ਨਵਜੋਤ ਸਿੱਧੂ ਵਲੋਂ ਨਾਭਾ ਨਗਰ ਕੌਂਸਲ ਦਾ ਪ੍ਰਧਾਨ, ਈ. ਓ. ਅਤੇ ਕਲਰਕ ਮੁਅੱਤਲ
Monday, Nov 12, 2018 - 06:55 PM (IST)
ਚੰਡੀਗੜ੍ਹ : ਹਾਊਸਿੰਗ ਫਾਰ ਆਲ ਤੇ ਸਵੱਛ ਭਾਰਤ ਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ, ਕਾਰਜ ਸਾਧਕ ਅਫਸਰ ਸੁਖਦੀਪ ਸਿੰਘ ਕੰਬੋਜ ਤੇ ਕਲਰਕ ਹਰਜਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਨਗਰ ਕੌਂਸਲ ਨਾਭਾ ਕੋਲ ਗਰੀਬ ਪਰਿਵਾਰਾਂ ਦੇ ਮਕਾਨ ਬਣਾਉਣ ਲਈ ਹਾਊਸਿੰਗ ਫਾਰ ਆਲ ਸਕੀਮ ਤਹਿਤ ਆਏ ਫੰਡ ਅਤੇ ਸਵੱਛ ਭਾਰਤ ਤਹਿਤ ਆਏ ਫੰਡਾਂ ਦਾ ਉਕਤ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਮਿਲੀਭੁਗਤ ਨਾਲ ਗਲਤ ਭੁਗਤਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ ਅਤੇ ਇਨ੍ਹਾਂ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ. ਪ੍ਰਸਾਦ ਵੱਲੋਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਦਾ ਪੱਖ ਸੁਣਨ ਲਈ ਉਨ੍ਹਾਂ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਅਤੇ ਸੁਣਵਾਈ ਉਪਰੰਤ ਤਿੰਨਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਠੇਕੇਦਾਰਾਂ ਕੋਲੋਂ 10 ਦਿਨਾਂ ਦੇ ਅੰਦਰ ਫੰਡ ਵਾਪਸ ਜਮਾਂ ਕਰਵਾਏ ਜਾਣ। ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।