ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਖਹਿਰਾ ਖਿਲਾਫ ਸ਼ਿਵ ਸੈਨਾ ਦਾ ਫਤਵਾ
Friday, Feb 22, 2019 - 07:01 PM (IST)
ਅੰਮ੍ਰਿਤਸਰ (ਕੱਕੜ) : ਫੌਜੀਆਂ 'ਤੇ ਅੱਤਵਾਦੀ ਹਮਲੇ ਵਿਚ ਪਾਕਿਸਤਾਨ ਨੂੰ ਲੈ ਕੇ ਬਿਆਨਬਾਜ਼ੀ ਕਰਨ ਵਾਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਸ਼ਿਵ ਸੈਨਾ ਪੰਜਾਬ ਨੇ ਫਤਵਾ ਜਾਰੀ ਕੀਤਾ ਹੈ। ਇਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੋਂ ਕੰਡੇ ਕੀਤੇ ਗਏ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਵੀ ਉਕਤ ਫਤਵੇ ਤਹਿਤ ਮੂੰਹ ਕਾਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸ਼ਿਵ ਸੈਨਾ 2 ਲੱਖ ਰੁਪਏ ਦੇਵੇਗੀ। ਪੁਲਵਾਮਾ ਵਿਚ ਫੌਜੀਆਂ 'ਤੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਪਾਕਿਸਤਾਨ ਖਿਲਾਫ ਲੋਕਾਂ ਵਿਚ ਗੁੱਸਾ ਚਰਮ ਸੀਮਾਂ 'ਤੇ ਹੈ। ਉਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਵਿਧਾਇਕ ਸੁਖਪਾਲ ਖਹਿਰਾ ਦੀ ਪਾਕਿਸਤਾਨ ਦੇ ਹੱਕ 'ਚ ਬਿਆਨਬਾਜ਼ੀ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਫਤਵਾ ਜਾਰੀ ਕਰਦੇ ਕਿਹਾ ਹੈ ਜੇ ਕੋਈ ਵੀ ਇਨ੍ਹਾਂ ਦੋਵਾਂ ਵਿਚੋਂ ਕਿਸੇ ਦਾ ਵੀ ਮੂੰਹ ਕਾਲਾ ਕਰਕੇ ਆਵੇਗਾ ਉਸ ਨੂੰ 2 ਲੱਖ ਰੁਪਏ ਅਤੇ ਸਨਮਾਨ ਇਨਾਮ ਦੇ ਰੂਪ ਵਿਚ ਦਿੱਤੇ ਜਾਣਗੇ।
ਕੱਟੜ ਹਿੰਦੂ ਵਿਚਾਰਧਾਰਾ ਦਾ ਪ੍ਰਸਾਰ ਕਰਨ ਵਾਲੀ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਤਮਾਮ ਪ੍ਰੋਗਰਾਮਾਂ ਵਿਚ ਸ਼ਿਵ ਸੈਨਿਕਾਂ ਨੂੰ ਪਹੁੰਚ ਕੇ ਉਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੋਈ ਹੈ। ਸ਼ਿਵ ਸੈਨਾ ਪ੍ਰਮੁੱਖ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਨਵਜੋਤ ਸਿੱਧੂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਉਸ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਨਹੀਂ ਦਰਜ ਕਰਵਾਉਂਦੀ ਸ਼ਿਵ ਸੈਨਾ ਦਾ ਸੰਘਰਸ਼ ਜਾਰੀ ਰਹੇਗਾ।