹਾਂ ਦੇ ਭਾਸ਼ਣ 'ਤੇ ਜ਼ਬਰਦਸਤ ਤਾੜੀਆਂ ਵੱਜੀਆਂ। ਸਿੱਧੂ ਨੇ ਪੰਜਾਬ 'ਚ ਮਹਿੰਗੀ ਖ਼ਰੀਦੀ ਜਾ ਰਹੀ ਬਿਜਲੀ, ਚਿੱਟੇ ਦੇ ਵਪਾਰ 'ਤੇ ਕਾਬੂ ਨਾ ਕਰ ਸਕਣ ਸਮੇਤ ਹੋਰ ਕਈ ਤਰ੍ਹਾਂ ਦੇ ਮੁੱਦੇ ਬੇਬਾਕੀ ਨਾਲ ਚੁੱਕੇ।
ਇਹ ਵੀ ਪੜ੍ਹੋ : ਸਕੂਲ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ, ਕਲਰਕਾਂ ਨੂੰ ਦਿੱਤੀ ਜਾਵੇਗੀ ਇਹ ਟ੍ਰੇਨਿੰਗ
ਉਨ੍ਹਾਂ ਆਪਣੇ ਭਾਸ਼ਣ 'ਚ ਇਕ ਵਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ। ਸਿੱਧੂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਇਸ ਲਈ ਉਨ੍ਹਾਂ ਪੰਜਾਬੀਆਂ ਅਤੇ ਕਾਂਗਰਸੀ ਵਰਕਰਾਂ 'ਚ ਜੋਸ਼ ਪੈਦਾ ਕਰਨ ਲਈ ਕਿਹਾ ਕਿ ਉਹ ਹਰ ਕਾਂਗਰਸੀ ਵਰਕਰ ਕੋਲ ਜਾਣਗੇ, ਜਿਨ੍ਹਾਂ ਵਰਕਰਾਂ ਨੂੰ ਖੁੱਡੇ ਲਾਈਨ ਲਾਇਆ ਗਿਆ ਹੈ, ਉਨ੍ਹਾਂ ਦੀ ਗੱਲ ਸੁਣਨਗੇ, ਲੋਕਾਂ ਦੇ ਮਸਲੇ ਹੱਲ ਕਰਨਗੇ। ਜਿਸ ਤਰ੍ਹਾਂ ਦਾ ਭਾਸ਼ਣ ਇਕ ਪਾਰਟੀ ਦੇ ਪ੍ਰਧਾਨ ਨੂੰ ਸਰਕਾਰ ਬਣਾਉਣ ਲਈ ਦੇਣਾ ਚਾਹੀਦਾ ਹੈ, ਸਿੱਧੂ ਨੇ ਬਿਲਕੁਲ ਉਹੀ ਭਾਸ਼ਣ ਦਿੱਤਾ। ਉਨ੍ਹਾ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਜਿਸ ਪਾਰਟੀ ਦੇ ਉਹ ਪ੍ਰਧਾਨ ਬਣੇ ਹਨ, ਉਸੇ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ। ਇਹ ਭਾਸ਼ਣ ਦੇ ਕੇ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ 18 ਨੁਕਾਤੀ ਪ੍ਰੋਗਰਾਮ ਨੂੰ 2022 'ਚ ਲਾਗੂ ਕਰਵਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ