NHA ਦਾ ਗ੍ਰੀਨ ਸਿਗਨਲ , 10 ਅਕਤੂਬਰ ਨੂੰ ਖੁੱਲ੍ਹ ਜਾਵੇਗਾ ਰਾਮਾ ਮੰਡੀ ਫਲਾਈਓਵਰ

10/06/2019 11:47:23 AM

ਜਲੰਧਰ (ਜ. ਬ.)— ਸ਼ਨੀਵਾਰ ਨੂੰ ਜਲੰਧਰ ਪਹੁੰਚੀ ਐੱਨ. ਐੱਚ. ਏ. (ਨੈਸ਼ਨਲ ਹਾਈਵੇਅ ਅਥਾਰਿਟੀ) ਦੇ ਅਧਿਕਾਰੀਆਂ ਦੀ ਟੀਮ ਨੇ 10 ਅਕਤੂਬਰ ਨੂੰ ਰਾਮਾ ਮੰਡੀ ਫਲਾਈਓਵਰ ਨੂੰ ਖੋਲ੍ਹਣ ਦਾ ਗ੍ਰੀਨ ਸਿਗਨਲ ਦੇ ਦਿੱਤਾ ਹੈ। ਐੱਨ. ਐੱਚ. ਏ. ਦੇ ਅਧਿਕਾਰੀ ਅਸ਼ੋਕ ਮਿੱਤਲ ਨੇ ਦੱਸਿਆ ਕਿ ਲੋਕਾਂ ਨੂੰ ਰਸਤਾ ਸਮਝਣ 'ਚ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਹਾਈਵੇਅ 'ਤੇ 7 ਸਾਈਨ ਬੋਰਡ ਲਾਏ ਜਾਣਗੇ। 'ਜਗ ਬਾਣੀ' ਨੇ ਸ਼ੁੱਕਰਵਾਰ ਦੇ ਐਡੀਸ਼ਨ 'ਚ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਆ ਕੇ ਵੱਡਾ ਫੈਸਲਾ ਲੈਣ ਦੇ ਸੰਕੇਤ ਦਿੱਤੇ ਸਨ। ਸ਼ਨੀਵਾਰ ਨੂੰ ਐੱਨ. ਐੱਚ. ਏ. ਦੇ ਅਧਿਕਾਰੀ ਅਸ਼ੋਕ ਮਿੱਤਲ ਅਤੇ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਅਤੇ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਭੱਲਾ ਸਣੇ ਐੱਨ. ਐੱਚ. ਏ. ਦੀ ਟੀਮ ਪਹਿਲਾਂ ਪੀ. ਏ. ਪੀ. ਚੌਕ ਪਹੁੰਚੀ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਪੀ. ਏ. ਪੀ. ਚੌਕ 'ਤੇ ਖੜ੍ਹੇ ਪਾਣੀ ਦੇ ਹੱਲ ਅਤੇ ਟੁੱਟੀਆਂ ਸੜਕਾਂ ਠੀਕ ਕਰਨ ਲਈ ਕਿਹਾ, ਜਿਸ ਤੋਂ ਬਾਅਦ ਐੱਨ. ਐੱਚ. ਏ. ਦੇ ਅਧਿਕਾਰੀਆਂ ਨੇ ਪੀ. ਏ. ਪੀ. ਚੌਕ 'ਤੇ ਵੀ ਡਰੇਨ ਬਣਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਬੰਦ ਪਈ ਲੇਨ 'ਤੇ ਵੀ ਚਰਚਾ ਹੋਈ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਅਧਿਕਾਰੀ ਐੱਨ. ਐੱਚ. ਏ. ਦੇ ਅਧਿਕਾਰੀਆਂ ਤੇ ਟੀਮ ਨੂੰ ਨਾਲ ਲੈ ਕੇ ਪੀ. ਏ. ਪੀ. ਚੌਕ ਪਹੁੰਚੇ।

ਐੱਨ. ਐੱਚ. ਏ. ਦੇ ਅਧਿਕਾਰੀ ਅਸ਼ੋਕ ਮਿੱਤਲ ਨੇ ਦਾਅਵਾ ਕੀਤਾ ਕਿ 10 ਅਕਤੂਬਰ ਨੂੰ ਰਾਮਾ ਮੰਡੀ ਫਲਾਈਓਵਰ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਫਲਾਈਓਵਰ ਖੋਲ੍ਹਣ ਤੋਂ 2-4 ਦਿਨਾਂ ਬਾਅਦ ਤੱਕ ਐੱਨ. ਐੱਚ. ਏ. ਦੀ ਟੀਮ ਜਲੰਧਰ 'ਚ ਹੀ ਡਟੀ ਰਹੇਗੀ ਤਾਂ ਜੋ ਕੋਈ ਤਕਨੀਕੀ ਖਰਾਬੀ ਹੋਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕੇ। 10 ਅਕਤੂਬਰ ਨੂੰ ਹੀ ਐੱਨ. ਐੱਚ. ਏ. ਦੇ ਪ੍ਰਾਜੈਕਟ ਮੈਨੇਜਰ ਸਣੇ ਹੋਰ ਉੱਚ ਅਧਿਕਾਰੀਆਂ ਦੀ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨਾਲ ਮੀਟਿੰਗ ਵੀ ਰੱਖੀ ਗਈ ਹੈ। ਐੱਨ. ਐੱਚ. ਏ. ਦੇ ਅਧਿਕਾਰੀ ਸ਼੍ਰੀ ਮਿੱਤਲ ਨੇ ਕਿਹਾ ਕਿ ਰਾਮਾ ਮੰਡੀ ਫਲਾਈਓਵਰ ਦੇ ਖੁੱਲ੍ਹਣ ਤੋਂ ਬਾਅਦ ਬੰਦ ਪਈ ਪੀ. ਏ. ਪੀ. ਫਲਾਈਓਵਰ ਦੀ ਲੇਨ ਨੂੰ ਖੋਲ੍ਹਣ ਲਈ ਪਲਾਨ ਤਿਆਰ ਕੀਤਾ ਜਾਵੇਗਾ।

PunjabKesari

ਹੁਸ਼ਿਆਰਪੁਰ ਤੋਂ ਰਾਮਾ ਮੰਡੀ ਚੌਕ ਉਤਰਣ ਵਾਲਾ ਟ੍ਰੈਫਿਕ ਬਣ ਸਕਦਾ ਹੈ ਪ੍ਰੇਸ਼ਾਨੀ
ਰਾਮਾ ਮੰਡੀ ਫਲਾਈਓਵਰ ਖੁੱਲ੍ਹਣ ਤੋਂ ਬਾਅਦ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੇ ਟ੍ਰੈਫਿਕ ਨੂੰ ਰਾਮਾ ਮੰਡੀ ਫਲਾਈਓਵਰ ਦੇ ਹੇਠੋਂ ਲੰਘ ਕੇ ਸਿਟੀ ਵੱਲ ਮੂਵ ਕਰਨਾ ਹੋਵੇਗਾ ਪਰ ਰਾਮਾ ਮੰਡੀ ਚੌਕ 'ਤੇ ਸਰਵਿਸ ਲੇਨ 'ਤੇ ਚੱਲਣ ਵਾਲਾ ਟ੍ਰੈਫਿਕ ਹੁਸ਼ਿਆਰਪੁਰ ਤੋਂ ਆਉਣ ਵਾਲੇ ਟ੍ਰੈਫਿਕ ਨਾਲ ਮਰਜ ਹੋਵੇਗਾ, ਜਿਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਹੈ। ਡੀ. ਸੀ. ਪੀ. ਡੋਗਰਾ ਨੇ ਇਸ ਪੁਆਇੰਟ 'ਤੇ ਐੱਨ. ਐੱਚ. ਏ. ਦੇ ਅਧਿਕਾਰੀ ਅਸ਼ੋਕ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਚੌਕ 'ਤੇ ਰੈੱਡ ਲਾਈਟ ਲਗਾਉਣ ਦੀ ਸਲਾਹ ਦਿੱਤੀ।

ਸਿਟੀ ਤੋਂ ਅੰਮ੍ਰਿਤਸਰ ਜਾਣ ਲਈ ਰਾਮਾ ਮੰਡ ਫਲਾਈਓਵਰ ਹੇਠੋਂ ਨਿਕਲੇਗਾ ਟ੍ਰੈਫਿਕ
ਐੱਨ. ਐੱਚ. ਏ. ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅੰਮ੍ਰਿਤਸਰ ਜਾਣ ਲਈ ਪੀ. ਏ. ਪੀ. ਚੌਕ ਤੋਂ ਸਰਵਿਸ ਲੇਨ ਦੀ ਵਰਤੋਂ ਹਰ ਹਾਲਤ 'ਚ ਬੰਦ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਵਿਸ ਲੇਨ ਬੰਦ ਨਾ ਕੀਤੀ ਤਾਂ ਐਕਸੀਡੈਂਟ ਹੋਣਗੇ। ਅਜਿਹੇ 'ਚ ਸਾਰਾ ਟ੍ਰੈਫਿਕ ਪੀ. ਏ. ਪੀ. ਚੌਕ ਤੋਂ ਸਰਵਿਸ ਲੇਨ 'ਤੇ ਹੁੰਦੇ ਹੋਏ ਰਾਮਾ ਮੰਡੀ ਚੌਕ ਤੋਂ ਯੂ-ਟਰਨ ਲਵੇਗਾ ਅਤੇ ਬਾਅਦ 'ਚ ਭੂਰ ਮੰਡੀ ਦੇ ਸਾਹਮਣੇ ਉਸ ਨੂੰ ਪੀ. ਏ. ਪੀ. ਫਲਾਈਓਵਰ 'ਤੇ ਚੜ੍ਹਾਇਆ ਜਾਵੇਗਾ। ਰਾਮਾ ਮੰਡੀ ਫਲਾਈਓਵਰ ਚਾਲੂ ਹੋਣ ਨਾਲ ਲੁਧਿਆਣਾ ਵੱਲ ਜਾਣ ਵਾਲਾ ਸਾਰਾ ਟ੍ਰੈਫਿਕ ਫਲਾਈਓਵਰ ਦੀ ਵਰਤੋਂ ਕਰੇਗਾ, ਜਿਸ ਨਾਲ ਯੂ-ਟਰਨ ਲੈਣ ਵਾਲੇ ਵਾਹਨਾਂ ਕਾਰਣ ਸਰਵਿਸ ਲੇਨ 'ਤੇ ਜਾਮ ਨਹੀਂ ਲੱਗੇਗਾ।

ਪੀ. ਏ. ਪੀ. ਚੌਕ ਤੋਂ ਹਟਾਇਆ ਜਾਵੇਗਾ ਪੁਲਸ ਦਾ ਬੂਥ
ਪੀ. ਏ. ਪੀ. ਚੌਕ ਤੋਂ ਟ੍ਰੈਫਿਕ ਪੁਲਸ ਦਾ ਬੂਥ ਹਟਾ ਕੇ ਪਿੱਛੇ ਕੀਤਾ ਜਾਵੇਗਾ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਐੱਨ. ਐੱਚ. ਏ. ਨੂੰ ਸਲਾਹ ਦਿੱਤੀ ਸੀ ਕਿ ਟ੍ਰੈਫਿਕ ਆਪਸ ਵਿਚ ਨਾ ਫਸੇ, ਇਸ ਲਈ ਪੀ. ਏ. ਪੀ. ਲੇਨ ਨੂੰ ਖੁੱਲ੍ਹਾ ਕੀਤਾ ਜਾਵੇ। ਲੇਨ ਨੂੰ ਖੁੱਲ੍ਹਾ ਕਰਨ ਵਿਚ ਰੁਕਾਵਟ ਬਣ ਰਹੇ ਪੁਲਸ ਦੇ ਬੂਥ ਅਤੇ ਬਿਜਲੀ ਦੇ ਖੰਭੇ ਨੂੰ ਪਿੱਛੇ ਕੀਤਾ ਜਾਵੇਗਾ।


shivani attri

Content Editor

Related News