ਗੈਂਗਸਟਰਾਂ ਨੂੰ ਪਨਾਹ ਦੇਣ ਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਜਤਿੰਦਰ ਟੋਨੀ ਤੇ ਹਰਵਿੰਦਰ ਸੋਨਾ ਗ੍ਰਿਫਤਾਰ

09/21/2017 3:07:57 PM

ਪਟਿਆਲਾ (ਬਲਜਿੰਦਰ) — ਨਾਭਾ ਜੇਲ ਬ੍ਰੇਕ ਮਾਮਲੇ 'ਚ ਪਟਿਆਲਾ ਪੁਲਸ ਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਇੰਟੈਲੀਜੈਂਸ ਵਿੰਗ ਪੰਜਾਬ-ਚੰਡੀਗੜ੍ਹ ਨੇ ਜੁਆਇੰਟ ਆਪਰੇਸ਼ਨ 'ਚ ਉਤਰ ਪ੍ਰਦੇਸ਼ ਦੇ ਰਹਿਣ ਵਾਲੇ 2 ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਨਾਂ 'ਤੇ ਗੈਂਗਸਟਰਾਂ ਨੂੰ ਪਨਾਹ ਦੇਣ ਤੇ ਹਥਿਆਰਾਂ ਦਾ ਪ੍ਰਬੰਧ ਕਰਕੇ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਦੋਨਾਂ ਨੂੰ ਐੱਸ. ਪੀ. (ਡੀ.) ਹਰਵਿੰਦਰ ਸਿੰਘ ਵਿਰਕ, ਡੀ. ਐੱਸ. ਪੀ.(ਡੀ.) ਸੁਖਮਿੰਦਰ ਸਿੰਘ ਚੌਹਾਨ ਤੇ ਸੀ. ਆਈ. ਏ. ਸਟਾਫ ਪਟਿਆਲਾ-2 ਦੇ ਇੰਚਾਰਜ ਇੰਸਪੈਕਟਰ ਬ੍ਰਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਨਾਂ ਦੀ ਗ੍ਰਿਫਤਾਰੀ 'ਚ ਉਤਰ ਪ੍ਰਦੇਸ਼ ਦੇ ਇੰਟੈਲੀਜੈਂਸ ਵਿੰਗ ਨੇ ਵੀ ਸਹਿਯੋਗ ਕੀਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਟੋਨੀ ਨੂੰ ਉਸ ਦੇ ਪਿੰਡ ਗਰਾਟ ਨੰ. 3 ਡਾਕਖਾਨਾ ਹਿੰਦੂਸਤਾਨ ਫਾਰਮ ਥਾਣਾ ਮੈਲਾਨੀ ਜ਼ਿਲਾ ਲਖੀਮਪੁਰ ਖੀਰੀ ਉਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਦਾ ਦਾਅਵਾ ਹੈ ਕਿ ਜਤਿੰਦਰ ਸਿੰਘ ਟੋਨੀ ਲਾਡਾ ਨੂੰ ਪਿਛਲੇ ਢਾਈ ਸਾਲਾ ਤੋਂ ਜਾਣਦਾ ਸੀ। ਲਾਡਾ ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਅਦ ਜਤਿੰਦਰ ਕੋਲ ਚਲਾ ਜਾਂਦਾ ਸੀ। ਉਥੇ ਕਈ ਦਿਨ ਰਹਿ ਕੇ ਫਿਰ ਵਾਪਸ ਪੰਜਾਬ ਆ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਪੁਲਸ ਮੁਤਾਬਕ ਟੋਨੀ ਨੇ ਗੁਰਜੀਤ ਲਾਡਾ ਨੂੰ ਨਾਭਾ ਜੇਲ ਬ੍ਰੇਕ ਕਾਂਡ ਦੇ ਸਮੇਂ ਹਥਿਆਰ ਤੇ ਬਾਰੂਦ ਦਾ ਪ੍ਰਬੰਧ ਕਰਕੇ ਦਿੱਤਾ ਸੀ। ਇਸ ਮਾਮਲੇ 'ਚ ਦੂਜੇ ਵਿਅਕਤੀ ਹਰਵਿੰਦਰ ਸਿੰਘ ਉਰਫ ਸੋਨਾ ਫੰਡ ਕਸੇਲ ਨਿਵਾਸੀ ਢੰਡ ਥਾਣਾ ਸਰਾਇ ਅਮਾਨਤ ਖਾਨ ਜ਼ਿਲਾ ਤਰਨਤਾਰਨ ਨੂੰ ਇਸਪੈਕਟਰ ਬਰਾੜ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਜ਼ੀਰਕਪੁਰ ਫਲਾਈਓਵਰ ਤੋਂ ਗ੍ਰਿਫਤਾਰ ਕਰ ਕੇ ਉਸ ਤੋਂ 32 ਬੋਰ ਦੀ ਇਕ ਪਿਸਤੌਲ, ਚਾਰ ਕਾਰਤੂਸ ਬਰਾਮਦ ਕੀਤੇ ਹਨ। ਦੋਨਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ।


Related News