ਨੈਸ਼ਨਲ ਹਾਈਵੇਅ ਦੇ ਪੁਲ ਹੇਠਾਂ ਸੋਸ਼ਲ ਡਿਸਟੈਂਸਿੰਗ ਦੀਆਂ ਉੱਡ ਰਹੀਆਂ ਨੇ ਧੱਜੀਆਂ

05/15/2020 9:02:51 PM

ਤਰਨਤਾਰਨ (ਰਾਜੂ) : ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸ਼ਰਤਾਂ ਦੇ ਆਧਾਰ 'ਤੇ ਦੁਕਾਨਾਂ ਖੋਲ੍ਹਣ ਲਈ ਜਿੱਥੇ ਛੋਟ ਦਿੱਤੀ ਗਈ ਹੈ, ਉਥੇ ਹੀ ਸੋਸ਼ਲ ਡਿਸਟੈਂਸਿੰਗ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਇਹ ਹਦਾਇਤਾਂ ਸਿਰਫ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਅਤੇ ਮੁਹੱਲਿਆਂ 'ਚ ਹੀ ਲਾਗੂ ਹੁੰਦੀਆਂ ਜਾਪਦੀਆਂ ਹਨ,   ਕਿਉਂਕਿ ਸ਼ਹਿਰ ਤੋਂ ਬਾਹਰ ਨਿਕਲਦਿਆਂ ਹੀ ਬਾਈਪਾਸ 'ਤੇ ਰੇਹੜੀ ਫੜ੍ਹੀ ਵਾਲੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਬਜਾਏ ਆਪਣੇ ਹੀ ਨਿਯਮ ਬਣਾ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਜ਼ਦੀਕ ਪੁਲਸ ਦਾ ਨਾਕਾ ਹੋਣ ਦੇ ਬਾਵਜੂਦ ਵੀ ਪੁਲਸ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਹੈ।

ਜ਼ਿਕਰਯੋਗ ਹੈ ਕਿ ਡੇਢ ਮਹੀਨੇ ਦੇ ਕਰੀਬ ਚੱਲੇ ਲਾਕਡਾਊਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਰਾਹਤ ਦਿੰਦਿਆਂ ਕੁਝ ਸਮੇਂ ਲਈ ਵਿਸ਼ੇਸ਼ ਸ਼ਰਤਾਂ ਜਾਰੀ ਕਰਕੇ ਦੁਕਾਨਾਂ ਖੋਲ੍ਹਣ ਅਤੇ ਗਾਹਕਾਂ ਨੂੰ ਖਰੀਦਦਾਰੀ ਕਰਨ ਲਈ ਛੋਟ ਦਿੱਤੀ ਗਈ ਹੈ। ਇਨ੍ਹਾਂ ਹਦਾਇਤਾਂ ਦੀ ਪਾਲਣਾ ਸਿਰਫ ਤੇ ਸਿਰਫ ਸ਼ਹਿਰੀ ਇਲਾਕਿਆਂ 'ਚ ਹੀ ਹੁੰਦੀ ਦਿਖ ਰਹੀ ਹੈ ਕਿਉਂਕਿ ਗੋਇੰਦਵਾਲ ਬਾਈਪਾਸ ਸਥਿਤ ਨੈਸ਼ਨਲ ਹਾਈਵੇ ਦੇ ਪੁਲ ਹੇਠਾਂ ਦਾ ਨਜ਼ਾਰਾ ਕੁਝ ਵੱਖਰਾ ਹੀ ਦ੍ਰਿਸ਼ ਬਿਆਨ ਕਰਦਾ ਨਜ਼ਰ ਆਉਂਦਾ ਹੈ। ਇੱਥੇ ਮੌਜੂਦ ਰੇਹੜੀ ਫੜੀ ਵਾਲੇ ਜਿੱਥੇ ਸੋਸ਼ਲ ਡਿਸਟੈਂਸਿੰਗ ਦੀ ਰੱਜ ਕੇ ਉਲੰਘਣਾ ਕਰਦੇ ਹਨ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਨੂੰ ਟਿੱਚ ਜਾਣਦੇ ਹੋਏ ਸਾਰਾ ਦਿਨ ਪੁਲ ਹੇਠਾਂ ਬੈਠੇ ਰਹਿੰਦੇ ਹਨ। ਹਾਲਾਂਕਿ ਰੇਹੜੀ ਫੜੀ ਵਾਲਿਆਂ ਨੂੰ ਇਕ ਥਾਂ ਸਮਾਨ ਵੇਚਣ ਦੀ ਬਜਾਏ ਗਲੀ-ਗਲੀ ਘੁੰਮ ਫਿਰ ਕੇ ਸਮਾਨ ਵੇਚਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਜਿਸ ਤੋਂ ਇੰਝ ਜਾਪਦਾ ਹੈ ਜਿਵੇਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਕੋਈ ਅਸਰ ਨਹੀਂ ਹੈ।
 


Anuradha

Content Editor

Related News