ਪੀੜਤਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਕੇ ਕੱਢਿਆ ਪ੍ਰਸ਼ਾਸਨ ਖਿਲਾਫ ਗੁੱਸਾ
Tuesday, Jul 24, 2018 - 01:49 AM (IST)
ਖਨੌਰੀ, (ਜ.ਬ.)– ਜ਼ਮੀਨੀ ਝਗਡ਼ੇ ਕਾਰਨ ਇਕ ਧਿਰ ਨੇ ਸ਼ਹਿਰ ਦੇ ਬਿਲਕੁਲ ਵਿਚਕਾਰੋਂ ਲੰਘਦੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਨੰਬਰ 71 ਨੂੰ ਕਰੀਬ 2 ਘੰਟੇ ਜਾਮ ਕਰ ਕੇ ਨਗਰ ਪੰਚਾਇਤ, ਸਬ-ਤਹਿਸੀਲ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸਡ਼ਕ ਦੇ ਦੋਵੇਂ ਪਾਸੇ ਵਾਹਨਾਂ ਦੀਅਾਂ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਾਅਦ ’ਚ ਨਗਰ ਪੰਚਾਇਤ ਵੱਲੋਂ ਆਏ ਜੇ. ਈ. ਜਨਕ ਰਾਜ ਅਤੇ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਮੰਗ ਪੱਤਰ ਦੇ ਕੇ ਧਰਨਾ ਚੁੱਕਿਆ ਗਿਆ।
ਇਸ ਮੌਕੇ ਗੁਰਦੀਪ ਸਿੰਘ ਬਹਿਣੀਵਾਲ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੇਨ ਰੋਡ ਖਨੌਰੀ ਵਿਖੇ ਤਾਜ ਕੰਪਲੈਕਸ ਦੇ ਸਾਹਮਣੇ ਉਨ੍ਹਾਂ ਦਾ 14 ਦੁਕਾਨਾਂ ਦਾ ਪਲਾਟ ਪਿਆ ਹੈ, ਜੋ ਉਨ੍ਹਾਂ ਦੀ ਮੁਰੱਬੇਬੰਦੀ ਸਮੇਂ ਤੋਂ ਜੱਦੀ ਜਾਇਦਾਦ ਹੈ। ਉਨ੍ਹਾਂ ਸਾਲ 2014 ਵਿਚ ਨਗਰ ਪੰਚਾਇਤ ਖਨੌਰੀ ਵਿਖੇ 14 ਦੁਕਾਨਾਂ ਦਾ ਨਕਸ਼ਾ ਪਾਸ ਕਰਵਾਉਣ ਲਈ 45 ਹਜ਼ਾਰ ਰੁਪਏ ਫੀਸ ਵੀ ਭਰੀ ਸੀ ਅਤੇ ਇਸ ਜ਼ਮੀਨ ਸਬੰਧੀ ਉਨ੍ਹਾਂ ਦਾ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਸਿਆਣਾ ਨਾਲ 16-17 ਸਾਲਾਂ ਤੋਂ ਮਾਣਯੋਗ ਅਦਾਲਤ ਵਿਚ ਕੇਸ ਵੀ ਚੱਲਦਾ ਹੈ। ਬੀਤੇ ਦਿਨੀਂ ਸਬ-ਤਹਿਸੀਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ 3 ਵਿਅਕਤੀਅਾਂ ਦੇ ਨਾਂ ਕਰ ਦਿੱਤੀ ਗਈ ਹੈ ਅਤੇ ਇਹ ਲੋਕ ਇਸ ਜਗ੍ਹਾ ਦਾ ਨਕਸ਼ਾ ਨਗਰ ਪੰਚਾਇਤ ਖਨੌਰੀ ਤੋਂ ਪਾਸ ਕਰਵਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਵੱਲੋਂ ਇਹ ਰਜਿਸਟਰੀ ਗ਼ਲਤ ਕੀਤੀ ਗਈ ਹੈ ਅਤੇ ਨਗਰ ਪੰਚਾਇਤ ਖਨੌਰੀ ਦੇ ਕੁਝ ਨੁਮਾਇੰਦੇ ਇਨ੍ਹਾਂ ਦਾ ਨਕਸ਼ਾ ਪਾਸ ਕਰਵਾਉਣਾ ਚਾਹੁੰਦੇ ਹਨ, ਜੋ ਸਰਾਸਰ ਗ਼ਲਤ ਹੈ।
