ਫਿਲਮ ਅਭਿਨੇਤਾ ਨਾਨਾ ਪਾਟੇਕਰ ਵੱਲੋਂ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ ''ਤੇ ਸ਼ਰਧਾਂਜਲੀ ਭੇਟ

01/16/2018 7:15:33 AM

ਫਿਰੋਜ਼ਪੁਰ(ਕੁਮਾਰ)—ਫਿਲਮ ਅਭਿਨੇਤਾ ਨਾਨਾ ਪਾਟੇਕਰ ਅੱਜ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਬੀ. ਕੇ. ਦੱਤ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਸਮਾਰਕਾਂ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ੀਰੋ ਲਾਈਨ 'ਤੇ ਰੀਟ੍ਰੀਟ ਸੈਰੇਮਨੀ ਦੇਖੀ। ਰੀਟ੍ਰੀਟ ਸੈਰੇਮਨੀ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਪਰੇਡ ਦੇਖ ਕੇ ਨਾਨਾ ਪਾਟੇਕਰ ਇਸ ਕਦਰ ਭਾਵੁਕ ਹੋ ਗਏ ਕਿ ਉਨ੍ਹਾਂ ਨੇ ਖੜ੍ਹੇ ਹੋ ਕੇ ਦਰਸ਼ਕਾਂ ਨਾਲ ਹੂਟਿੰਗ ਕੀਤੀ ਅਤੇ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਦੇ ਨਾਅਰੇ ਲਾਏ। ਬੀ. ਐੱਸ. ਐੱਫ. ਦੇ ਜਵਾਨਾਂ ਦੀ ਸ਼ਾਨਦਾਰ ਪਰੇਡ ਤੋਂ ਪ੍ਰਭਾਵਿਤ ਹੋ ਕੇ ਨਾਨਾ ਪਾਟੇਕਰ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਫੋਰਸ 'ਤੇ ਅਤੇ ਜਵਾਨਾਂ 'ਤੇ ਮਾਣ ਹੈ ਅਤੇ ਜੋ ਛਾਤੀ ਤਾਣ ਕੇ ਦੇਸ਼ ਦੀਆਂ ਸਰਹੱਦਾਂ 'ਤੇ ਸਾਡੀ ਅਤੇ ਦੇਸ਼ ਦੀ ਰੱਖਿਆ ਕਰਦੇ ਹਨ। ਇਹ ਜਵਾਨ ਰਾਤਾਂ ਨੂੰ ਜਾਗਦੇ ਹਨ। ਇਨ੍ਹਾਂ ਦੀ ਬਦੌਲਤ ਅਸੀਂ ਤੇ ਸਾਡੇ ਪਰਿਵਾਰ ਰਾਤ ਨੂੰ ਸੌਂਦੇ ਹਨ। ਇਨ੍ਹਾਂ ਦੇ ਜਜ਼ਬੇ ਅਤੇ ਦੇਸ਼ ਭਗਤੀ ਨੂੰ ਮੇਰਾ ਸਲਾਮ ਹੈ। ਨਾਨਾ ਪਾਟੇਕਰ ਨੇ ਕਿਹਾ ਕਿ ਮੈਂ ਪਹਿਲੀ ਵਾਰ ਪੰਜਾਬ ਆਇਆ ਹਾਂ ਤੇ ਮੇਰਾ ਇਸ ਧਰਤੀ ਨੂੰ ਸਲਾਮ ਹੈ, ਜਿਸਨੇ ਦੇਸ਼ ਭਗਤ ਸਪੂਤ ਬਖਸ਼ੇ ਹਨ। ਇਹ ਸ਼ਹੀਦਾਂ ਦੀ ਧਰਤੀ ਹੈ ਤੇ ਧਰਤੀ ਨੂੰ ਮੈਂ ਨਮਨ ਕਰਦਾ ਹਾਂ। ਨਾਨਾ ਪਾਟੇਕਰ ਨੇ ਕਿਹਾ ਕਿ ਮੈਂ ਹੁਣ ਵਾਰ-ਵਾਰ ਪੰਜਾਬ ਆਵਾਂਗਾ। ਸ਼ਹੀਦ ਸਾਡਾ ਮਾਰਗ ਦਰਸ਼ਨ ਕਰਦੇ ਹਨ ਤੇ ਇਨ੍ਹਾਂ ਦੀ ਸ਼ਹਾਦਤ ਤੋਂ ਮੈਂ ਬਹੁਤ ਕੁਝ ਸਿੱਖਣਾ ਹੈ। ਸ਼ਹੀਦਾਂ ਦੇ ਕ੍ਰਾਂਤੀਕਾਰੀ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਦਿਆਂ ਨਾਨਾ ਪਾਟੇਕਰ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੀ ਸ਼ਹਾਦਤ ਦੇ ਕਰਜ਼ਦਾਰ ਹਾਂ। ਇਸ ਮੌਕੇ ਨਾਨਾ ਪਾਟੇਕਰ ਦੀ ਧਰਮ ਪਤਨੀ ਅਤੇ ਡੀ. ਜੀ. ਸੀਮਾ ਸੁਰੱਖਿਆ ਬਲ ਸ਼੍ਰੀ ਨਾਇਨ ਚੌਬੇ ਆਦਿ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਾਨਾ ਪਾਟੇਕਰ ਦੇ ਹੁਸੈਨੀਵਾਲਾ ਵਿਚ ਆਉਣ ਦੇ ਪ੍ਰੋਗਰਾਮ ਨੂੰ ਬੀ. ਐੱਸ. ਐੱਫ. ਨੇ ਪੂਰੀ ਤਰ੍ਹਾਂ ਗੁਪਤ ਰੱਖਿਆ ਸੀ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਨਾਨਾ ਪਾਟੇਕਰ ਨਾਲ ਫੋਟੋਜ਼ ਵੀ ਖਿੱਚੀਆਂ।


Related News