ਸਰਕਾਰਾਂ ਹੋਈਆਂ ਸੀ ਬੇਵੱਸ, ‘ਕੁਦਰਤ’ ਨੇ ਕੀਤੀ ਜੁਰਅਤ, ਸਾਫ ਹੋਇਆ ਬੁੱਢਾ ਦਰਿਆ
Saturday, Jul 15, 2023 - 04:59 PM (IST)
ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਵਿਚੋਂ ਗੁਜ਼ਰਦਾ ਬੁੱਢਾ ਦਰਿਆ ਜੋ ਕਿ ਅੱਜ ਕੱਲ੍ਹ ਗੰਦੇ ਨਾਲੇ ਦੇ ਨਾਮ ਨਾਲ ਮਸ਼ਹੂਰ ਹੈ ਕਿਉਂਕਿ ਇਸ ਦੇ ਗੰਦੇ ਪਾਣੀ ਨਾਲ ਮਾਲਵੇ ਵਿਚ ਹਜ਼ਾਰਾਂ ਦੇ ਕਰੀਬ ਲੋਕਾਂ ਨੂੰ ਮਾਰਨ ਦਾ ਇਲਜ਼ਾਮ ਲੱਗ ਰਹੇ ਹਨ ਜਿਸ ਦੇ ਚੱਲਦੇ ਇਸ ਗੰਦੇ ਨਾਲੇ ਦੀ ਦੇਖਭਾਲ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਤਾ ਨਹੀਂ ਕਿੰਨੇ ਸੌ ਕਰੋੜ ਇਸ ’ਤੇ ਖਰਚ ਕਰ ਦਿੱਤੇ ਪਰ ਅਜੇ ਤੱਕ ਇਹ ਗੰਦਾ ਨਾਲਾ ਕਾਲੇ ਪਾਣੀ ਤੋਂ ਸਾਫ ਨਹੀਂ ਸੀ ਹੋ ਰਿਹਾ। ਹੁਣ ਵੀ ਸਰਕਾਰ ਦਾ ਕਾਫੀ ਪੈਸਾ ਖਰਚ ਦਾ ਟੀਚਾ ਹੈ।
ਇਸ ਦੇ ਉਲਟ ਲੰਘੇ ਦਿਨੀਂ ਮੌਹਲੇਧਾਰ ਪਏ ਮੀਂਹ ਤੇ ਹੜ੍ਹਾਂ ਦੇ ਪਾਣੀ ਨੇ ਗੰਦੇ ਨਾਲੇ ਨੂੰ ਅਜਿਹਾ ਧੱਕਾ ਮਾਰਿਆ ਕਿ ਸਾਲਾਂ ਤੋਂ ਕਾਲਾ ਨਾਲਾ ਜੋ ਸਰਕਾਰਾਂ ਲਈ ਵੱਡੀ ਮੁਸੀਬਤ ਬਣਿਆ ਪਿਆ ਸੀ, ਉਹ ਦੇਖਦੇ ਹੀ ਦੇਖਦੇ ਗੰਦਾ ਪਾਣੀ ਦੂਰ ਚਲਾ ਗਿਆ ਤੇ ਲਾਲ ਜਾਂ ਭੂਰੇ ਰੰਗ ਦਾ ਪਾਣੀ ਬੁੱਢੇ ਦਰਿਆ ਵਿਚ ਠਾਠਾਂ ਮਾਰਨ ਲਗ ਗਿਆ। ਇਹ ਭਾਵੇਂ ਕੁਦਰਤ ਦਾ ਕ੍ਰਿਸ਼ਮਾ ਹੈ ਪਰ ਸਰਕਾਰ ਨੂੰ ਦੱਸ ਗਿਆ ਕਿ ਜਿਹੜੇ ਕੰਮ ਤੁਸੀਂ ਸਾਲਾਂ ਤੋਂ ਕਰਦੇ ਆ ਰਹੇ ਸੀ ਤੇ ਕਾਮਯਾਬ ਨਹੀਂ ਹੋਏ, ਉਹ ਪਲਾਂ ਵਿਚ ਕੁਦਰਤ ਕਰ ਗਈ।
ਭਾਵੇਂ ਗੰਦੇ ਨਾਲੇ ਬੁੱਢੇ ਦਰਿਆ ਦਾ ਪਾਣੀ ਮਹਾਨਗਰ ਦੇ ਕਈ ਇਲਾਕਿਆਂ ਵਿਚ ਆ ਗਿਆ ਪਰ ਲੱਗਦਾ ਹੁਣ ਪਾਣੀ ਉੱਤਰਨ ਤੋਂ ਬਾਅਦ ਜੋ ਕਥਿਤ ਤੌਰ ’ਤੇ ਵੱਡੀਆਂ ਫੈਕਟਰੀਆਂ ਅਤੇ ਵੱਡੇ ਅਦਾਰਿਆਂ ’ਤੇ ਜੋ ਬੁੱਢੇ ਨਾਲੇ ਵਿਚ ਗੰਦਾ ਪਾਣੀ ਪਾਉਣ ਦੇ ਕਥਿਤ ਦੋਸ਼ ਲੱਗਦੇ ਆ ਰਹੇ ਹਨ, ਹੁਣ ਉਹ ਇਸ ਨੂੰ ਸਾਫ ਵੇਖਦੇ ਹੋਏ ਇਸ ਵਿਚ ਗੰਦਾ ਪਾਣੀ ਨਹੀਂ ਪਾਉਣਗੇ ਅਤੇ ਇਸ ਨੂੰ ਸੱਚਮੁੱਚ ਬੁੱਢਾ ਦਰਿਆ ਬਣਾਉਣਗੇ।