ਮੋਦੀ ਦੇ ਫੈਸਲੇ ਨੇ ਹਾਲੋ-ਬੇਹਾਲ ਕੀਤੇ ਮਜ਼ਦੂਰ, ਸਰਮਾਏਦਾਰਾਂ ਨੇ ਇੰਝ ਲੱਭੀ ਚੋਰ ਮੋਰੀ

Sunday, Nov 27, 2016 - 01:46 PM (IST)

ਮੋਦੀ ਦੇ ਫੈਸਲੇ ਨੇ ਹਾਲੋ-ਬੇਹਾਲ ਕੀਤੇ ਮਜ਼ਦੂਰ, ਸਰਮਾਏਦਾਰਾਂ ਨੇ ਇੰਝ ਲੱਭੀ ਚੋਰ ਮੋਰੀ

ਮੇਹਟੀਆਣਾ (ਸੰਜੀਵ) : ਬੀਤੀ 8 ਨਵੰਬਰ ਨੂੰ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1000 ਰੁਪਏ ਦੇ ਨੋਟਾਂ ''ਤੇ ਲਾਈ ਪਾਬੰਦੀ ਕਾਰਨ ਜਿਥੇ ਭਾਰਤ ਦੇ ਹਰ ਵਰਗ ਦੇ ਨਾਗਰਿਕ ''ਤੇ ਅਸਰ ਪਿਆ ਹੈ, ਉਥੇ ਹੀ ਮਜ਼ਦੂਰ ਵਰਗ ਇਸ ਪਾਬੰਦੀ ਤੋਂ ਡਾਢਾ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਬੈਂਕਾਂ ਵਿਚ ਕਈ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਮਾਏਦਾਰ ਵਰਗ ਨੂੰ ਅਸਾਨੀ ਨਾਲ ਹੀ ਲੋੜ ਤੋਂ ਵੱਧ ਨਵੀਂ ਕਰੰਸੀ ਮਿਲ ਰਹੀ ਹੈ ਪਰ ਮਜ਼ਦੂਰ ਵਰਗ ਨੂੰ ਸਾਰਾ ਦਿਨ ਕਤਾਰਾਂ ਵਿਚ ਲੱਗਣ ਦੇ ਬਾਵਜੂਦ ਸ਼ਾਮ ਨੂੰ ਬੈਂਕ ਬੰਦ ਹੋਣ ਤੱਕ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ ਤੇ ਉਹ ਭੁੱਖੇ ਢਿੱਡ ਸੌਣ ਲਈ ਮਜਬੂਰ ਹੋ ਰਿਹਾ ਹੈ।

ਕਾਲਾ ਧਨ ਚਿੱਟੇ ਧਨ ''ਚ ਹੋ ਰਿਹੈ ਤਬਦੀਲ
ਕਈ ਬੈਂਕਾਂ ਦੇ ਮੈਨੇਜਰ ਜਾਂ ਉੱਚ ਪੱਧਰੀ ਮੁਲਾਜ਼ਮ ਇਲਾਕੇ ਦੇ ਸਰਮਾਏਦਾਰ ਲੋਕਾਂ ਨਾਲ ਮਿਲ ਕੇ 500 ਤੇ 1000 ਰੁਪਏ ਦੇ ਨੋਟਾਂ ਦੇ ਬਦਲੇ ਅੰਦਰਖਾਤੇ ਹੀ ਉਨ੍ਹਾਂ ਨੂੰ ਕਥਿਤ ਤੌਰ ''ਤੇ ਨਵੀਂ ਕਰੰਸੀ ਮੁਹੱਈਆ ਕਰਵਾ ਰਹੇ ਹਨ। ਕਈ ਬੈਂਕਾਂ ਦੇ ਮੁਲਾਜ਼ਮ ਤਾਂ ਵੱਡੇ ਲੋਕਾਂ ਨਾਲ ਫੋਨ ''ਤੇ ਸੰਪਰਕ ਕਰਕੇ ਉਨ੍ਹਾਂ ਦੇ ਘਰਾਂ ਤਕ ਵੀ ਕੈਸ਼ ਪਹੁੰਚਾ ਰਹੇ ਹਨ ਤੇ ਬਦਲੇ ''ਚ ਕਈ-ਕਈ ਫੀਸਦ ਰਕਮ ਵਸੂਲ ਰਹੇ ਹਨ। ਜਿਥੇ ਵੱਡੇ ਸਰਮਾਏਦਾਰ ਜਾਂ ਉੱਚੀ ਪਹੁੰਚ ਵਾਲੇ ਲੋਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਆਪਣੀ ਜ਼ਰੂਰਤ ਤੋਂ ਵੱਧ ਕੈਸ਼ ਬੈਂਕਾਂ ''ਚੋਂ ਕਢਵਾ ਰਹੇ ਹਨ, ਉਸਦੇ ਉਲਟ ਮਜ਼ਦੂਰ ਵਰਗ ਨੂੰ ਆਪਣਾ ਹੀ ਪੈਸਾ ਕਢਵਾਉਣ ਲਈ ਦਿਹਾੜੀਆਂ ਭੰਨ ਕੇ ਸਾਰਾ-ਸਾਰਾ ਦਿਨ ਲਾਈਨਾਂ ਵਿਚ ਖੜ੍ਹੇ ਹੋਣਾ ਪੈ ਰਿਹਾ ਹੈ।

2000 ਦਾ ਨੋਟ ਬਣਿਆ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ
ਪ੍ਰਧਾਨ ਮੰਤਰੀ ਵੱਲੋਂ ਨੋਟਬੰਦੀ ਦੇ ਲਏ ਫੈਸਲੇ ਤੋਂ ਬਾਅਦ ਹੁਣ 2000 ਰੁਪਏ ਦਾ ਨੋਟ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਕਿਉਂਕਿ 2000 ਦਾ ਨੋਟ ਤੁੜਵਾਉਣਾ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ। ਛੋਟੀ ਖਰੀਦਦਾਰੀ ਕਰਨ ਲਈ ਵੀ ਆਮ ਲੋਕਾਂ ਨੂੰ ਇਸ ਨੋਟ ਬਦਲੇ ਪਰਚੀਆਂ ਦੇ ਚੱਕਰ ''ਚ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਗੱਲ ਭਾਵੇਂ ਦੇਸ਼ ਭਰ ''ਚ ਕਾਲਾ ਧਨ ਸਾਹਮਣੇ ਲਿਆਉਣ ਦੀ ਹੋਵੇ ਜਾਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦੀ, ਹਰ ਸਥਿਤੀ ''ਚ ਆਮ ਵਰਗ ਦੇ ਲੋਕਾਂ ਨੂੰ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿਚ ਨੋਟਬੰਦੀ ਦੌਰਾਨ ਅਜਿਹੀ ਸਥਿਤੀ ''ਚ ਆਮ ਜਨਤਾ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋੜ ਹੈ ਪ੍ਰਸ਼ਾਸਨ ਵੱਲੋਂ ਅਜਿਹੇ ਬੈਂਕ ਮੁਲਾਜ਼ਮਾਂ ਖਿਲਾਫ਼ ਸਖ਼ਤੀ ਵਰਤਣ ਦੀ ਤਾਂ ਜੋ ਵੱਡੇ ਸਰਮਾਏਦਾਰਾਂ ਨਾਲ ਮਿਲ ਕੇ ਆਮ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਓਹਲੇ ਨਾ ਕੀਤਾ ਜਾ ਸਕੇ।


author

Gurminder Singh

Content Editor

Related News