ਨੰਗਲ ਸਲੇਮਪੁਰ ''ਚ ਪਾਣੀ ਦੀ ਟੈਂਕੀ ਦਾ ਬਿਜਲੀ ਕੁਨੈਕਸ਼ਨ ਕੱਟਿਆ, ਲੋਕ ਪਾਣੀ ਨੂੰ ਤਰਸੇ

08/19/2017 7:05:29 AM

ਜਲੰਧਰ, (ਸੁਨੀਲ)- ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡ ਨੰਗਲ ਸਲੇਮਪੁਰ ਦੇ ਲੋਕਾਂ ਨੂੰ ਪੀਣ ਦਾ ਪਾਣੀ ਸਪਲਾਈ ਕਰਨ ਲਈ ਬਣਾਈ ਗਈ ਪਾਣੀ ਦੀ ਟੈਂਕੀ ਦੀ ਮੋਟਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਕਿਉਂਕਿ ਬਿਜਲੀ ਦਾ ਬਿੱਲ ਭਰਿਆ ਨਹੀਂ ਗਿਆ। ਬਿਜਲੀ ਵਿਭਾਗ ਵਲੋਂ ਇਸ ਮੋਟਰ ਦਾ ਬਕਾਇਆ ਬਿੱਲ 2 ਲੱਖ 78 ਹਜ਼ਾਰ ਦੇ ਕਰੀਬ ਭੇਜਿਆ ਗਿਆ ਹੈ। ਕੁਨੈਕਸ਼ਨ ਕੱਟਣ ਨਾਲ ਪਿੰਡ ਵਿਚ ਪਿਛਲੇ 7-8 ਦਿਨਾਂ ਤੋਂ ਪੀਣ ਦੇ ਪਾਣੀ ਦੀ ਸਪਲਾਈ ਠੱਪ ਪਈ ਹੈ, ਜਿਸ ਕਾਰਨ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ। ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੂਰੋਂ-ਦੂਰੋਂ ਭਰ ਕੇ ਲਿਆਉਣਾ ਪੈ ਰਿਹਾ ਹੈ। 
ਲੋਕਾਂ ਨੇ ਦੱਸਿਆ ਕਿ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਜ਼ਿਮੀਂਦਾਰਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਵਿਚੋਂ ਪਾਣੀ ਭਰ ਕੇ ਲਿਆ ਰਹੇ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤ ਵੀ ਇਸ ਵਲ ਧਿਆਨ ਨਹੀਂ ਦੇ ਰਹੀ, ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਸਬਮਰਸੀਬਲ ਪੰਪ ਲੱਗੇ ਹਨ, ਉਨ੍ਹਾਂ ਦੇ ਘਰ ਵੀ ਪਾਣੀ ਲੈਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਤਕਰੀਬਨ 125 ਘਰਾਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ।
ਗਰਮੀ ਤੇ ਪੀਣ ਵਾਲੇ ਪਾਣੀ ਤੋਂ ਬਿਨਾਂ ਬੱਚਿਆਂ ਤੇ ਬਜ਼ੁਰਗਾਂ ਦਾ ਹੋਇਆ ਮੰਦਾ ਹਾਲ
ਇਨ੍ਹੀਂ ਦਿਨੀਂ ਅੱਤ ਦੀ ਗਰਮੀ ਤੇ ਹੁੰਮਸ ਕਾਰਨ ਲੋਕਾਂ ਦਾ ਜਿਊਣਾ ਵੈਸੇ ਹੀ ਔਖਾ ਹੋਇਆ ਪਿਆ ਹੈ ਤੇ ਉਪਰੋਂ ਪੀਣ ਵਾਲੇ ਪਾਣੀ ਤੋਂ ਬਿਨਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਲਾਕਾ ਵਾਸੀਆਂ ਸਤਨਾਮ, ਅਮਰੀਕ ਚੰਦ, ਜੋਗਿੰਦਰਪਾਲ, ਭੋਲੀ, ਗੀਤਾ ਤੇ ਹੋਰਨਾਂ ਨੇ ਮੰਗ ਕੀਤੀ ਹੈ ਕਿ ਪੰਚਾਇਤ ਤੇ ਸਰਪੰਚ ਇਸ ਪ੍ਰੇਸ਼ਾਨੀ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਤਾਂ ਜੋ ਇਲਾਕਾ ਵਾਸੀਆਂ ਨੂੰ ਇਸ ਮੁਸੀਬਤ ਤੋਂ ਰਾਹਤ ਮਿਲ ਸਕੇ। 
ਕੀ ਕਹਿਣਾ ਹੈ ਸਰਪੰਚ ਪਤੀ ਦਾ- ਜਦੋਂ ਇਸ ਬਾਰੇ ਨੰਗਲ ਸਲੇਮਪੁਰ ਦੀ ਸਰਪੰਚ ਦੇ ਪਤੀ ਰਾਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੋਟਰ ਦਾ ਕੁਨੈਕਸ਼ਨ ਬਕਾਇਆ ਬਿਜਲੀ ਦਾ ਬਿੱਲ ਅਦਾ ਨਾ ਕਰਨ ਕਾਰਨ ਕੱਟਿਆ ਹੈ ਤੇ ਅਸੀਂ ਜਲਦੀ ਹੀ ਪੈਸੇ ਇਕੱਠੇ ਕਰਕੇ ਬਿਜਲੀ ਦਾ ਬਿੱਲ ਅਦਾ ਕਰਾਂਗੇ ਤੇ ਇਸ ਸਮੱਸਿਆ ਦਾ ਹੱਲ ਕੱਢਾਂਗੇ। 


Related News