ਨਰੇਸ਼ ਕਟਾਰੀਆਂ ਨੇ ਸਮਰਥਕਾਂ ਨਾਲ ਮਿਲ ਫੂਕਿਆ ਕੁਲਬੀਰ-ਇੰਦਰਜੀਤ ਜ਼ੀਰਾ ਦਾ ਪੁਤਲਾ
Thursday, May 09, 2019 - 03:42 PM (IST)
ਜ਼ੀਰਾ (ਸਤੀਸ਼) - ਤਹਿਸੀਲ ਜ਼ੀਰਾ ਦੇ ਮੱਖੂ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆਂ ਵਲੋਂ ਅੱਜ ਆਪਣੇ ਸੈਂਕੜੇ ਸਮਰਥਕਾਂ ਨਾਲ ਮਿਲ ਕੇ ਕੁਲਬੀਰ ਜ਼ੀਰਾ ਅਤੇ ਇੰਦਰਜੀਤ ਜ਼ੀਰਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ 4 ਦਿਨਾਂ ਦੇ ਅੰਦਰ-ਅੰਦਰ ਉਕਤ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਕਟਾਰੀਆਂ ਨੇ ਕਿਹਾ ਕਿ ਬੀਤੇ ਦਿਨ ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਦੇ ਸਰਕਾਰੀ ਗੰਨਮੈਨ ਅਤੇ ਪੀ.ਏ. ਨੇ ਉਸ ਦੀ ਕੁੱਟਮਾਰ ਉਸ ਸਮੇਂ ਕੀਤੀ ਸੀ ਜਦੋਂ ਉਹ ਸ਼ਹਿਰ ਦੇ ਗੁਰਦੁਆਰਾ ਬਾਠਾ ਵਾਲਾ ਸਾਹਿਬ ਤੋਂ ਇਕ ਭੋਗ ਸਮਾਗਮ ਦੌਰਾਨ ਨਿਕਲ ਰਹੇ ਸਨ। ਉਨ੍ਹਾਂ ਦੱਸਿਆ ਕਿ ਕੁਲਬੀਰ ਜ਼ੀਰਾ ਨੇ ਉਸ ਦੀ ਗੱਡੀ ਦੇ ਅੱਗੇ ਆਪਣੀਆਂ ਗੱਡੀਆਂ ਲਗਾ ਰੱਖੀਆਂ ਸਨ, ਜਿਨ੍ਹਾਂ ਨੂੰ ਇਕ ਪਾਸੇ ਕਰਨ ਦਾ ਕਹਿਣ 'ਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।