ਪਿੰਡ ਬਜੂਹਾ ''ਚ ਕੁੜੀ ਦੇ ਅਗਵਾ ਹੋਣ ਦੀ ਖ਼ਬਰ ਨੇ ਪਾਈਆਂ ਭਾਜੜਾਂ, ਸਕੂਲ ''ਚੋਂ ਹੀ ਮਿਲੀ

Monday, Jul 29, 2019 - 10:14 AM (IST)

ਪਿੰਡ ਬਜੂਹਾ ''ਚ ਕੁੜੀ ਦੇ ਅਗਵਾ ਹੋਣ ਦੀ ਖ਼ਬਰ ਨੇ ਪਾਈਆਂ ਭਾਜੜਾਂ, ਸਕੂਲ ''ਚੋਂ ਹੀ ਮਿਲੀ

ਨਕੋਦਰ (ਪਾਲੀ) - ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸ਼ਹਿਰਾਂ 'ਚ ਬੱਚਿਆਂ ਦੀ ਹੋ ਰਹੀ ਕਿਡਨੈਪਿੰਗ ਸਬੰਧੀ ਲੋਕਾਂ ਦੇ ਮਨਾਂ 'ਚ ਬਹੁਤ ਡਰ ਵੇਖਣ ਨੂੰ ਮਿਲ ਰਿਹਾ ਹੈ। ਪਟਿਆਲਾ-ਰਾਜਪੁਰਾ ਰੋਡ 'ਤੇ ਪਿੰਡ ਖੇੜੀ 'ਚ ਇਕ ਪਰਿਵਾਰ ਦੇ ਦੋ ਬੱਚਿਆਂ ਤੋਂ ਇਲਾਵਾ ਹੋਰ ਅਗਵਾ ਦੇ ਮਾਮਲੇ ਹੁਣ ਤੱਕ ਹੱਲ ਨਹੀਂ ਹੋਏ ਪਰ ਬੀਤੇ ਦਿਨ ਸ਼ਾਮ ਨੂੰ ਥਾਣਾ ਸਦਰ ਨਕੋਦਰ ਦੇ ਅਧੀਨ ਆਉਂਦੇ ਇਕ ਪਿੰਡ ਬਜੂਹਾ 'ਚ 9ਵੀਂ ਕਲਾਸ ਦੀ ਨਾਬਾਲਗ ਕੁੜੀ ਦੇ ਅਗਵਾ ਹੋਣ ਦੀ ਇਲਾਕੇ 'ਚ ਅੱਗ ਵਾਂਗ ਫੈਲੀ ਝੂਠੀ ਖ਼ਬਰ ਨੇ ਪੁਲਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਇਲਾਕੇ 'ਚ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ, ਸਦਰ ਥਾਣਾ ਮੁਖੀ ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਿੰਡ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਘਟਨਾ ਸਬੰਧੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਪਰਿਵਾਰ ਅਤੇ ਕੁਝ ਪਿੰਡ ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਪਿੰਡ 'ਚ ਫਿਰਦੇ ਭਗਵੇਂ ਕੱਪੜੇ ਵਾਲੇ ਵਿਅਕਤੀ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਜੰਡਿਆਲੇ ਵੱਲ ਨੂੰ ਲੈ ਗਏ। ਪਿੰਡ ਵਾਸੀਆਂ ਨੇ ਉਕਤ ਘਟਨਾ ਸਬੰਧੀ ਨਕੋਦਰ ਪੁਲਸ ਨੂੰ ਸੂਚਿਤ ਕਰਕੇ ਕੁੜੀ ਅਗਵਾ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾਅ ਦਿੱਤੀ। ਉਧਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਅਤੇ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਤੁਰੰਤ ਟੀਮਾਂ ਬਣਾ ਕੇ ਵੱਖ-ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕੀਤੀ ਅਤੇ ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ। ਸੀ. ਸੀ. ਟੀ. ਵੀ. ਫੁਟੇਜ 'ਚ ਕੁੜੀ ਇਕੱਲੀ ਆਪ ਪੈਦਲ ਜਾ ਰਹੀ ਸੀ, ਜਿਸ ਤੋਂ ਇਕ ਗੱਲ ਤਾਂ ਸਾਫ ਹੋ ਗਈ ਕਿ ਕੁੜੀ ਅਗਵਾ ਨਹੀਂ ਹੋਈ।

ਜਿਸ ਸਕੂਲ ਦੀ ਰਾਤ ਲਈ ਤਲਾਸ਼ੀ ਸਵੇਰੇ ਉਸੇ 'ਚੋਂ ਮਿਲੀ ਕੁੜੀ
ਪੁਲਸ ਨੇ ਉਕਤ ਕੁੜੀ ਨੂੰ ਲੱਭਣ ਦੀ ਦੇਰ ਰਾਤ ਤਕ ਕਾਫੀ ਕੋਸ਼ਿਸ਼ ਕੀਤੀ ਪਰ ਉਹ ਕਿੱਥੇ ਹੈ, ਇਸ ਸਬੰਧੀ ਕੁਝ ਪਤਾ ਨਹੀਂ ਲੱਗਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਪਿੰਡ ਦੇ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ। ਪੁਲਸ ਨੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਦੀਆਂ ਸ਼ੱਕੀ ਥਾਵਾਂ, ਆਸ-ਪਾਸ ਦੇ ਪਿੰਡਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਅਸਥਾਨਾਂ ਅਤੇ ਸਕੂਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਪਰ ਲੜਕੀ ਨਹੀਂ ਮਿਲੀ ਪਰ ਸਵੇਰੇ ਅਚਾਨਕ ਕਰੀਬ 7 ਵਜੇ ਕੁੜੀ ਪਿੰਡ ਦੇ ਸਕੂਲ 'ਚੋਂ ਲੱਭਣ ਨਾਲ ਪਰਿਵਾਰ ਅਤੇ ਪੁਲਸ ਪ੍ਰਸ਼ਾਸਨ ਦੇ ਸਾਹ 'ਚ ਸਾਹ ਆਇਆ।

ਆਖਿਰ ਸਕੂਲ ਵਿਚ ਕਿਵੇਂ ਪਹੁੰਚੀ ਕੁੜੀ?
ਲਾਪਤਾ ਨਾਬਾਲਗ ਕੁੜੀ ਮਿਲਣ ਨਾਲ ਪੁਲਸ ਨੂੰ ਭਾਵੇਂ ਕੁਝ ਰਾਹਤ ਜ਼ਰੂਰ ਮਿਲੀ ਪਰ ਮਾਮਲਾ ਗੰਭੀਰ ਤੇ ਹੋਰ ਗੁੰਝਲਦਾਰ ਬਣ ਗਿਆ। ਆਖਿਰ ਕੁੜੀ ਰਾਤ ਨੂੰ ਸਕੂਲ 'ਚ ਕਿਵੇਂ ਪਹੁੰਚੀ? ਕੌਣ ਰਾਤ ਨੂੰ ਕੁੜੀ ਨੂੰ ਛੱਡ ਕੇ ਗਿਆ? ਕਿੱਥੇ ਰਹੀ? ਜਦਕਿ ਰਾਤ ਨੂੰ ਪੁਲਸ ਅਤੇ ਪਿੰਡ ਵਾਸੀਆਂ ਨੇ ਉਕਤ ਸਕੂਲ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਸੀ। ਪੁਲਸ ਲਈ ਇਹ ਇਕ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੜਕੀ ਅਗਵਾ ਨਹੀਂ ਹੋਈ। ਇਹ ਸੀ. ਸੀ. ਟੀ. ਵੀ. ਫੁਟੇਜ ਤੋਂ ਸਾਫ ਹੋ ਗਿਆ ਹੈ। ਪੁਲਸ ਨੇ ਜਦੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਪੁੱਛਗਿੱਛ ਕੀਤੀ ਤਾਂ ਕੁੜੀ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਸੀ, ਜਿਸ ਕਾਰਨ ਘਟਨਾ ਸਬੰਧੀ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਕੁੜੀ ਦਾ ਮੈਡੀਕਲ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ।


author

rajwinder kaur

Content Editor

Related News