ਨਾਭਾ : ਪੁੱਤਰ ਬਣਿਆ ਜ਼ਾਲਮ, ਬਜ਼ੁਰਗ ਮਾਂ ਨੂੰ ਮਾਰੀਆਂ ਸੱਟਾਂ

Saturday, Sep 28, 2019 - 06:49 PM (IST)

ਨਾਭਾ : ਪੁੱਤਰ ਬਣਿਆ ਜ਼ਾਲਮ, ਬਜ਼ੁਰਗ ਮਾਂ ਨੂੰ ਮਾਰੀਆਂ ਸੱਟਾਂ

ਨਾਭਾ (ਰਾਹੁਲ ਖੁਰਾਣਾ) : ਜਿਹੜੀ ਮਾਂ ਅਪਣੇ ਬੱਚੇ ਨੂੰ 1 ਮਿੰਟ ਦੁਖੀ ਦੇਖਣਾ ਨਹੀਂ ਸੀ ਚਾਹੁੰਦੀ, ਹੁਣ ਓਹੀ ਬੱਚਾ ਵੱਡਾ ਹੋ ਕੇ ਆਪਣੀ ਮਾਂ ਨੂੰ ਕੁੱਟਮਾਰ ਕੇ ਉਸ ਨੂੰ ਪਸ਼ੂਆ ਵਾਲੇ ਕਮਰੇ ਵਿਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਵਿਧਵਾ ਔਰਤ ਕਮਲੇਸ਼ ਕੌਰ ਨੇ ਅਪਣੇ ਲੜਕੇ 'ਤੇ ਕੁੱਟ-ਮਾਰ ਕਰਨ ਅਤੇ ਘਰੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਪੀੜਤ ਔਰਤ ਦੇ ਲੜਕੇ, ਨੂੰਹ ਅਤੇ ਪਿੰਡ ਦੇ ਚਾਰ ਹੋਰ ਨੌਜਵਾਨਾਂ ਵੱਲੋਂ ਬਜ਼ੁਰਗ ਔਰਤ ਨੂੰ ਲੱਤਾ ਤੇ ਲੋਹੇ ਦੀਆਂ ਪੱਤੀਆ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਪੀੜਤ ਔਰਤ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ।

PunjabKesari

ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੇ ਲੜਕੇ ਅਤੇ ਨੂੰਹ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਉਹ ਪਸ਼ੂਆ ਵਾਲੇ ਕਮਰੇ ਵਿਚ ਰਹਿ ਰਹੀ ਹੈ ਅਤੇ ਪਸ਼ੂਆਂ ਦੀ ਦੇਖ ਭਾਲ ਕਰਕੇ ਉਨ੍ਹਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੀ ਹੈ ਪਰ ਪੀੜਤ ਔਰਤ ਦਾ ਲੜਕਾ ਹੁਣ ਪਸ਼ੂਆਂ ਨੂੰ ਵੇਚਣਾ ਚਾਹੁੰਦਾ ਹੈ। ਇਸ ਮੌਕੇ ਪੀੜਤ ਔਰਤ ਦੀ ਲੜਕੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਸੀ ਕਿ ਤੁਹਾਡੀ ਮਾਤਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਉਥੇ ਪਹੁੰਚੀ ਅਤੇ ਆਪਣੀ ਮਾਂ ਨੂੰ ਹਪਸਤਾਲ ਦਾਖਲ ਕਰਾਇਆ। ਲੜਕੀ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਹੈ ਮੇਰੀ ਮਾਂ ਨੂੰ ਉਨ੍ਹਾਂ ਦਾ ਘਰ ਮਿਲਣਾ ਚਾਹੀਦਾ ਹੈ।

ਇਸ ਮੌਕੇ 'ਤੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕੀ ਬਜ਼ੁਰਗ ਮਾਤਾ ਦੀਆਂ ਲੱਤਾਂ 'ਤੇ ਸੱਟਾਂ ਮਾਰੀਆਂ ਗਈਆਂ ਹਨ। ਇਸ ਮੌਕੇ 'ਤੇ ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

cherry

Content Editor

Related News