ਨਸ਼ੇ ਦੇ ਸੌਦਾਗਰਾਂ ਲਈ ਨਵਜੋਤ ਸਿੱਧੂ ਨੇ ਮੰਗੀ ਸਜ਼ਾ-ਏ-ਮੌਤ
Sunday, Jul 01, 2018 - 06:23 PM (IST)
ਚੰਡੀਗੜ੍ਹ (ਮਨਮੋਹਨ) : ਨਸ਼ਿਆਂ ਦੇ ਮਾਮਲੇ 'ਚ ਦੁਨੀਆਂ ਦੇ ਹੋਰ ਮੁਲਕਾਂ ਦੇ ਮੁਕਾਬਲੇ ਭਾਰਤ 'ਚ ਸਜ਼ਾ ਪ੍ਰਣਾਲੀ ਦਾ ਬੇਹੱਦ ਕਮਜ਼ੋਰ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਸ਼ਾਇਦ ਇਸੇ ਚਿੰਤਾ ਤੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਾਕਫ ਹਨ। ਜਿਸ ਦੇ ਚੱਲਦੇ ਸਿੱਧੂ ਨੇ ਨਸ਼ਿਆਂ ਦੇ ਮਾਮਲੇ 'ਚ ਅਜਿਹੀ ਸਖਤ ਸਜ਼ਾ ਪ੍ਰਣਾਲੀ ਦੀ ਮੰਗ ਕੀਤੀ ਹੈ ਜਿਸਨੂੰ ਦੇਖ ਕੇ ਨਸ਼ੇ ਦੇ ਸੌਦਾਗਰਾਂ ਦੇ ਰੌਂਗਟੇ ਖੜੇ ਹੋ ਜਾਣ। ਸਿੱਧੂ ਨੇ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਨੂੰ ਹੋਰਨਾਂ ਦੇਸ਼ਾਂ ਵਾਂਗੂ ਨਸ਼ੇ ਦੇ ਸੌਦਾਗਰਾਂ ਲਈ ਸਖਤ ਕਾਨੂੰਨ ਬਨਾਉਣੇ ਚਾਹੀਦੇ ਹਨ। ਸਿੱਧੂ ਨੇ ਕਿਹਾ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲ ਦਲ ਵਿਚ ਫਸਾਉਣ ਵਾਲਿਆਂ ਲਈ ਸਜ਼ਾ-ਏ-ਮੌਤ ਤਕ ਦਾ ਐਲਾਨ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਪੰਜਾਬ ਇਸ ਸਮੇਂ ਨਸ਼ਿਆਂ ਦੀ ਦਲਦਲ 'ਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਨੌਜਵਾਨਾਂ ਮੁੰਡਿਆਂ ਤੋਂ ਬਾਅਦ ਹੁਣ ਲੜਕੀਆਂ ਵੀ ਨਸ਼ਿਆਂ ਨਾਲ ਬਰਬਾਦ ਹੋ ਰਹੀਆਂ ਹਨ। ਇਸ ਬਰਬਾਦੀ ਪਿੱਛੇ ਪੁਲਸ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਰਿਹਾ ਤਾਂ ਨਸ਼ਿਆਂ ਖਿਲਾਫ ਜੰਗ ਕਦੇ ਵੀ ਜਿੱਤੀ ਨਹੀਂ ਜਾ ਸਕੇਗੀ ਕਿਉਂਕੀ ਜੇਕਰ ਰਕਸ਼ਕ ਹੀ ਭਕਸ਼ਕ ਬਣ ਜਾਣਗੇ ਤਾਂ ਸਮਾਜ ਦੀ ਬਾਂਹ ਫੜਣ ਵਾਲਾ ਬਚੇਗਾ ਕੌਣ।
