ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ, ਸਿਰਫ 35 ਫੀਸਦੀ ਤਕ ਰਹੀ ਹਾਜ਼ਰੀ

06/18/2023 7:15:36 PM

ਜਲੰਧਰ (ਨਰਿੰਦਰ ਮੋਹਨ) : ਇਕ ਵਾਰ ਫਿਰ ਤੋਂ ਨਾਇਬ ਤਹਿਸੀਲਦਾਰ ਦੇ ਅਹੁਦੇ ਲਈ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਕੇਂਦਰਾਂ ’ਚ ਪ੍ਰੀਖਿਆ ਹੋ ਹੀ ਗਈ। ਕੇਂਦਰਾਂ ਵਿਚ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਸਨ। ਇਕ-ਇਕ ਪ੍ਰੀਖਿਆਰਥੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਤੀਜੀ ਅੱਖ ਯਾਨੀ ਕਿ ਕੈਮਰਿਆਂ ਅਤੇ ਆਨਲਾਈਨ ਪ੍ਰਣਾਲੀ ਦੀ ਨਿਗਰਾਨੀ ਹੇਠ ਹੋਈ ਇਸ ਪ੍ਰੀਖਿਆ ’ਚ ਪ੍ਰੀਖਿਆਰਥੀਆਂ ਦੀ ਗਿਣਤੀ ਸਿਰਫ਼ 35 ਫੀਸਦੀ ਹੀ ਦਰਜ ਕੀਤੀ ਗਈ, ਜਦਕਿ ਨਾਇਬ ਤਹਿਸੀਲਦਾਰ ਦੇ 78 ਅਹੁਦਿਆਂ ਲਈ ਤਕਰੀਬਨ 70 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਸੀ। ਪ੍ਰੀਖਿਆ ਦਾ ਸਮਾਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸੀ ਪਰ ਰੋਲ ਨੰਬਰਾਂ ਅਨੁਸਾਰ ਉਮੀਦਵਾਰਾਂ ਨੂੰ ਸਵੇਰੇ 9 ਵਜੇ ਤੋਂ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖਿਆ ਪੱਤਰ, MSP ਦੀ ਗਾਰੰਟੀ ਸਣੇ ਚੁੱਕੇ ਕਈ ਮੁੱਦੇ

ਇਕ-ਇਕ ਵਿਦਿਆਰਥੀ ਦੇ ਅੰਗੂਠੇ ਦੇ ਨਿਸ਼ਾਨ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਲਏ ਗਏ। ਪ੍ਰੀਖਿਆਰਥੀ ਦੇ ਕੇਂਦਰ ਵਿਚ ਦਾਖ਼ਲ ਹੁੰਦਿਆਂ ਹੀ ਉਸ ਦੇ ਐਡਮਿਟ ਕਾਰਡ ਦੇ ਨਾਲ ਉਸ ਦੇ ਚਿਹਰੇ ਦੀ ਫੋਟੋ ਲਈ ਜਾ ਰਹੀ ਸੀ, ਜੋ ਨਾਲ-ਨਾਲ ਪੀ. ਪੀ. ਐੱਸ. ਸੀ. ਦੇ ਪੋਰਟਲ ’ਤੇ ਜਾ ਰਹੀ ਸੀ। ਇਸ ਤੋਂ ਪਹਿਲਾਂ ਖੋਜੀ ਕੁੱਤਿਆਂ ਤੋਂ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕਰਵਾਇਆ ਗਿਆ। ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਇਕ-ਇਕ ਪ੍ਰੀਖਿਆਰਥੀ ਦੀ ਵੀਡੀਓਗ੍ਰਾਫੀ ਹੋ ਰਹੀ ਸੀ। 200 ਪ੍ਰੀਖਿਆਰਥੀਆਂ ’ਤੇ ਇਕ ਵੀਡੀਓਗ੍ਰਾਫਰ ਤਾਇਨਾਤ ਕੀਤਾ ਸੀ, ਜੋ ਵਿਦਿਆਰਥੀਆਂ ਦੀ ਹਰ ਹਰਕਤ ਨੂੰ ਰਿਕਾਰਡ ਕਰ ਰਿਹਾ ਸੀ। ਪ੍ਰੀਖਿਆਰਥੀ ਦੇ ਨਾਲ-ਨਾਲ ਪ੍ਰੀਖਿਆ ਦੇਣ ਵਾਲੇ ਸਟਾਫ਼ ਅਤੇ ਆਬਜ਼ਰਵਰ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਗਈ। ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਪੈਕੇਟ ਖੋਲ੍ਹਣ ਅਤੇ ਬੰਦ ਹੋਣ ਨੂੰ ਵੀ ਰਿਕਾਰਡ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : 500 ਰੁਪਏ ਦੇ ਨੋਟ ਗ਼ਾਇਬ ਹੋਣ ਦੀਆਂ ਰਿਪੋਰਟਾਂ ਦਰਮਿਆਨ RBI ਦਾ ਵੱਡਾ ਬਿਆਨ, ਕਹੀ ਇਹ ਗੱਲ

ਪੀ. ਪੀ. ਐੱਸ. ਸੀ. ਵੱਲੋਂ ਤਿੰਨ ਪਰਤ ਵਾਲੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਵਰਣਨਯੋਗ ਹੈ ਕਿ ਨਾਇਬ ਤਹਿਸੀਲਦਾਰ ਦੀ ਹੋਣ ਵਾਲੀ ਇਸ ਪ੍ਰੀਖਿਆ ਨੇ ਤੀਸਰੀ ਸਰਕਾਰ ਦੇਖ ਲਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਹੋਏ ਸਨ। ਬਾਅਦ ਵਿਚ ਇਹ ਪ੍ਰੀਖਿਆ ਕੋਰੋਨਾ ਪੀਰੀਅਡ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੀ ਬਣੀ ਤਾਂ ਉਸ ਸਮੇਂ ਦੌਰਾਨ ਵੀ ਪ੍ਰੀਖਿਆ ਨਹੀਂ ਕਰਵਾਈ ਜਾ ਸਕੀ। ਹੁਣ ਭਗਵੰਤ ਮਾਨ ਦੀ ਤੀਜੀ ਸਰਕਾਰ ਹੈ, ਜਿਸ ਨੇ ਦੂਜੀ ਵਾਰ ਇਹ ਇਮਤਿਹਾਨ ਲਿਆ ਹੈ। 21 ਸਾਲਾਂ ਬਾਅਦ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ ਹੋਈ ਹੈ। ਪਿਛਲੀ ਵਾਰ ਇਹ ਪ੍ਰੀਖਿਆ ਪਿਛਲੇ ਸਾਲ 22 ਮਈ ਨੂੰ ਇਸ ਸਰਕਾਰ ਵੇਲੇ ਹੋਈ ਸੀ ਪਰ ਧਾਂਦਲੀ ਦੇ ਚੱਲਦਿਆਂ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਅੱਜ ਹੋਈ ਪ੍ਰੀਖਿਆ ਵਿਚ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਰਹੀ। ਔਸਤਨ 35 ਫ਼ੀਸਦੀ ਪ੍ਰੀਖਿਆਰਥੀ ਹੀ ਹਾਜ਼ਰ ਹੋਏ।


Manoj

Content Editor

Related News