ਨਸ਼ੇੜੀ ਕਾਰ ਚਾਲਕ ਨੇ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ

Monday, Feb 05, 2018 - 02:24 AM (IST)

ਨਸ਼ੇੜੀ ਕਾਰ ਚਾਲਕ ਨੇ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ

ਬਿਲਾਸਪੁਰ, ਨਿਹਾਲ ਸਿੰਘ ਵਾਲਾ,  (ਜਗਸੀਰ, ਬਾਵਾ)-  ਨਸ਼ੇੜੀ ਕਾਰ ਚਾਲਕ ਨੇ ਇਕ ਮੋਟਰਸਾਈਕਲ ਸਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਹੋਰ ਹਾਦਸੇ 'ਚ ਦੂਜੇ ਮੋਟਰਸਾਈਕਲ ਸਵਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਪੁਲਸ ਮੁਲਾਜ਼ਮ ਬਲਜਿੰਦਰ ਸਿੰਘ ਤਲਵੰਡੀ ਭੰਗੇਰੀਆਂ ਆਪਣੀ ਕਾਰ 'ਚ ਮੋਗਾ ਤੋਂ ਬਿਲਾਸਪੁਰ ਵੱਲ ਆ ਰਿਹਾ ਸੀ। ਲੁਹਾਰਾ ਪਿੰਡ 'ਚ ਉਸ ਨੇ ਇਕ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਦਾਰ ਸਿੰਘ (52) ਪੁੱਤਰ ਜੋਗਿੰਦਰ ਸਿੰਘ ਵਾਸੀ ਹਿੰਮਤਪੁਰਾ ਵਜੋਂ ਹੋਈ ਹੈ। 
ਪੁਲਸ ਮ੍ਰਿਤਕ ਦੇ ਬੇਟੇ ਰਣਜੀਤ ਸਿੰਘ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕਰ ਰਹੀ ਹੈ। ਹਾਦਸੇ ਉਪਰੰਤ ਕਾਰ ਚਾਲਕ ਵਾਪਸ ਮੋਗਾ ਵੱਲ ਨੂੰ ਕਾਰ ਭਜਾ ਕੇ ਲੈ ਗਿਆ ਅਤੇ ਬੌਡੇ ਜਾ ਕੇ ਇਕ ਹੋਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਮੋਟਰਸਾਈਕਲ ਸਵਾਰ ਦਾ ਗਿੱਟਾ ਵੱਢਿਆ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਹਾਦਸੇ ਉਪਰੰਤ ਲੋਕਾਂ ਨੇ ਕਾਰ ਚਾਲਕ ਨੂੰ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਸੁਖਜਿੰਦਰ ਸਿੰਘ ਸਬ-ਇੰਸਪੈਕਟਰ ਦੇ ਸਪੁਰਦ ਕੀਤਾ, ਜੋ ਇਸ ਕੇਸ ਦੀ ਤਫਤੀਸ਼ ਕਰ ਰਹੇ ਹਨ। 
ਘਟਨਾ ਸਥਾਨ 'ਤੇ ਨਿਹਾਲ ਸਿੰਘ ਵਾਲਾ ਦੇ ਐੱਸ. ਐੱਚ. ਓ. ਜਸਵੰਤ ਸਿੰਘ, ਸਬ-ਇੰਸਪੈਕਟਰ ਪੁਲਸ ਪਾਰਟੀ ਸਮੇਤ ਉਥੇ ਪੁੱਜੇ। ਇਸ ਮੌਕੇ ਈਸ਼ਰ ਸਿੰਘ ਖਾਲਸਾ, ਕਲੱਬ ਪ੍ਰਧਾਨ ਗੁਰਮੀਤ ਸਿੰਘ ਗੀਤਾ ਤੇ ਸੁਖਵਿੰਦਰ ਸਿੰਘ ਬਿਲਾਸਪੁਰ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।


Related News