ਨਡਾਲਾ ''ਚ ਸਿਖਰ ਦੁਪਹਿਰੇ ਹੋਈ ਚੋਰੀ, ਲੱਖਾਂ ਦਾ ਸਾਮਾਨ ਚੋਰੀ

10/12/2017 6:53:43 AM

ਨਡਾਲਾ, (ਸੁਖਜਿੰਦਰ)- ਕਸਬਾ ਨਡਾਲਾ ਦੇ ਸੁਭਾਨਪੁਰ ਰੋਡ 'ਤੇ ਪੈਂਦੀ ਲਕਸ਼ਮੀ ਕਾਲੋਨੀ ਵਿਚ ਚੋਰਾਂ ਨੇ ਸਿਖਰ ਦੁਪਹਿਰੇ ਚੋਰੀ ਨੂੰ ਅੰਜਾਮ ਦਿੰਦੇ ਹੋਏ ਕਰੀਬ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ, ਜਿਸ ਵਿਚ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਸ਼ਾਮਲ ਹੈ।
 ਇਸ ਸਬੰਧੀ ਨਡਾਲਾ ਵਾਸੀ ਕੁਲਦੀਪ ਸਿੰਘ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀ ਦੁਕਾਨ 'ਤੇ ਚਲਾ ਗਿਆ ਸੀ। ਦੁਪਹਿਰ ਕਰੀਬ ਦੋ ਵਜੇ ਉਸ ਦੀ ਪਤਨੀ ਬਲਵਿੰਦਰ ਕੌਰ ਘਰ ਨੂੰ ਤਾਲੇ ਲਾ ਕੇ ਨਡਾਲਾ ਅੱਡੇ ਤੋਂ ਦਵਾਈ ਲੈਣ ਆ ਗਈ। ਕਰੀਬ ਪੌਣੇ ਘੰਟੇ ਬਾਅਦ ਜਦ ਉਹ ਵਾਪਸ ਘਰ ਪਰਤੀ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ਉਸ ਦੀ ਪਤਨੀ ਨੇ ਤੁਰੰਤ ਉਸ ਨੂੰ ਫੋਨ ਕੀਤਾ, ਜਦ ਉਨ੍ਹਾਂ ਘਰ ਦੇ ਅੰਦਰ ਦੇਖਿਆ ਤਾਂ ਸਟੋਰ ਵਿਚ ਪਈਆਂ ਦੋ ਅਲਮਾਰੀਆ ਨੂੰ ਤੋੜ ਕੇ ਉਨ੍ਹਾਂ ਵਿਚਲਾ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ, ਜਦ ਉਨ੍ਹਾਂ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਘਰ ਦੀਆਂ ਅਲਮਾਰੀਆ 'ਚੋਂ ਦੋ ਸੋਨੇ ਦੇ ਕੜੇ, ਇਕ ਵਾਲੀਆਂ ਦਾ ਸੈੱਟ ਤੇ ਚੂੜੀਆਂ ਸਮੇਤ ਛੇ ਤੋਲੇ ਸੋਨੇ ਦੇ ਗਹਿਣੇ, 22 ਹਜ਼ਾਰ 8 ਸੌ ਰੁਪਏ ਦੀ ਨਕਦੀ, ਛੇ ਸੌ ਰੁਪਏ ਦੇ ਸਿੱਕੇ ਤੇ ਕੀਮਤੀ ਘੜੀਆਂ ਚੋਰੀ ਹੋ ਗਈਆਂ ਸਨ। ਇਸ ਘਟਨਾ ਦੀ ਸੂਚਨਾ ਤੁਰੰਤ ਨਡਾਲਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਮੌਕਾ ਦੇਖ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News