ਮੋਦੀ ਨੇ ਅੰਬਾਨੀ ਤੇ ਅਡਾਨੀ ਤੋਂ ਦੇਸ਼ ਲੁਟਾਇਆ: ਹਰਸਿਮਰਤ ਬਾਜਵਾ

11/09/2017 7:46:09 AM

ਹੁਸ਼ਿਆਰਪੁਰ(ਘੁੰਮਣ)-ਕੇਂਦਰ ਦੀ ਭਾਜਪਾ ਸਰਕਾਰ ਦੇ ਗਲਤ ਫੈਸਲਿਆਂ ਨਾਲ ਦੇਸ਼ ਦੇ ਲੋਕ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਦੀ ਗੱਲ ਤਾਂ ਲੋਕਾਂ ਨੂੰ ਸੁਣਾਉਂਦੇ ਹਨ ਪਰ ਲੋਕਾਂ ਦੇ ਮਨ ਦੀ ਗੱਲ ਸੁਣਨ ਲਈ ਤਿਆਰ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸੀਨੀਅਰ ਆਗੂ ਹਰਸਿਮਰਨ ਸਿੰਘ ਬਾਜਵਾ ਨੇ ਕਰਦਿਆਂ ਕਿਹਾ ਕਿ ਅੱਜ ਲੱਗਦਾ ਹੈ ਕਿ ਦੇਸ਼ ਅੰਦਰ ਲੋਕਤੰਤਰ ਦਾ ਰਾਜ ਖਤਮ ਹੋ ਗਿਆ ਹੈ ਅਤੇ ਡਿਕਟੇਟਰਸ਼ਿਪ ਭਾਰੂ ਹੋ ਰਹੀ ਹੈ। ਭਾਜਪਾ ਸਰਕਾਰ ਨੇ ਦੇਸ਼ 'ਚ ਇਕ ਸਾਲ ਪਹਿਲਾਂ ਨੋਟਬੰਦੀ ਕਰ ਕੇ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ। ਸਾਰੇ ਕਾਰੋਬਾਰ ਫੇਲ ਹੋ ਚੁੱਕੇ ਹਨ ਤੇ ਹਰ ਵਰਗ ਨਾਲ ਜੁੜੇ ਲੋਕ ਭਾਵੇਂ ਉਹ ਵਪਾਰੀ ਹੋਣ, ਉਦਯੋਗਪਤੀ ਜਾਂ ਫਿਰ ਛੋਟੇ ਦੁਕਾਨਦਾਰ ਤੇ ਕਿਸਾਨ ਆਪਣੇ-ਆਪ ਨੂੰ ਇਸ ਨਿਕੰਮੀ ਸਰਕਾਰ ਹੱਥੋਂ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। 
ਬਾਜਵਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਇਸ ਸਰਕਾਰ ਨੇ ਦੂਜਾ ਗਲਤ ਫੈਸਲਾ ਜੀ. ਐੱਸ. ਟੀ. ਲਾਗੂ ਕਰ ਕੇ ਕੀਤਾ, ਜਿਸ ਨੇ ਦੇਸ਼ ਦੇ ਆਰਥਿਕ ਢਾਂਚੇ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਜੀ. ਐੱਸ. ਟੀ. ਪ੍ਰਤੀ ਦੇਸ਼ ਦੇ ਵੱਡੇ ਆਗੂ ਵੀ ਅਣਜਾਣ ਹਨ, ਜਿਨ੍ਹਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਲੋਕ ਕਿੰਨੀ ਕੁ ਮਾਰ ਝੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਮੋਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮਹਿੰਗਾਈ ਵਧੀ ਹੈ ਅਤੇ ਲੋਕਾਂ ਦੀ ਜੇਬ ਖਾਲੀ ਹੋਈ ਹੈ। ਜੇਕਰ ਕਿਸੇ ਦਾ ਵਿਕਾਸ ਹੋਇਆ ਹੈ ਤਾਂ ਉਹ ਸਿਰਫ ਅਡਾਨੀ ਤੇ ਅੰਬਾਨੀ ਵਰਗੇ ਉਦਯੋਗਪਤੀਆਂ ਦਾ ਹੀ ਹੋਇਆ ਹੈ, ਮੋਦੀ ਨੇ ਅੰਬਾਨੀ ਤੇ ਅਡਾਨੀ ਨੂੰ ਦੇਸ਼ ਲੁਟਾ ਦਿੱਤਾ ਹੈ, ਜਿਸ ਸਦਕਾ ਇਨ੍ਹਾਂ ਦੀ ਦੌਲਤ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਬੇਤਹਾਸ਼ਾ ਵਧੀ ਹੈ। ਮਹਿੰਗਾਈ ਤੇ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਕਾਰਨ ਔਰਤਾਂ ਦੀ ਰਸੋਈ ਦਾ ਬਜਟ ਵਿਗੜ ਚੁੱਕਾ ਹੈ ਅਤੇ ਅੱਜ ਹਰ ਵਰਗ ਦੇ ਲੋਕ ਸਾਲ 2019 ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਨਿਕੰਮੀ ਸਰਕਾਰ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। 
ਬਾਜਵਾ ਨੇ ਕਿਹਾ ਕਿ ਇਸ ਦੇ ਉਲਟ ਪਿਛਲੀ ਯੂ. ਪੀ. ਏ. ਸਰਕਾਰ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦੇਸ਼ ਨੂੰ ਦੁਨੀਆ ਦੇ ਵਿਕਸਿਤ ਦੇਸ਼ਾਂ ਵਿਚ ਖੜ੍ਹਾ ਕਰਨ ਲਈ ਕਈ ਆਰਥਿਕ ਸੁਧਾਰ ਲਾਗੂ ਕੀਤੇ ਗਏ, ਜਿਨ੍ਹਾਂ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੀ ਅਤੇ ਹਰ ਵਰਗ ਦੇ ਲੋਕ ਆਰਥਿਕ ਪੱਖੋਂ ਸੌਖੇ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਵੱਡੇ ਪ੍ਰਾਜੈਕਟਾਂ ਦੇ ਉਦਘਾਟਨ ਕਰ ਕੇ ਮੋਦੀ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ, ਉਕਤ ਪ੍ਰਾਜੈਕਟ ਯੂ. ਪੀ. ਏ. ਸਰਕਾਰ ਸਮੇਂ ਹੀ ਸ਼ੁਰੂ ਕੀਤੇ ਗਏ ਸਨ।


Related News