‘ਜਗ ਬਾਣੀ’ ’ਚ ਲੱਗੀ ਖਬਰ ਤੋਂ ਬਾਅਦ ਸਿਹਤ ਵਿਭਾਗ ਨੇ ਕੀਤਾ ਨੰਦਨਪੁਰ ਦਾ ਦੌਰਾ

08/10/2018 6:24:45 AM

ਜਲੰਧਰ,  (ਜ. ਬ.)—  ਪਿੰਡ ਨੰਦਨਪੁਰ ਦੇ ਬਦ ਤੋਂ ਬਦਤਰ ਹਾਲਾਤ ਤੋਂ ਤੰਗ ਹੋ ਕੇ ਪਿੰਡ  ਵਾਸੀਆਂ ਨੇ ਬੀਤੇ ਦਿਨੀਂ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ। ਪਿੰਡ ਨੰਦਨਪੁਰ  ਦੀਆਂ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਨੂੰ ‘ਜਗ ਬਾਣੀ’ ਵਲੋਂ ਪ੍ਰਮੁੱਖਤਾ ਨਾਲ ‘ਨੰਦਨਪੁਰ ’ਚ ਲੱਗੀ ਮੱਛਰਾਂ ਦੀ ਫੈਕਟਰੀ’ ਸਿਰਲੇਖ ਅਧੀਨ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ  ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਇਕ ਟੀਮ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ। 
ਡਾ.  ਸ਼ੋਭਿਤਾ ਕੱਕੜ ਅਧੀਨ ਪਹੁੰਚੀ ਟੀਮ ਨੇ ਪੂਰੇ ਪਿੰਡ ਦਾ ਜਾਇਜ਼ਾ ਲਿਆ ਤੇ ਲੋਕਾਂ ਨੂੰ  ਡੇਂਗੂ-ਮਲੇਰੀਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਹੀ ਪਿੰਡ ਵਾਸੀਆਂ ਦੇ ਖੂਨ ਦੇ  ਨਮੂਨੇ ਵੀ ਲਏ ਤੇ ਕੈਂਪ ਲਾਉਣ ਦਾ ਵਾਅਦਾ ਕੀਤਾ ਅਤੇ ਅੱਗੇ ਤੋਂ ਸਮੇਂ-ਸਮੇਂ ’ਤੇ ਪਿੰਡ  ਦਾ ਦੌਰਾ ਕਰਦੇ ਰਹਿਣ ਦਾ ਭਰੋਸਾ ਦਿੱਤਾ। 
ਹਾਲਾਂਕਿ ਪਿੰਡ ਵਿਚ ਗੰਦਗੀ ਦਾ ਆਲਮ ਜਿਉਂ  ਦਾ ਤਿਉਂ ਬਣਿਆ ਹੋਇਆ ਹੈ, ਕਿਉਂਕਿ ਨਿਕਾਸੀ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਤੇ  ਨਾਲੀਆਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ।  ਇਸ ਮੌਕੇ ਪਿੰਡ ਵਾਸੀਆਂ ਨੇ ਉਕਤ ਟੀਮ ਕੋਲ  ਗੁਹਾਰ ਲਈ ਕਿ ਉਹ ਉਕਤ ਪਿੰਡ ਦੀ ਸਮੱਸਿਆ  ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ  ਜਾਣਕਾਰੀ ਦੇਣ। 
ਉਕਤ ਟੀਮ ਵਿਚ  ਡਾ. ਸ਼ੋਭਿਤਾ ਦੇ ਇਲਾਵਾ ਬੀ. ਈ. ਈ. ਗਗਨਦੀਪ ਸਿੰਘ,  ਜਸਵੀਰ ਕੌਰ ਏ. ਐੱਨ. ਐੈੱਮ., ਕੇਵਲ ਰਾਮ ਐੱਸ. ਆਈ., ਦਰਸ਼ਨ ਭੱਟੀ ਐੱਸ. ਆਈ., ਰੇਸ਼ਮ  ਸਿੰਘ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ ਤੇ ਸੁਖਰਾਜ ਸਿੰਘ ਸ਼ਾਮਲ ਸਨ। 
 


Related News