ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼! ਚੋਰੀ ਦੇ 9 ਮੋਟਰਸਾਈਕਲਾਂ ਸਣੇ 3 ਜਣੇ ਗ੍ਰਿਫ਼ਤਾਰ
Thursday, Jun 19, 2025 - 07:01 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੂੰ ਅੱਜ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਪਾਸੋਂ 9 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ। ਮੁਲਜ਼ਮਾਂ ਦੀ ਪਹਿਚਾਣ ਪ੍ਰਗਟ ਸਿੰਘ ਉਰਫ਼ ਕਾਲਾ ਵਾਸੀ ਭੱਟੀਆਂ, ਪ੍ਰਦੀਪ ਸਿੰਘ ਉਰਫ਼ ਦੀਪਾ ਵਾਸੀ ਟਾਂਡਾ ਕੁਸ਼ਲ ਸਿੰਘ ਵਜੋਂ ਹੋਈ ਹੈ ਜਦਕਿ ਇਨ੍ਹਾਂ ਵਿਚ ਇੱਕ ਨਾਬਾਲਗ ਲੜਕਾ ਸ਼ਾਮਲ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਦਾ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਐੱਸ.ਪੀ.ਡੀ. ਪਵਨਜੀਤ, ਡੀ.ਐੱਸ.ਪੀ. ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਸਹਾਇਕ ਥਾਣੇਦਾਰ ਪਵਨਜੀਤ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜੇਕਰ ਮਾਛੀਵਾੜਾ-ਕੁਹਾੜਾ ਰੋਡ ’ਤੇ ਪ੍ਰਗਟ ਸਿੰਘ ਤੇ ਉਸਦੇ ਸਾਥੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਆ ਰਹੇ ਹਨ। ਪੁਲਸ ਵਲੋਂ ਤੁਰੰਤ ਕਪੂਰ ਪੈਲੇਸ ਨੇੜੇ ਨਾਕਾਬੰਦੀ ਕੀਤੀ ਗਈ ਅਤੇ ਜਾਂਚ ਲਈ ਜਦੋਂ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ ਤਾਂ ਪ੍ਰਗਟ ਸਿੰਘ ਕਾਲਾ ਤੇ ਉਸ ਨਾਲ ਨਾਬਾਲਗ ਲੜਕੇ ਨੂੰ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਮੇਜਰ ਸਿੰਘ ਵਾਸੀ ਭਮਾ ਕਲਾ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਭਜਾ ਕੇ ਲੈ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਵਿਚ ਪ੍ਰਦੀਪ ਸਿੰਘ ਉਰਫ਼ ਦੀਪਾ ਵੀ ਸ਼ਾਮਲ ਹੈ ਜਿਸ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਅਨੁਸਾਰ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ 9 ਚੋਰੀ ਦੇ ਮੋਟਰਸਾਈਕਲ ਬਰਾਮਦ ਕਰ ਲਏ ਹਨ ਅਤੇ ਹੋਰ ਵੀ ਚੋਰੀ ਦੇ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਕਰਨੈਲ ਸਿੰਘ, ਅਮਰਜੀਤ ਸਿੰਘ (ਦੋਵੇਂ ਸਹਾਇਕ ਥਾਣੇਦਾਰ), ਮੁਨਸ਼ੀ ਸੁਖਦੀਪ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਗਦੇਵ ਸਿੰਘ ਵੀ ਮੌਜੂਦ ਸਨ।
ਨਾਬਾਲਗ ਲੜਕਾ ਵਾਹਨ ਕਰਦਾ ਸੀ ਚੋਰੀ
ਮਾਛੀਵਾੜਾ ਪੁਲਸ ਵਲੋਂ ਕਾਬੂ ਕੀਤੇ ਗਏ ਚੋਰ ਗਿਰੋਹ ਵਿਚ ਜੋ ਨਾਬਾਲਗ ਲੜਕਾ ਹੈ, ਉਹ ਲੁਧਿਆਣਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ। ਇਸ ਚੋਰ ਗਿਰੋਹ ਦੇ ਮੈਂਬਰ ਮੋਟਰਸਾਈਕਲ ਚੋਰੀ ਕਰਨ ਦੀ ਰੇਕੀ ਕਰਦੇ ਸਨ ਅਤੇ ਇਸ ਨੂੰ ਚੋਰੀ ਕਰਨ ਲਈ ਨਾਬਾਲਗ ਲੜਕੇ ਨੂੰ ਭੇਜਦੇ ਸਨ ਤਾਂ ਜੋ ਜੇਕਰ ਇਹ ਫੜਿਆ ਜਾਵੇ ਤਾਂ ਲੋਕ ਇਸ ਨੂੰ ਤਰਸ ਕਰਕੇ ਛੱਡ ਦੇਣ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਚੋਰੀ ਦੇ 8 ਮੋਟਰਸਾਈਕਲ ਤੇ 1 ਐਕਟਿਵਾ ਬਰਾਮਦ ਹੋ ਗਈ ਹੈ ਅਤੇ ਇਸ ਚੋਰ ਗਿਰੋਹ ਦੇ ਮੈਂਬਰ ਪ੍ਰਵਾਸੀ ਮਜ਼ਦੂਰਾਂ ਨੂੰ ਮਹਿੰਗੇ ਭਾਅ ਦਾ ਮੋਟਰਸਾਈਕਲ ਕੇਵਲ 5 ਤੋਂ 10 ਹਜ਼ਾਰ ਰੁਪਏ ਘੱਟ ਭਾਅ ’ਤੇ ਵੇਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਚੋਰੀ ਦੀਆਂ ਹੋਰ ਘਟਨਾਵਾਂ ਦਾ ਖੁਲਾਸਾ ਵੀ ਹੋ ਸਕਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਚੋਰ ਗਿਰੋਹ ਦਾ ਮੈਂਬਰ ਪ੍ਰਗਟ ਸਿੰਘ ’ਤੇ ਪਹਿਲਾਂ ਵੀ ਚੋਰੀ ਤੇ ਨਸ਼ਿਆਂ ਦੇ ਕਰੀਬ 3 ਮਾਮਲੇ ਦਰਜ ਹਨ। ਥਾਣਾ ਮੁਖੀ ਨੇ ਕਿਹਾ ਕਿ ਗਿਰੋਹ ਦਾ ਚੌਥਾ ਮੈਂਬਰ ਮੇਜਰ ਸਿੰਘ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e