ਨਾਭਾ ਜੇਲ ਕਾਂਡ ''ਚ ਕਾਂਗਰਸੀ ਕੌਂਸਲਰ ਦਾ ਪਤੀ ਗੈਂਗਸਟਰ ਸੇਖੋਂ ਦਾ ਕਰੀਬੀ ਗ੍ਰਿਫਤਾਰ (ਵੀਡੀਓ)

12/04/2016 1:00:27 PM

ਪਟਿਆਲਾ (ਬਲਜਿੰਦਰ, ਭੁਪਿੰਦਰ ਭੂਪਾ, ਜਗਨਾਰ) : ਮੈਕਸੀਮਮ ਸਕਿਓਰਿਟੀ ਜੇਲ ਨਾਭਾ ਨੂੰ ਤੋੜ ਕੇ 6 ਅਪਰਾਧੀਆਂ ਨੂੰ ਭਜਾਉਣ ਦੇ ਮਾਮਲੇ ਵਿਚ ਪਟਿਆਲਾ ਪੁਲਸ ਨੇ ਮੁੱਦਕੀ ਦੀ ਕਾਂਗਰਸੀ ਕੌਂਸਲਰ ਦੇ ਪਤੀ ਬਿੱਕਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਬਿੱਕਰ ਸਿੰਘ ਫਰਾਰ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਭੱਠੇ ''ਤੇ ਬਤੌਰ ਮੁਨਸ਼ੀ ਵੀ ਕੰਮ ਕਰਦਾ ਹੈ। ਉਸ ਤੋਂ ਇਕ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਹੈ। ਬਿੱਕਰ ਸਿੰਘ ਨੂੰ ਪਟਿਆਲਾ ਅਤੇ ਫਿਰੋਜ਼ਪੁਰ ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਵਿਚ ਗ੍ਰਿਫਤਾਰ ਕੀਤਾ ਹੈ। ਇਸ ਦੀ ਪੁਸ਼ਟੀ ਦੇਰ ਸ਼ਾਮ ਐੈੱਸ. ਪੀ. ਡੀ. ਪਟਿਆਲਾ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਸੀ. ਆਈ. ਏ. ਸਟਾਫ ਪਟਿਆਲਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੈੱਸ. ਪੀ. ਵਿਰਕ, ਡੀ. ਐੈੱਸ. ਪੀ. ਡੀ. ਪਰਮਿੰਦਰ ਸਿੰਘ ਬਾਠ ਅਤੇ ਡੀ. ਐੈੱਸ. ਪੀ. ਨਾਭਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਾਭਾ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਬਿੱਕਰ ਸਿੰਘ ਨੂੰ 7 ਦਸੰਬਰ ਤੱਕ ਪੁਲਸ ਰਿਮਾਂਡ ''ਤੇ ਭੇਜ ਦਿੱਤਾ ਹੈ। ਐੈੱਸ. ਪੀ. ਵਿਰਕ ਨੇ ਦੱਸਿਆ ਕਿ ਬਿੱਕਰ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਦੋ ਅੱਤਵਾਦੀਆਂ ਅਤੇ ਚਾਰ ਗੈਂਗਸਟਰਾਂ ਨੂੰ ਜੇਲ ਤੋੜ ਕੇ ਭਜਾਉਣ ਵਾਲਿਆਂ ਵਿਚ ਸ਼ਾਮਲ ਹੈ। ਕਿਸ ਤਰ੍ਹਾਂ ਜੇਲ ਤੋੜਨ ਦੀ ਯੋਜਨਾ ਬਣਾਈ ਗਈ ਅਤੇ ਉਹ ਕਿਸ ਤਰ੍ਹਾਂ ਪਹੁੰਚੇ ਆਦਿ ਬਾਰੇ ਪੁਲਸ ਨੇ ਕੋਈ ਖੁਲਾਸਾ ਨਹੀਂ ਕੀਤਾ।
ਅਪਰਾਧੀਆਂ ਨੂੰ ਮੁਹੱਈਆ ਕਰਵਾਉਂਦਾ ਸੀ ਸੇਫ ਥਾਂ
ਪੁਲਸ ਦੇ ਮੁਤਾਬਕ ਬਿੱਕਰ ਸਿੰਘ ਅਪਰਾਧੀਆਂ ਨੂੰ ਭੱਠੇ ''ਤੇ ਸੇਫ ਥਾਂ ਮੁਹੱਈਆ ਕਰਵਾਉਂਦਾ ਅਤੇ ਉਨ੍ਹਾਂ ਦੀ ਮਦਦ ਵੀ ਕਰਦਾ ਸੀ। ਇੰਨਾ ਹੀ ਨਹੀਂ ਜਦੋਂ ਵੀ ਗੈਂਗਸਟਰ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਆਉਂਦੇ ਸਨ ਤਾਂ ਉਨ੍ਹਾਂ ਨੂੰ ਇਥੇ ਛੁਪਾ ਕੇ ਉਨ੍ਹਾਂ ਦੀ ਦੇਖ-ਰੇਖ ਵੀ ਕਰਦਾ ਸੀ। ਪੁਲਸ ਮੁਤਾਬਕ ਬਿੱਕਰ ਸਿੰਘ ਵੀ ਕਈ ਵਾਰਦਾਤਾਂ ''ਚ ਸ਼ਾਮਲ ਰਿਹਾ ਹੈ। ਹਾਲਾਂਕਿ ਕਿ ਇਹ ਨਹੀਂ ਦੱਸਿਆ ਕਿ ਉਸ ''ਤੇ ਕਿੰਨੇ ਕੇਸ ਦਰਜ ਹਨ। ਨਾਭਾ ਜੇਲ ਤੋੜਨ ਤੋਂ ਪਹਿਲਾਂ ਵੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਛੁਡਾਉਣ ਦੇ ਮਾਮਲੇ ਤੱਕ ਸਾਰੀ ਕਾਰਵਾਈ ਵਿਚ ਬਿੱਕਰ ਸਿੰਘ ਸ਼ਾਮਲ ਹੈ।


Gurminder Singh

Content Editor

Related News