ਨਵਜੋਤ ਸਿੱਧੂ ਨੇ ਫਿਰ ਬੋਲਿਆ ਕੈਪਟਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ
Monday, May 10, 2021 - 09:28 PM (IST)
ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਲਗਾਤਾਰ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਸੂਬਾ ਸਰਕਾਰ ’ਤੇ ਫਿਰ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ਰਾਹੀਂ ਲਗਾਤਾਰ ਹਮਲੇ ਬੋਲ ਰਹੇ ਸਿੱਧੂ ਨੇ ਆਖਿਆ ਹੈ ਕਿ ‘ਗੁਰੂ ਤੋਂ ਬੇਮੁੱਖ ਹਾਕਮਾਂ ਦੀ ਬਦਨੀਅਤ ਜਗ-ਜ਼ਾਹਿਰ ਹੈ, ਪਿਛਲੇ ਸਾਢੇ ਚਾਰ ਸਾਲ ਤੱਕ ਕਿਸੇ ਹਾਈਕੋਰਟ ਨੇ ਨਹੀਂ ਸੀ ਰੋਕਿਆ ! ਜਦੋਂ ਡੀ.ਜੀ.ਪੀ. ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ’ਤੇ ਰੋਕ ਲੱਗੀ ਤਾਂ ਘੰਟਿਆਂ ’ਚ ਹੀ ਹੁਕਮਾਂ ਨੂੰ ਉਪਰਲੀ ਅਦਾਲਤ ’ਚ ਚਣੌਤੀ ਦੇ ਦਿੱਤੀ ਗਈ ਅਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈਕੋਰਟ ਦੇ ਹੁਕਮਾਂ ’ਤੇ ਤਿੱਖੇ ਸਵਾਲ ਚੁੱਕੇ ਅਤੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।
ਇਹ ਵੀ ਪੜ੍ਹੋ : ਗੋਲ਼ੀਕਾਂਡ ਮਾਮਲੇ ’ਚ ਗਠਿਤ ਨਵੀਂ ‘ਸਿੱਟ’’ਤੇ ਉਠ ਰਹੇ ਸਵਾਲਾਂ ਦਾ ਪੰਜਾਬ ਸਰਕਾਰ ਵਲੋਂ ਸਪੱਸ਼ਟੀਕਰਨ
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਪੋਸਟ ਵਿਚ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਮੁੱਖ ਮੰਤਰੀ ਹਾਈਕੋਰਟ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਆਖ ਰਹੇ ਹਨ ਕਿ ਜੇਕਰ ਹਾਈਕੋਰਟ ਦੇ ਇਸ ਫੈ਼ਸਲੇ ਦੀ 90 ਪੰਨਿਆਂ ਦੀ ਰਿਪੋਰਟ ਪੜ੍ਹੀ ਜਾਵੇ ਤਾਂ ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਫ਼ੈਸਲਾ ਇਕ ਤਰਫਾ ਹੈ ਅਤੇ ਇਹ ਸਿਆਸਤ ਤੋਂ ਪ੍ਰੇਰਤ ਹੈ। ਮੁੱਖ ਮੰਤਰੀ ਆਖ ਰਹੇ ਹਨ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਕਿਹਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਸਰਕਾਰ
ਦੱਸਣਯੋਗ ਹੈ ਕਿ ਐਤਵਾਰ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਟਵੀਟ ਕਰਕੇ ਹਮਲਿਆ ਬੋਲਿਆ ਸੀ, ਜਿਸ ਵਿਚ ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ।
ਇਹ ਵੀ ਪੜ੍ਹੋ : ਮਾਂ ਦਿਵਸ ’ਤੇ ਕੈਪਟਨ ਨੇ ਸਾਂਝੀ ਕੀਤੀ ਪੁਰਾਣੀ ਯਾਦ, ਮਾਂ ਨੂੰ ਚੇਤੇ ਕਰ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?