ਨਾਭਾ ਸਕਿਓਰਟੀ ਜੇਲ੍ਹ ’ਚ ਮੋਬਾਈਲ ਸਪਲਾਈ ਕਰਨ ਵਾਲਾ ਥਾਣੇਦਾਰ ਗ੍ਰਿਫ਼ਤਾਰ

06/19/2021 10:37:41 PM

ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚ ਮੋਬਾਈਲ ਸਪਲਾਈ ਕਰਨ ਵਾਲਾ ਇਕ ਥਾਣੇਦਾਰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪੈਸੇ ਲੈ ਕੇ ਮੋਬਾਈਲ ਕੈਦੀਆਂ ਨੂੰ ਸਪਲਾਈ ਕਰਦਾ ਸੀ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕੈਦੀਆਂ/ਹਵਾਲਾਤੀਆਂ ਪਾਸੋਂ ਮੋਬਾਈਲ, ਚਾਰਜਰ ਅਤੇ ਸਿਮ ਬਰਮਾਦ ਹੋ ਰਹੇ ਹਨ। ਹੁਣ ਜੇਲ੍ਹ ਦੇ ਇਕ ਕੈਦੀ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬੱਲਮਗੜ੍ਹ (ਸਮਾਣਾ) ਪਾਸੋਂ ਦੋ ਮੋਬਾਈਲ ਬਰਾਮਦ ਕੀਤੇ ਗਏ, ਜਿਸ ਸੰਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਸ ਨੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ। ਕੈਦੀ ਨੂੰ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਆਈ. ਆਰ. ਬੀ. ਦੇ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਨੇ ਮੋਬਾਈਲ ਸਪਲਾਈ ਕੀਤੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਥਾਣੇਦਾਰ ਨੇ ਮੰਨਿਆ ਕਿ ਉਸ ਨੇ ਕੈਦੀ ਕਰਮਜੀਤ ਸਿੰਘ ਦੇ ਕਿਸੇ ਜਾਣਕਾਰ ਪਾਸੋਂ 7 ਹਜ਼ਾਰ ਰੁਪਏ ਬਤੌਰ ਰਿਸ਼ਵਤ ਰਾਹੀਂ ਗੁਗਲ ਪੇਅ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਏ ਸਨ। ਪੁਲਸ ਨੇ ਇਸ ਥਾਣੇਦਾਰ ਤੋਂ ਪੰਜ ਮੋਬਾਈਲ ਫੋਨ ਸਮੇਤ ਸਿਮ ਕਾਰਡ ਅਤੇ ਇਕ ਹੋਰ ਮੋਬਾਈਲ ਫੋਨ ਅਤੇ ਚਾਰਜਰ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ : ਖੰਨਾ ’ਚ ਗੁਰਦੁਆਰਾ ਮੰਜੀ ਸਾਹਿਬ ਨੇੜੇ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਡੀ. ਐਸ. ਪੀ. ਰਾਜੇਸ਼ ਨੇ ਅੱਗੇ ਦੱਸਿਆ ਕਿ ਕੈਦੀ ਕਰਮਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਵਿਚੋਂ ਹਿਰਾਸਤ ਵਿਚ ਲੈ ਕੇ ਹੋਰ ਪੜਤਾਲ ਲਈ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਥਾਣੇਦਾਰ ਦਾ ਵੀ ਪੁਲਸ ਰਿਮਾਂਡ ਲਿਆ ਗਿਆ ਹੈ। ਹੁਣ ਦੋਵਾਂ ਨੂੰ ਆਹਮੋ- ਸਾਹਮਣੇ ਕਰਕੇ ਪੁਲਸ ਟੀਮ ਡੂੰਘਾਈ ਨਾਲ ਪੜਤਾਲ ਕਰੇਗੀ ਕਿ ਜੇਲ੍ਹ ਦੀਆਂ ਬੈਰਕਾਂ/ਚੱਕੀਆਂ ਵਿਚ ਮੋਬਾਈਲ ਕਿਵੇਂ ਸਪਲਾਈ ਹੁੰਦੇ ਰਹੇ ਹਨ। ਸੂਤਰਾਂ ਅਨੁਸਾਰ ਜੇਲ੍ਹ ਦੇ ਕੁੱਝ ਕਰਮਚਾਰੀ ਵੀ ਇਸ ਸਕੈਂਡਲ ਵਿਚ ਸ਼ਾਮਲ ਹਨ। ਪੁਲਸ ਨੇ 7 ਰਿਸ਼ਵਤ ਰੋਕਥਾਮ ਐਕਟ 1988 ਅਧੀਨ ਮਾਮਲਾ ਦਰਜ ਕਰ ਲਿਆ ਹੈ। ਡੀ. ਐਸ. ਪੀ. ਨੇ ਖੂਫ਼ੀਆ ਤਰੀਕੇ ਨਾਲ ਮੋਬਾਈਲਾਂ ਦੀ ਸਪਲਾਈ ਦਾ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖਣਾ ਹੈ ਕਿ ਪੁਲਸ ਰਿਮਾਂਡ ਦੌਰਾਨ ਹੋਰ ਕਿਹੜੇ ਅਹਿਮ ਖੁਲਾਸੇ ਹੁੰਦੇ ਹਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਵੱਡੀ ਹਲਚਲ, ਪੁਲਸ ਤਾਇਨਾਤ

ਕੁੱਝ ਅਰਸਾ ਪਹਿਲਾਂ ਐੱਸ. ਐੱਸ. ਪੀ. ਮਨਦੀਪ ਸਿੰਘ ਨੇ ਵੀ ਕੁੱਝ ਜੇਲ੍ਹ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਜੇਲ੍ਹ ਅੰਦਰ ਨਸ਼ਾ ਤੇ ਮੋਬਾਈਲ ਸਪਲਾਈ ਕਰਦੇ ਸਨ। ਹੁਣ ਜੇਕਰ ਉਚ ਪੱਧਰੀ ਜਾਂਚ ਟੀਮ ਦਾ ਗਠਨ ਕੀਤਾ ਜਾਵੇ ਤਾਂ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ ਕਿਉਂਕਿ ਇਸ ਜੇਲ੍ਹ ਨੂੰ ਗੈਂਗਸਟਰ ਤੇ ਅੱਤਵਾਦੀ ਹਮੇਸ਼ਾ ਹੀ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਦੇ ਰਹੇ ਹਨ। ਇਸ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ, ਕਾਲਾ ਧਨੌਲਾ, ਵਿੱਕੀ ਗੌਂਡਰ, ਹਰਮਿੰਦਰ ਮਿੰਟੂ ਤੇ ਰਾਜੀਵ ਰਾਜਾ ਸਮੇਤ ਅਨੇਕਾਂ ਵੱਡੇ-ਵੱਡੇ ਗੈਂਗਸਟਰ ਸਮੇਂ-ਸਮੇਂ ਸਿਰ ਚੱਕੀਆਂ ਵਿਚ ਬੰਦ ਰਹੇ ਹਨ ਅਤੇ ਜੇਲ੍ਹ ਵਿਚ ਉਨ੍ਹਾਂ ਦਾ ਹੁਕਮ ਚੱਲਦਾ ਰਿਹਾ ਹੈ। ਪਹਿਲੀ ਵਾਰ ਖ਼ਤਰਨਾਕ ਅੱਤਵਾਦੀ ਦਯਾ ਸਿੰਘ ਲਾਹੌਰੀਆ ਪਾਸੋਂ ਸਤੰਬਰ 2006 ਵਿਚ ਮੋਬਾਈਲ ਬਰਾਮਦ ਹੋਇਆ ਸੀ।

ਇਹ ਵੀ ਪੜ੍ਹੋ : ਕੈਪਟਨ ਦੇ ਗੜ੍ਹ ’ਚ ਨਵਜੋਤ ਸਿੱਧੂ ਦੀ ਦਹਾੜ, ਇਕ ਵਾਰ ਫਿਰ ਚੁੱਕੇ ਵੱਡੇ ਸਾਲ

ਫਿਰ 27 ਨਵੰਬਰ 2016 ਵਿਚ ਜੇਲ੍ਹ ਬ੍ਰੇਕ ਹੋਈ ਸੀ ਪਰ ਕਦੇ ਵੀ ਗ੍ਰਹਿ ਮੰਤਰਾਲੇ ਤੇ ਜੇਲ੍ਹ ਵਿਭਾਗ ਨੇ ਮੋਬਾਈਲਾਂ ਦੀ ਬਰਾਮਦਗੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਲਈ ਕਦਮ ਚੁੱਕੇ ਜਾਣ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਮੋਬਾਈਲਾਂ ਦੀ ਸਪਲਾਈ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕਰਕੇ ਇਨ੍ਹਾਂ ਦੀ ਸਿਆਸੀ ਪਨਾਹ ਬਾਰੇ ਵੀ ਪੜਤਾਲ ਕਰਵਾਈ ਜਾਵੇ।

ਇਹ ਵੀ ਪੜ੍ਹੋ : ਚੋਣਾਂ ਵਾਲੇ ਸਾਲ ’ਚ ਪ੍ਰਧਾਨ ਬਦਲਿਆ ਤਾਂ ਕਾਂਗਰਸ ਦੀ ਵੱਧ ਸਕਦੀ ਹੈ ਮੁਸ਼ਕਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News