ਜਲਦੀ ਹੀ ਕਰਤਾਰਪੁਰ ਕੋਰੀਡੋਰ ਦਾ ਕੀਤਾ ਜਾਵੇਗਾ ਨਿਰਮਾਣ: ਮੋਦੀ
Thursday, Jan 03, 2019 - 06:40 PM (IST)
ਗੁਰਦਾਸਪੁਰ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ 'ਚ ਅਕਾਲੀ-ਭਾਜਪਾ ਵੱਲੋਂ ਰੱਖੀ ਗਈ ਰੈਲੀ 'ਚ ਸ਼ਿਰਕਤ ਕਰਨ ਲਈ ਪਹੁੰਚੇ। ਰੈਲੀ ਦੌਰਾਨ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੰਦੇ ਦੇਣ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ ਇਹ ਮੇਰਾ ਪਹਿਲਾ ਦੌਰਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੀ ਪਹਿਲੀ ਰੈਲੀ ਪੰਜਾਬ ਤੋਂ ਕਰ ਰਿਹਾ ਹਾਂ। ਮੋਦੀ ਨੇ ਕਿਹਾ ਕਿ 1947 ਦੀ ਵੰਡ ਵਾਲੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਗਲਤੀ ਕਾਰਨ ਗੁਰੂ ਨਾਨਕ ਦੇਵ ਜੀ ਦੀ ਇਹ ਪਵਿੱਤਰ ਧਰਤੀ ਪੰਜਾਬ ਤੋਂ ਵਿੱਛੜ ਗਈ, ਜਿਸ ਕਾਰਨ ਲੰਬੇ ਅਰਸੇ ਤੱਕ ਪੰਜਾਬ ਦੀਆਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਣ ਰਾਹੀ ਕਰਨ ਲਈ ਮਜਬੂਰ ਹੋ ਗਈਆਂ। ਐਨ.ਡੀ.ਏ. ਵੱਲੋਂ ਇਸ ਪਾਸੇ ਕਦਮ ਚੁੱਕਦੇ ਕੋਰੀਡੋਰ ਦੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਹਨ। ਡੇਰਾ ਬਾਬਾ ਨਾਨਕ ਤੋਂ ਬਾਰਡਰ ਤੱਕ ਆਧੁਨਿਕ ਸਹੁਲਤਾਂ ਵਾਲਾ ਕੋਰੀਡੋਰ ਦਾ ਨਿਰਮਾਣ ਕਾਰਜ ਜਲਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਮੌਕੇ ਮੋਦੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ, ਜਿਸ ਨੂੰ ਜਾਗਣ ਦੀ ਲੋੜ ਹੈ। ਕੇਂਦਰ ਸਰਕਾਰ ਦੇ ਕਈ ਪ੍ਰਾਜੈਕਟਾਂ ਜਿਨ੍ਹਾਂ 'ਚ ਅੰਮ੍ਰਿਤਸਰ, ਕਪੂਰਥਲਾ ਅਤੇ ਲੁਧਿਆਣਾ ਲਈ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਮੈਗਾ ਫੂਡ ਪਾਰਕ, ਬਠਿੰਡਾ 'ਚ ਆਈ.ਐਂਡ ਐੱਫ.ਟੀ. ਆਦਿ ਸਮੇਤ ਕਈ ਵੱਡੇ ਪ੍ਰਾਜੈਕਟ ਲਟਕੇ ਪਏ ਹਨ। ਸੂਬੇ ਦੇ ਲੋਕ ਅਜੇ ਵੀ ਇਨ੍ਹਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਪੰਜਾਬ ਸਰਕਾਰ ਦੀ ਢਿੱਲ ਕਾਰਨ ਇਹ ਅਜੇ ਤੱਕ ਪੂਰੇ ਨਹੀਂ ਹੋ ਪਾ ਰਹੇ ਹਨ।

ਕਾਂਗਰਸ ਪਾਰਟੀ ਨੂੰ ਘੇਰਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਕਰਜ਼ ਮੁਆਫੀ ਦੇ ਨਾਂ 'ਤੇ ਲਗਾਤਾਰ ਲੋਕ ਨਾਲ ਧੋਖਾ ਕਰਦੀ ਆਈ ਹੈ। 2009 'ਚ ਕਾਂਗਰਸ ਪਾਰਟੀ ਨੇ ਕਿਸਾਨਾਂ ਨੂੰ ਕਰਜ਼ ਮੁਆਫੀ ਦਾ ਲਾਰਾ ਲਗਾ ਕੇ ਦੇਸ਼ ਦੀ ਸੱਤਾ ਹਾਸਲ ਕੀਤੀ ਪਰ ਕਿਸਾਨਾਂ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਇਸੇ ਤਰ੍ਹਾਂ ਪੰਜਾਬ 'ਚ ਕਿਸਾਨ ਕਰਜ਼ ਮੁਆਫੀ ਦੇ ਨਾਂ 'ਤੇ ਵੋਟਾਂ ਦੌਰਾਨ ਲੋਕਾਂ ਤੋਂ ਫਾਰਮ ਭਰਪਾਏ ਗਏ ਪਰ ਕਰਜ਼ ਮੁਆਫ ਅਜੇ ਤੱਕ ਨਹੀਂ ਹੋਏ। ਉਨ੍ਹੰ ਨੇ ਕਿਹਾ ਕਾਂਗਰਸ ਦੇ ਕੁਝ ਲੋਕ ਦਾਅਵਾ ਕਰਦੇ ਹਨ ਕਿ ਸੂਬੇ ਦੇ ਕਿਸਾਨਾਂ ਦਾ 3400 ਕਰੋੜ ਰੁਪਏ ਦਾ ਕਰਜ਼ ਮੁਆਫ ਹੋਇਆ ਹੈ। ਉਨ੍ਹਾਂ ਨੇ ਹੈਰਾਨ ਹੁੰਦੇ ਕਾਂਗਰਸ 'ਤੇ ਤੰਜ ਕੱਸਦੇ ਕਿਹਾ ਕੀ ਇਹ ਕਾਂਗਰਸ ਸਰਕਾਰ ਦੀ 5 ਸਾਲਾ ਯੋਜਨਾ ਹੈ? ਸੂਬੇ ਦੇ ਵੱਡੀ ਗਿਣਤੀ 'ਚ ਕਿਸਾਨ ਘੱਟ ਜ਼ਮੀਨਾਂ ਵਾਲੇ ਹਨ, ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੀ ਨਹੀਂ। ਇਹ ਕਰਜ਼ਾ ਉਨ੍ਹਾਂ ਨੇ ਸ਼ਾਹੁਕਾਰਾਂ ਤੋਂ ਲਿਆ ਹੈ ਤਾਂ ਫਿਰ ਇਹ ਕਰਜ਼ਾ ਮੁਆਫ ਕਿਵੇਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਮੁੱਲ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਮਿਲੇ। ਇਸ ਲਈ ਕੇਂਦਰ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਪੂਰੇ ਦੇਸ਼ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਇਆ ਜਾਵੇਗਾ। ਦੱਸ ਦੇਈਏ ਕਿ ਮੋਦੀ ਦੀ ਇਹ ਰੈਲੀ 1.75 ਲੱਖ ਸੁਕਵੇਅਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਸੀ। ਪੰਡਾਲ ਵਿਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਸਨ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਸ਼ਵੇਤ ਮਲਿਕ, ਬਿਕਰਮ ਮਜੀਠੀਆ, ਕਵਿਤਾ ਖੰਨਾ, ਦਲਜੀਤ ਸਿੰੰਘ ਚੀਮਾ, ਤਰੁਣ ਚੁੱਘ ਅਤੇ ਰਾਕੇਸ਼ ਰਾਠੌਰ ਆਦਿ ਨੇ ਸ਼ਿਰਕਤ ਕੀਤੀ। ਰੈਲੀ ਨੂੰ ਲੈ ਕੇ ਪੁਲਸ ਨੇ ਥ੍ਰੀ-ਲੇਅਰ ਸਕਿਓਰਿਟੀ ਦਾ ਬੰਦੋਬਸਤ ਵੀ ਕੀਤਾ ਗਿਆ ਸੀ ਜਦਕਿ ਸ਼ਹਿਰ ਦੇ 10 ਕਿਲੋਮੀਟਰ ਤਕ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਉਥੇ ਹੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ ਤੇ ਪੰਜਾਬ ਆਰਮਡ ਪੁਲਸ ਦੇ 3500 ਜਵਾਨ ਤਾਇਨਾਤ ਕੀਤੇ ਗਏ ਹਨ।
