ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਖਾਨਾਪੂਰਤੀ ਦੇ ਬਰਾਬਰ!
Thursday, Jun 26, 2025 - 03:35 PM (IST)

ਲੁਧਿਆਣਾ (ਮੁਕੇਸ਼)- ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸ਼ਹਿਰ ਦੇ ਵਿਚਾਲਿਓਂ ਗੁਜ਼ਰ ਰਹੇ ਫਲਾਈਓਵਰ ’ਤੇ ਹਾਈਵੇ ਦੇ ਨਾਲ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਗਿਆ ਸੀ, ਜੋ ਕਿ ਚਿੱਟਾ ਹਾਥੀ ਬਣ ਕੇ ਰਹਿ ਗਿਆ ਸੀ, ਭਾਵ ਪਾਣੀ ਨਾਲੇ ’ਚ ਜਾਣ ਦੀ ਬਜਾਏ ਹਾਈਵੇ ਉੱਪਰ ਹੀ ਤੈਰਦਾ ਰਹਿੰਦਾ ਸੀ, ਜਿਸ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਗੁਜ਼ਰਨ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਜਿਹੇ ’ਚ ਕੰਪਨੀ ਨੇ ਆਪਣੀ ਮਿੱਟੀ ਪਲੀਤ ਹੁੰਦਿਆਂ ਦੇਖ ਕੇ ਫਲਾਈਓਵਰ ਦੇ ਨਾਲ ਬਣੇ ਨਾਲੇ ਨੂੰ ਤੋੜ ਕੇ ਨਵਾਂ ਨਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਦਰਸ਼ਨ ਸਿੰਘ (ਐੱਨ. ਆਰ. ਸੀ), ਸੀਨੀਅਰ ਟਰਾਂਸਪੋਰਟਰ ਸੁਰਿੰਦਰ ਸਿੰਘ ਅਲਵਰ, ਸੰਨੀ ਅਲਵਰ, ਸ਼ਮਸ਼ੇਰ ਸਿੰਘ ਅਲਵਰ, ਦਵਿੰਦਰ ਸਿੰਘ ਰੱਖੜਾ, ਰਾਜੇਸ਼ ਸਹਿਗਲ, ਰਾਜੇਸ਼ ਸਿੰਗਲਾ ਮੰਗਾ, ਅਜੇ ਅਗਰਵਾਲ, ਮਨੀਸ਼ ਜਾਂਗੜਾ, ਅਨਿਲ ਭਾਂਬਰੀ, ਵਿਕਾਸ ਜੈਨ ਹੋਰਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਕਰੋੜਾਂ ਖਰਚ ਕਰ ਕੇ ਫਲਾਈਓਵਰ ਦੇ ਨਾਲ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਸੀ, ਜੋ ਕਿ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਹੁਣ ਕੰਪਨੀ ਵਲੋਂ ਨਾਲਾ ਤੋੜ ਕੇ ਫਿਰ ਤੋਂ ਨਵਾਂ ਨਾਲਾ ਬਣਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ! ਹੁਣ 10 ਜੁਲਾਈ ਤੋਂ...
ਇੰਜ ਜਾਪਦਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਜਿਹੜੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਉਹ ਖਾਨਾਪੂਰਤੀ ਸਮਾਨ ਹਨ। ਕਈ ਵਿਕਾਸ ਕੰਮ ਵਿਚਾਲੇ ਹੀ ਦਮ ਤੋੜ ਰਹੇ ਹਨ। ਬਰਸਾਤਾਂ ਸ਼ੁਰੂ ਹੋ ਗਈਆਂ ਹਨ, ਜਦਕਿ ਫਲਾਈਓਵਰ ਦੇ ਨਾਲ ਨਾਲੇ ਦਾ ਕੰਮ ਅਧੂਰਾ ਪਿਆ ਹੈ। ਜਿਹੜਾ ਨਵਾਂ ਨਾਲਾ ਬਣਾਇਆ ਜਾ ਰਿਹਾ ਹੈ, ਓਹ ਵੀ ਫੇਲ ਹੋ ਗਿਆ ਜਾਪਦਾ ਹੈ। ਮੀਂਹ ਦਾ ਪਾਣੀ ਨਾਲੇ ’ਚ ਜਾਣ ਦੀ ਬਜਾਏ ਹਾਈਵੇ ਉੱਪਰ ਹੀ ਤੈਰ ਰਿਹਾ ਹੈ, ਜੋ ਕਿ ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ’ਤੇ ਪੁਲ ਹੇਠਾਂ ਬਰਸਾਤੀ ਪਾਣੀ ਲਈ ਬਣਾਏ ਗਏ ਰੀਚਾਰਜ ਵੈੱਲਾਂ ਦੀ ਹਾਲਤ ਖ਼ਸਤਾ ਹੈ, ਜਿਨ੍ਹਾਂ ’ਚ ਪਾਣੀ ਨਹੀਂ ਜਾ ਰਿਹਾ। ਕਿਤੇ ਇੱਟਾਂ ਟੁੱਟੀਆਂ ਹੋਈਆਂ ਹਨ ਅਤੇ ਕਿਤੇ ਨਾਲੀ ਟੁੱਟੀ ਹੋਈ ਹੈ। ਇਸੇ ਤਰ੍ਹਾਂ ਨਾਲੀ ਉੱਪਰ ਮੰਗਤਿਆਂ, ਖਿਡੌਣੇ ਵੇਚਣ ਵਾਲਿਆਂ ਅਤੇ ਨਸ਼ੇੜੀਆਂ ਆਦਿ ਨੇ ਅੱਡੇ ਬਣਾਏ ਹੋਏ ਹਨ। ਇਸੇ ਤਰ੍ਹਾਂ ਹਾਈਵੇ ਦੀਆਂ ਸਾਈਡਾਂ ’ਤੇ ਵਿਚਾਲੇ ਲਗਾਈਆਂ ਗਈਆਂ ਲੋਹੇ ਦੀਆਂ ਸੇਫਟੀ ਗ੍ਰਿਲਾਂ ਟੁੱਟੀਆਂ ਹੋਈਆਂ ਹਨ ਜਾਂ ਗਾਇਬ ਹਨ। ਨਾਲੇ ਦੀ ਸਫਾਈ ਨਾ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ। ਫਲਾਈਓਵਰ ਉੱਪਰ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8