ਨਸ਼ਾ ਛੱਡਣ ਤੋਂ ਬਾਅਦ ਡਾਂਸਰ ਦਾ ਵੱਡਾ ਖੁਲਾਸਾ, ਸਹੇਲੀ ਨੇ ਨਸ਼ੇ ਲਈ 5000 ''ਚ ਵੇਚਿਆ ਬੱਚੀ ਨੂੰ
Saturday, May 09, 2020 - 06:14 PM (IST)
ਗੁਰਦਾਸਪੁਰ (ਵਿਨੋਦ)-ਰੈੱਡ ਕਰਾਸ ਨਸ਼ਾ ਮੁਕਤ ਸੈਂਟਰ ਗੁਰਦਾਸਪੁਰ 'ਚ ਨਸ਼ਿਆਂ ਤੋਂ ਮੁਕਤੀ ਪਾਉਣ ਦੇ ਲਈ ਦਾਖਲ ਇਕ ਡਾਂਸਰ ਨੇ ਕਬੂਲ ਕੀਤਾ ਹੈ ਕਿ ਡਾਂਸ ਗਰੁੱਪ 'ਚ ਸ਼ਾਮਲ ਕੁੜੀਆਂ 'ਚੋਂ 75 ਫੀਸਦੀ ਡਾਸਰਾਂ ਕਿਸੇ ਨਾ ਕਿਸੇ ਨਸ਼ੇ ਦਾ ਇਸਤੇਮਾਲ ਜ਼ਰੂਰ ਕਰਦੀਆਂ ਹਨ। ਉਕਤ ਡਾਂਸਰ ਦੇ ਮੁਤਾਬਕ ਸਟੇਜਾਂ 'ਤੇ ਨੱਚਣ ਵੇਲੇ ਲੋਕਾਂ ਦੇ ਅਸ਼ਲੀਲ ਕੁਮੈਂਟਸ ਅਤੇ 6-6 ਘੰਟੇ ਲਗਾਤਾਰ ਡਾਂਸ ਕਰਨ ਸਮੇਤ ਹੋਰ ਗੱਲਾਂ ਸੁਣਨਾ ਜੀਵਨ ਦੀ ਸਭ ਤੋਂ ਦੁੱਖਦ ਗੱਲ ਹੈ ਅਤੇ ਇਸ ਦੁੱਖਦ ਗੱਲਾਂ ਨੂੰ ਸਹਿਣ ਦੇ ਲਈ ਕੁੜੀਆਂ ਨੂੰ ਨਸ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਉਕਤ ਡਾਂਸਰ ਜਿੰਨਾ ਡਾਂਸ ਕਰਕੇ ਕਮਾਉਂਦੀ ਹੈ ਉਹ ਅਤੇ ਉਸ ਦਾ ਪਤੀ ਨਸ਼ਿਆਂ 'ਚ ਹੀ ਬਰਬਾਦ ਕਰ ਦਿੰਦੇ ਹਨ ਅਤੇ ਹੁਣ ਉਹ ਨਸ਼ਿਆਂ ਤੋਂ ਤੌਬਾ ਕਰਨ ਦੇ ਲਈ ਨਸ਼ਾ ਮੁਕਤੀ ਸੈਂਟਰ 'ਚ ਦਾਖਲ ਹਨ।
ਇਹ ਵੀ ਪੜ੍ਹੋ: ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ
ਕੀ ਇਤਿਹਾਸ ਹੈ ਉਕਤ ਡਾਂਸਰ ਦਾ
ਗੁਰਦਾਸਪੁਰ 'ਚ ਇਕ ਜਨਰੇਟਰ ਮਕੈਨਿਕ ਨਾਲ ਵਿਆਹੁਤਾ ਅਤੇ ਦੋ ਬੱਚਿਆਂ ਦੀ ਮਾਂ ਨੇ ਮਜ਼ਬੂਰੀ ਵੱਸ ਇਕ ਡਾਂਸ ਗਰੁੱਪ ਜੁਆਇੰਨ ਕੀਤਾ ਸੀ, ਕਿਉਂਕਿ ਪਰਿਵਾਰ ਚਲਾਉਣ ਦੇ ਲਈ ਇੰਨੇ ਸਾਧਨ ਨਹੀਂ ਸੀ ਜਿੰਨੀ ਜ਼ਰੂਰਤ ਸੀ। ਦੂਜਾ ਉਕਤ ਕੁੜੀ ਨੂੰ ਡਾਂਸ ਦਾ ਸ਼ੌਂਕ ਵੀ ਸੀ ਜੋ ਉਸ ਨੇ ਪ੍ਰੋਫੈਸ਼ਨ ਦੇ ਰੂਪ 'ਚ ਅਪਣਾ ਲਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਡਾਂਸ ਹੀ ਉਸ ਦੇ ਜੀਵਨ ਦਾ ਅੰਧਕਾਰ ਬਣੇਗਾ ਅਤੇ ਉਹ ਨਸ਼ੇ ਦੀ ਆਦਿ ਬਣ ਜਾਵੇਗੀ। ਉਸ ਨੇ ਦੱਸਿਆ ਕਿ ਲਗਭਗ ਦਸ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਦੋ ਬੱਚਿਆ ਦੀ ਮਾਂ ਹੈ, ਪਰ ਉਸ ਦਾ ਪਤੀ ਜੋ ਪਹਿਲਾ ਹੀ ਸ਼ਰਾਬ ਆਦਿ ਨਸ਼ੇ ਦਾ ਸ਼ੌਕੀਨ ਸੀ ਜਿਸ ਕਾਰਨ ਉਸ ਦਾ ਪਰਿਵਾਰ ਆਰਥਿਕ ਤੰਗੀ 'ਚ ਰਹਿੰਦਾ ਸੀ। ਜਿਸ ਕਾਰਨ ਉਸ ਨੇ ਲਗਭਗ ਦੋ ਸਾਲ ਪਹਿਲੇ ਇਕ ਡਾਂਸ ਗਰੁੱਪ ਜੁਆਇੰਨ ਕੀਤਾ।
ਕਿਵੇਂ ਉਲਝੀ ਉਕਤ ਲੜਕੀ ਨਸ਼ੇ 'ਚ
ਉਕਤ ਡਾਂਸ ਦੇ ਅਨੁਸਾਰ ਅਜੇ ਗਰੁੱਪ ਜੁਆਇੰਨ ਕੀਤੇ ਕੁਝ ਹੀ ਦਿਨ ਹੋਏ ਸੀ ਕਿ ਉਹ 5-6 ਘੰਟੇ ਡਾਂਸ ਕਰਨ ਦੇ ਬਾਅਦ ਥੱਕ ਜਾਂਦੀ ਸੀ। ਲੋਕਾਂ ਦਾ ਮੰਚ ਤੇ ਆ ਕੇ ਅਸ਼ਲੀਲ ਹਰਕਤਾਂ ਕਰਨਾ ਅਤੇ ਅਸਲੀਲ ਗੱਲਾਂ ਕਰਨ ਤੋਂ ਉਸ ਨੂੰ ਦੁੱਖ ਵੀ ਪਹੁੰਚਿਆ। ਜਿਸ ਕਾਰਨ ਉਹ ਡਾਂਸ ਦਾ ਕੰਮ ਛੱਡਣ ਨੂੰ ਤਿਆਰ ਹੋ ਗਈ। ਪਰ ਉਸ ਦੀ ਇਕ ਸਹੇਲੀ ਤਾਂ ਡਾਂਸ ਗਰੁੱਪ ਦੀ ਮੈਂਬਰ ਸੀ ਨੇ ਉਸ ਨੂੰ ਹੈਰੋਇਨ ਦਾ ਨਸ਼ਾ ਆਪਣੇ ਕੋਲੋਂ ਕਰਵਾਉਣਾ ਸ਼ੁਰੂ ਕਰ ਦਿੱਤਾ, ਤਾਂ ਕਿ ਮੰਚ ਤੇ ਉਸ ਨੂੰ ਥਕਾਵਟ ਨਾ ਹੋਵੇ ਅਤੇ ਲੋਕਾਂ ਦੀਆਂ ਗੱਲਾਂ ਦਾ ਬੁਰਾ ਨਾ ਲੱਗੇ। ਬਾਅਦ 'ਚ ਇਹ ਨਸ਼ਾ ਉਸ ਦੀ ਆਦਤ ਬਣ ਗਈ। ਉਹ ਜਿੰਨਾਂ ਕਮਾਉਂਦੀ ਉਹ ਨਸ਼ੇ ਤੇ ਖਰਚ ਕਰ ਦਿੰਦੀ। ਉਸ ਨੂੰ ਪ੍ਰਤੀਦਿਨ 2000 ਤੋਂ 2500 ਰੁਪਏ ਤੱਕ ਦੀ ਆਮਦਨ ਸੀ ਜੋ ਉਸ ਦੇ ਅਤੇ ਉਸ ਦੇ ਪਤੀ ਦੇ ਨਸ਼ੇ ਦੀ ਪੂਰਤੀ 'ਚ ਹੀ ਖਤਮ ਹੋ ਜਾਂਦੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਧਨੌਲਾ ਦੇ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ (ਤਸਵੀਰਾਂ)
ਸਭ ਤੋਂ ਘਿਨੌਣਾ ਕੰਮ ਉਸ ਨੇ ਕੀ ਵਰਣਨ ਕੀਤਾ
ਉਕਤ ਡਾਂਸਰ ਜੋ ਰੈੱਡ ਕਰਾਂਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ 'ਚ ਨਸ਼ੇ ਤੋਂ ਮੁਕਤੀ ਪਾਉਣ ਦੇ ਲਈ ਦਾਖ਼ਲ ਹੈ ਨੇ ਦੱਸਿਆ ਕਿ ਉਸ ਦੀ ਇਕ ਸਹੇਲੀ ਜੋ ਡਾਂਸ ਗਰੁੱਪ ਦੀ ਮੈਂਬਰ ਸੀ ਨੇ ਨਸ਼ੇ ਦੀ ਪੂਰਤੀ ਦੇ ਲਈ ਆਪਣੀ 5 ਦਿਨ ਦੀ ਕੁੜੀ ਨੂੰ ਮਾਤਰ 5000 ਰੁਪਏ 'ਚ ਹੀ ਵੇਚ ਦਿੱਤਾ। ਉਦੋਂ ਉਸ ਨੂੰ ਪਤਾ ਲੱਗਾ ਕਿ ਨਸ਼ੇ ਦਾ ਆਦਿ ਤਾਂ ਕੁਝ ਵੀ ਕਰ ਸਕਦਾ ਹੈ। ਇਹੀ ਸੋਚ ਕੇ ਉਹ ਨਸ਼ੇ ਤੋਂ ਮੁਕਤੀ ਪਾਉਣ ਦੇ ਲਈ ਦਾਖ਼ਲ ਹੋਈ ਹੈ।
ਕੀ ਕਹਿਣਾ ਹੈ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ ਦੇ ਪ੍ਰੋਜੈਕਟ ਡਾਇਰੈਕਟਰ ਦਾ
ਇਸ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਐਵਾਰਡੀ ਡਾ.ਰਮੇਸ ਮਹਾਜਨ ਦੇ ਅਨੁਸਾਰ ਇਸ ਲੜਕੀ ਦੇ ਨਸ਼ੇ ਤੋਂ ਮੁਕਤ ਹੋਣ ਦੇ ਬਾਅਦ ਸੈਂਟਰ 'ਚ ਲੁਧਿਆਣਾ, ਜਲੰਧਰ ਤੇ ਚੰਡੀਗੜ੍ਹ•ਆਦਿ ਸ਼ਹਿਰਾਂ ਤੋਂ ਕਈ ਫੋਨ ਕਾਲ ਲੜਕੀਆਂ ਦੇ ਆ ਚੁੱਕੇ ਹਨ। ਉਹ ਵੀ ਨਸ਼ੇ ਤੋਂ ਮੁਕਤੀ ਪਾਉਣਾ ਚਾਹੁੰਦੀਆਂ ਹਨ, ਪਰ ਇਨ੍ਹਾਂ ਕਾਲ ਕਰਨ ਵਾਲੀਆਂ ਲੜਕੀਆਂ 'ਚੋਂ ਜ਼ਿਆਦਾਤਰ ਅਜੇ ਵੀ ਸਮਾਜ ਤੋਂ ਡਰਦੀਆਂ ਹਨ ਕਿ ਲੋਕ ਕੀ ਕਹਿਣਗੇ।ਮਹਾਜਨ ਦੇ ਅਨੁਸਾਰ ਜੋ ਲੜਕੀ ਇਸ ਸਮੇ ਦਾਖ਼ਲ ਹੈ ਉਸ ਨੂੰ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ ਅਤੇ ਉਸ ਦੇ ਪਤੀ ਨੂੰ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ। ਸਾਡੇ ਸੈਂਟਰ 'ਚ ਔਰਤਾਂ ਦੇ ਲਈ ਵੱਖ ਵਾਰਡ ਬਣਿਆ ਹੋਇਆ ਹੈ ਅਤੇ ਔਰਤਾਂ ਦਾ ਨਾਮ ਪਤਾ ਗੁਪਤ ਰੱਖਿਆ ਜਾਦਾ ਹੈ। ਨਸ਼ੇ ਦੀ ਆਦਿ ਔਰਤਾਂ ਨੂੰ ਨਸ਼ੇ ਤੋਂ ਮੁਕਤੀ ਪਾਉਣ ਦੇ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।